Controversial Movies: Pathaan ਤੋਂ ਲੈ ਕੇ Animal ਤਕ, 2023 ਦੇ ਉਹ ਵਿਵਾਦ ਜਿਨ੍ਹਾਂ ਨੇ ਮਨੋਰੰਜਨ ਜਗਤ ਨੂੰ ਹਿਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਇਹ ਵਿਵਾਦ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਪਠਾਨ’ ਦੇ ਗਾਣੇ ‘ਬੇਸ਼ਰਮ ਰੰਗ’ ਤੋਂ ਸ਼ੁਰੂ ਹੋ ਕੇ ਅਦਾਕਾਰ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਤਕ ਗਏ,

File Photo

ਹਰ ਸਾਲ ਦੀ ਤਰ੍ਹਾਂ 2023 ’ਚ ਵੀ ਕਈ ਵਿਵਾਦ ਪੈਦਾ ਹੋਏ। ਇਹ ਵਿਵਾਦ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ‘ਪਠਾਨ’ ਦੇ ਗਾਣੇ ‘ਬੇਸ਼ਰਮ ਰੰਗ’ ਤੋਂ ਸ਼ੁਰੂ ਹੋ ਕੇ ਅਦਾਕਾਰ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਤਕ ਗਏ, ਜਿਸ ’ਚ ਉਨ੍ਹਾਂ ਨੇ ‘ਅਲਫਾ ਮੇਲ’ ਦਾ ਕਿਰਦਾਰ ਨਿਭਾਇਆ ਸੀ। ਇਨ੍ਹਾਂ ਦੋਹਾਂ ਫਿਲਮਾਂ ਨੇ ਨਾ ਸਿਰਫ ਸੁਰਖੀਆਂ ਬਟੋਰੀਆਂ ਬਲਕਿ ਕਾਫੀ ਪੈਸਾ ਵੀ ਕਮਾਇਆ। ਇਨ੍ਹਾਂ ਵਿਵਾਦਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ: 

1. ‘ਪਠਾਨ’: ਹਿੰਦੀ ਫਿਲਮ ਇੰਡਸਟਰੀ ਲਈ ਨਵੇਂ ਸਾਲ ਦੀ ਸ਼ੁਰੂਆਤ ਵਿਵਾਦਾਂ ਨਾਲ ਹੋਈ। ਇਸ ਦੇ ਗੀਤ ‘ਬੇਸ਼ਰਮ ਰੰਗ’ ਕਾਰਨ 25 ਜਨਵਰੀ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਇਸ ਦਾ ਬਾਈਕਾਟ ਕਰਨ ਦਾ ਸੱਦਾ ਦਿਤਾ ਗਿਆ ਸੀ। ਸੱਜੇ ਪੱਖੀ ਸਮੂਹਾਂ ਨੇ ਗਾਣੇ ’ਚ ਦੀਪਿਕਾ ਦੀ ਸੰਤਰੀ ਰੰਗ ਦੀ ਬਿਕਨੀ ’ਤੇ ਇਤਰਾਜ਼ ਜਤਾਇਆ ਸੀ। ਕੁੱਝ ਸਿਆਸੀ ਨੇਤਾਵਾਂ ਨੇ ਵੀ ਇਸ ਗੀਤ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹੰਗਾਮੇ ਦੇ ਬਾਵਜੂਦ, ਇਹ ਫਿਲਮ 2023 ਦੀ ਸੱਭ ਤੋਂ ਵੱਡੀ ਹਿੰਦੀ ਬਲਾਕਬਸਟਰ ਬਣ ਗਈ, ਜਿਸ ਨੇ ਦੁਨੀਆਂ ਭਰ ’ਚ 1,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। 

2. ਦ ਕੇਰਲਾ ਸਟੋਰੀ: ਸੁਦੀਪਤੋ ਸੇਨ ਵਲੋਂ ਨਿਰਦੇਸ਼ਿਤ ਅਤੇ ਵਿਪੁਲ ਸ਼ਾਹ ਵਲੋਂ ਨਿਰਮਿਤ, ਫਿਲਮ ਨੇ ਦੇਸ਼ ’ਚ ਸਿਆਸੀ ਚਰਚਾ ਦਾ ਧਰੁਵੀਕਰਨ ਕੀਤਾ ਜਿਸ ਕਾਰਨ ਕੁੱਝ ਸੂਬਿਆਂ ’ਚ ਇਸ ’ਤੇ ਪਾਬੰਦੀ ਲਗਾਈ ਗਈ ਅਤੇ ਕੁੱਝ ’ਚ ਟੈਕਸ ਮੁਕਤ ਐਲਾਨ ਕੀਤਾ ਗਿਆ। ਫਿਲਮ ’ਚ ਵਿਖਾਇਆ ਗਿਆ ਹੈ ਕਿ ਕਿਵੇਂ ਅਤਿਵਾਦੀ ਸਮੂਹ ਇਸਲਾਮਿਕ ਸਟੇਟ (ਆਈ.ਐੱਸ.) ਨੇ ਕੇਰਲ ਦੀਆਂ ਔਰਤਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰ ਕੇ ਉਨ੍ਹਾਂ ਦੀ ਭਰਤੀ ਕੀਤੀ। ਲਗਭਗ 20 ਕਰੋੜ ਰੁਪਏ ਦੇ ਬਜਟ ’ਚ ਬਣੀ ਕੇਰਲ ਸਟੋਰੀ ਨੇ ਦੁਨੀਆਂ ਭਰ ’ਚ 300 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 

3. ਆਦਿਪੁਰਸ਼: ਮਸ਼ਹੂਰ ਅਦਾਕਾਰ ਪ੍ਰਭਾਸ ਦੀ ਅਦਾਕਾਰੀ ਵਾਲੀ ਅਤੇ ਕੌਮੀ ਪੁਰਸਕਾਰ ਜੇਤੂ ਨਿਰਦੇਸ਼ਕ ਓਮ ਰਾਉਤ ਦੀ ਰਮਾਇਣ ’ਤੇ ਅਧਾਰਤ ਫਿਲਮ ਨੂੰ ਦਰਸ਼ਕਾਂ ਤੋਂ ਕਾਫੀ ਉਮੀਦਾਂ ਸਨ ਪਰ 14 ਜੂਨ ਨੂੰ ਰਿਲੀਜ਼ ਹੋਈ ਇਹ ਫਿਲਮ ਫਲਾਪ ਸਾਬਤ ਹੋਈ। ਫਿਲਮ ਦੇ ਡਾਇਲਾਗ ਅਤੇ ਵੀ.ਐਫ.ਐਕਸ. ਦੀ ਭਾਰੀ ਆਲੋਚਨਾ ਕੀਤੀ ਗਈ ਸੀ। ਕਈ ਸਿਆਸੀ ਪਾਰਟੀਆਂ ਨੇ ਵੀ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਲਗਭਗ 500 ਕਰੋੜ ਰੁਪਏ ਦੇ ਬਜਟ ਵਾਲੀ ਇਸ ਫਿਲਮ ਨੇ ਪਹਿਲੇ ਤਿੰਨ ਦਿਨਾਂ ’ਚ 340 ਕਰੋੜ ਰੁਪਏ ਦੀ ਕਮਾਈ ਕੀਤੀ ਪਰ ਪਹਿਲੇ ਹਫਤੇ ਦੇ ਅੰਤ ਤੋਂ ਬਾਅਦ ਕਮਾਈ ’ਚ ਭਾਰੀ ਗਿਰਾਵਟ ਆਈ। 

4. ਓ.ਐਮ.ਜੀ. 2: ਪੰਕਜ ਤ੍ਰਿਪਾਠੀ ਅਤੇ ਅਕਸ਼ੈ ਕੁਮਾਰ ਦੀ ਅਦਾਕਾਰੀ ਵਾਲੀ ਇਹ ਫਿਲਮ ਕਥਿਤ ਤੌਰ ’ਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ’ਚ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਰੁਕੀ ਹੋਈ ਸੀ। ਬੋਰਡ ਨੇ ਭਾਰਤ ਵਿਚ ਸੈਕਸ ਸਿੱਖਿਆ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲੀ ਫਿਲਮ ਨੂੰ ‘ਏ’ ਸਰਟੀਫਿਕੇਟ ਅਤੇ ਕੁੱਝ ਸੋਧਾਂ ਨਾਲ ਅਪਣੀ ਮਨਜ਼ੂਰੀ ਦੇ ਦਿਤੀ ਹੈ, ਜੋ 11 ਅਗੱਸਤ ਨੂੰ ਰਿਲੀਜ਼ ਹੋਈ। ‘ਓ.ਐਮ.ਜੀ. 2’ 2012 ਦੀ ਫਿਲਮ ‘ਓ.ਐਮ.ਜੀ. : ਓਹ ਮਾਈ ਗੌਡ!’ ਇਹ ਇਕ ਸੀਕਵਲ ਸੀ। ਫਿਲਮ ਨੇ ਦੁਨੀਆਂ ਭਰ ’ਚ 221 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। 

5. ਬਵਾਲ: ਨਿਤੇਸ਼ ਤਿਵਾੜੀ ਵਲੋਂ ਨਿਰਦੇਸ਼ਿਤ ਅਤੇ ਵਰੁਣ ਧਵਨ ਅਤੇ ਜਾਨਹਵੀ ਕਪੂਰ ਦੀ ਅਦਾਕਾਰੀ ਵਾਲੀ ਇਸ ਫਿਲਮ ’ਚ ਵਿਆਹੁਤਾ ਜੀਵਨ ਦੇ ਝਗੜੇ ਦੀ ਕਹਾਣੀ ਦੱਸਣ ਲਈ ‘ਹੋਲੋਕਾਸਟ’ ਯਾਨੀ ‘ਯਹੂਦੀਆਂ ਦੀ ਨਸਲਕੁਸ਼ੀ’ ਦਾ ਹਵਾਲਾ ਦਿਤਾ ਗਿਆ ਸੀ, ਜਿਸ ਨੇ ਵਿਵਾਦ ਪੈਦਾ ਕਰ ਦਿਤਾ ਸੀ। ਭਾਰਤ ਵਿਚ ਇਜ਼ਰਾਈਲੀ ਦੂਤਘਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਫਿਲਮ ਵਿਚ ਹੋਲੋਕਾਸਟ ਨੂੰ ਮਾਮੂਲੀ ਦਰਸਾਉਣ ਤੋਂ ਪਰੇਸ਼ਾਨ ਹੈ। ਇਕ ਪ੍ਰਮੁੱਖ ਯਹੂਦੀ ਸਮੂਹ ਨੇ ਫਿਲਮ ਨੂੰ ਸਟ੍ਰੀਮਿੰਗ ਪਲੇਟਫਾਰਮ ‘ਪ੍ਰਾਈਮ ਵੀਡੀਉ’ ਤੋਂ ਹਟਾਉਣ ਦੀ ਵੀ ਮੰਗ ਕੀਤੀ ਜਿੱਥੇ ਇਹ 21 ਜੁਲਾਈ ਨੂੰ ਖੁੱਲ੍ਹੀ ਸੀ। 

6. ਐਨੀਮਲ : ਰਣਬੀਰ ਕਪੂਰ ਸਟਾਰਰ ਫਿਲਮ 2023 ਦੀ ਸੱਭ ਤੋਂ ਵੱਧ ਵੰਡਣ ਵਾਲੀ ਫਿਲਮ ਬਣ ਕੇ ਉਭਰੀ ਹੈ ਜਿਸ ਨੂੰ ਖ਼ੂਨ-ਖ਼ਰਾਬੇ ਭਰੀ ਸਮੱਗਰੀ, ਬਹੁਤ ਜ਼ਿਆਦਾ ਹਿੰਸਾ ਅਤੇ ਮਹਿਲਾ ਕਿਰਦਾਰਾਂ ਨੂੰ ਕਮਜ਼ੋਰ ਵਿਖਾਉਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸੰਦੀਪ ਰੈਡੀ ਵੰਗਾ ਨਿਰਦੇਸ਼ਿਤ ਇਹ ਫਿਲਮ 800 ਕਰੋੜ ਰੁਪਏ ਦੀ ਕਮਾਈ ਕਰ ਕੇ ਸੱਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ’ਚੋਂ ਇਕ ਬਣ ਗਈ।