ਗਾਇਕ ਗੈਰੀ ਸੰਧੂ ਦੇ ਗੀਤ ‘ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ’ ’ਤੇ ਛਿੜਿਆ ਵਿਵਾਦ
ਸ਼ਿਵ ਸੈਨਾ ਨੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਆਰੋਪ
ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਇਕ ਵੱਡੇ ਵਿਵਾਦ ’ਚ ਘਿਰ ਗਏ ਹਨ। ਉਨ੍ਹਾਂ ’ਤੇ ਹਿੰਦੂ ਦੇਵੀ-ਦੇਵਤਿਆਂ ਦੇ ਇਕ ਭਜਨ ਦਾ ਅਪਮਾਨ ਕਰਨ ਦਾ ਆਰੋਪ ਲੱਗਿਆ ਹੈ। ਇਹ ਵਿਵਾਦ ਚਾਰ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ’ਚ ਇਕ ਲਾਈਵ ਸ਼ੋਅ ਦੇ ਦੌਰਾਨ ਉਠਿਆ। ਇਸ ਦੌਰਾਨ ਗੈਰੀ ਸੰਧੂ ਨੇ ਕੁੱਝ ਅਜਿਹਾ ਕਰ ਦਿੱਤਾ ਜਿਸ ’ਤੇ ਵਿਵਾਦ ਖੜ੍ਹਾ ਹੋ ਗਿਆ। ਗੈਰੀ ਸੰਧੂ ਨੇ ਸ਼ੋਅ ਦੌਰਾਨ ਮਾਤਾ ਵੈਸ਼ਨੋ ਦੇਵੀ ਦਾ ਇਕ ਭਜਨ ਗਾਇਆ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੋੜਿਆ ਗਿਆ। ਸੰਧੂ ਨੇ ਭਜਨ ਦੇ ਬੋਲਾਂ ਨੂੰ ਬਦਲ ਕੇ ਗਾਇਆ ‘ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ’। ਇਸ ਨੂੰ ਲੈ ਕੇ ਲੋਕਾਂ ’ਚ ਕਾਫ਼ੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਇਸ ’ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸ਼ੈਨਾ ਪੰਜਾਬ ਦੇ ਆਗੂ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਗੈਰੀ ਸੰਧੂ ਨੇ ਭਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੋੜ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਗੈਰੀ ਸੰਧੂ ਦੇ ਇਸ ਕਾਰਨਾਮੇ ਨੂੰ ਤਰਨ ਤਾਰਨ ਜ਼ਿਮਨੀ ਚੋਣ ’ਚ ਹਿੱਸਾ ਲੈ ਰਹੇ ਹਿੰਦੂ ਭਾਈਚਾਰੇ ਦੇ ਆਗੂਆਂ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਤੈਅ ਕੀਤਾ ਜਾਵੇਗਾ ਕਿ ਗਾਇਕ ਦਾ ਵਿਰੋਧ ਕਿਸ ਤਰੀਕੇ ਨਾਲ ਕੀਤਾ ਜਾਵੇ। ਉਧਰ ਸ਼ੋਸ਼ਲ ਮੀਡੀਆ ’ਤੇ ਵੀ ਗੈਰੀ ਸੰਧੂ ਨੂੰ ਟਰੋਲ ਕੀਤਾ ਜਾ ਰਿਹਾ ਹੈ, ਇਕ ਯੂਜਰ ਨੇ ਲਿਖਿਆ ਕਿ ‘ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਉਡਾਓ’ ਅਤੇ ਯਾਦ ਕਰਵਾਇਆ ਕਿ ਜਿਸ ਭਜਨ ਦੇ ਬੋਲ ਬਦਲ ਕੇ ਉਸ ਨੂੰ ਗਾਇਆ ਜਾ ਰਿਹਾ ਹੈ, ਉਹ ਮਾਤਾ ਵੈਸ਼ਨੋ ਦੇਵੀ ਦਾ ਭਜਨ ਹੈ।