'Bigg Boss OTT 2' ਦੇ ਸੈੱਟ 'ਤੇ ਪਹੁੰਚੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ, ਵੇਖੋ ਖ਼ਾਸ ਤਸਵੀਰਾਂ
‘ਕੈਰੀ ਆਨ ਜੱਟਾ 3’ ਅਜਿਹੀ ਪਹਿਲੀ ਫ਼ਿਲਮ ਹੈ ਜੋ ਕਿ ਦੁਨੀਆਂ ਭਰ ਦੇ 30 ਮੁਲਕਾਂ ਵਿਚ ਰਿਲੀਜ਼ ਹੋਈ ਹੈ।
ਮੁਹਾਲੀ - 29 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਪ੍ਰਮੋਸ਼ਨ ਫ਼ਿਲਮ ਦੀ ਪੂਰੀ ਟੀਮ ਨੇ ਵੱਡੇ ਪੱਧਰ 'ਤੇ ਕੀਤੀ ਤੇ ਹੁਣ ਵੀ ਕਰ ਰਹੇ ਹਨ। ਇਸ ਪ੍ਰਮੋਸ਼ਨ ਦਾ ਨਤੀਜਾ ਇਹ ਰਿਹਾ ਕਿ ਫ਼ਿਲਮ ਪੂਰੀ ਜ਼ੋਰਾਂ-ਸ਼ੋਰਾਂ 'ਤੇ ਰਿਲੀਜ਼ ਹੋਈ ਤੇ ਵੱਡੀ ਗਿਣਤੀ ਵਿਚ ਦਰਸ਼ਕ ਇਸ ਨੂੰ ਦੇਖਣ ਪਹੁੰਚੇ।
ਹਾਲ ਹੀ ਵਿਚ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾ ਰਹੇ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਸੋਨਮ ਬਾਜਵਾ, ਸਲਮਾਨ ਖ਼ਾਨ ਨੇ ਸ਼ੋਅ ‘ਬਿੱਗ ਬੌਸ ਓ. ਟੀ. ਟੀ. 2’ ’ਚ ਪਹੁੰਚੇ। ਜਿਸ ਦਾ ਐਪੀਸੋਡ ਅੱਜ ਰਾਤ ਨੂੰ ਪ੍ਰਸਾਰਿਤ ਹੋਣ ਜਾ ਰਿਹਾ ਹੈ।
ਤਸਵੀਰਾਂ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ ਤੇ ਸਲਮਾਨ ਖ਼ਾਨ ਤੋਂ ਇਲਾਵਾ ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਵੀ ਨਜ਼ਰ ਆਏ। ਜ਼ਿਕਰਯੋਗ ਹੈ ਕਿ ਫ਼ਿਲਮ ਨੇ ਭਾਰਤ ’ਚ 6 ਕਰੋੜ ਤੇ ਦੁਨੀਆ ਭਰ ਤੋਂ 4 ਕਰੋੜ 12 ਲੱਖ ਰੁਪਏ ਕਮਾਏ, ਜਿਸ ਨਾਲ ਫ਼ਿਲਮ ਦੀ ਕੁੱਲ ਕਮਾਈ 10.12 ਕਰੋੜ ਰੁਪਏ ਰਹੀ। ਦੂਜੇ ਦਿਨ ਫ਼ਿਲਮ ਨੇ 10.72 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਦੀ ਕੁੱਲ ਕਮਾਈ 20.84 ਕਰੋੜ ਰੁਪਏ ਹੋ ਗਈ ਸੀ।
ਦੱਸ ਦਈਏ ਕਿ ‘ਕੈਰੀ ਆਨ ਜੱਟਾ 3’ ਦਾ ਟਰੇਲਰ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਤੋਂ ਰਿਲੀਜ਼ ਕਰਵਾਇਆ ਗਿਆ ਸੀ। ਆਮਿਰ ਖ਼ਾਨ ਉਚੇਚੇ ਤੌਰ ’ਤੇ ਫ਼ਿਲਮ ਦੇ ਟਰੇਲਰ ਲਾਂਚ ’ਤੇ ਪਹੁੰਚੇ ਸਨ। ਰਾਸ਼ਟਰੀ ਪੱਧਰ ’ਤੇ ਫ਼ਿਲਮ ਦੀ ਪ੍ਰਮੋਸ਼ਨ ਕਰਦਿਆਂ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਸਲਮਾਨ ਖ਼ਾਨ ਨਾਲ ‘ਬਿੱਗ ਬੌਸ ਓ. ਟੀ. ਟੀ. 2’ ’ਚ ਨਜ਼ਰ ਆਉਣ ਵਾਲੇ ਹਨ।
ਇਹ ਅਜਿਹੀ ਪਹਿਲੀ ਫ਼ਿਲਮ ਹੈ ਜੋ ਕਿ ਦੁਨੀਆਂ ਭਰ ਦੇ 30 ਮੁਲਕਾਂ ਵਿਚ ਰਿਲੀਜ਼ ਹੋਈ ਹੈ। ਫ਼ਿਲਮ ਸਬੰਧੀ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ ਕਹਿਣਾ ਹੈ ‘ਕੈਰੀ ਆਨ ਜੱਟਾ 3’ ਪਹਿਲੀ ਅਜਿਹੀ ਫ਼ਿਲਮ ਹੈ, ਜਿਸ ਲਈ ਕਿਸੇ ਅਦਾਕਾਰ ਨੇ ਕੋਈ ਵੱਖਰੀ ਡਿਮਾਂਡ ਨਹੀਂ ਰੱਖੀ, ਸਕ੍ਰੀਨ ਸਪੇਸ ਨੂੰ ਲੈ ਕੇ ਤਾਂ ਬਿਲਕੁਲ ਵੀ ਨਹੀਂ। ਜ਼ਿਆਦਾਤਰ ਕਲਾਕਾਰਾਂ ਨੇ ਫ਼ਿਲਮ ਦੀ ਕਹਾਣੀ ਵੀ ਨਹੀਂ ਸੁਣੀ, ਸਿਰਫ਼ ਵਨ ਲਾਈਨਰ ਸੁਣ ਕੇ ਇਸ ਦਾ ਹਿੱਸਾ ਬਣਨ ਲਈ ਸਹਿਮਤੀ ਦੇ ਦਿਤੀ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਸਟਾਰਕਾਸਟ ਨੇ ਪ੍ਰਵਾਰ ਵਾਂਗ ਇਕੱਠੇ ਰਹਿ ਕੇ ਕੰਮ ਕੀਤਾ ਹੈ।
'ਕੈਰੀ ਆਨ ਜੱਟਾ 3' ਫ਼ਿਲਮ ਨੂੰ ਸ਼ਾਨਦਾਰ ਲੋਕੇਸ਼ਨਜ਼ 'ਤੇ ਸ਼ੂਟ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਫ਼ਿਲਮ 'ਚ ਗਲੈਮਰ ਦਾ ਡਬਲ ਤੜਕਾ ਲਗਾਉਣ ਲਈ ਸੋਨਮ ਬਾਜਵਾ ਦੇ ਨਾਲ-ਨਾਲ ਕਵਿਤਾ ਕੌਸ਼ਿਕ ਨੂੰ ਵੀ ਕਾਸਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ 'ਚ ਦੋ ਨਵੇਂ ਕਿਰਦਾਰ ਦੇਖਣ ਨੂੰ ਮਿਲੇ, ਜਿੰਨਾ ਵਿਚ ਸ਼ਿੰਦਾ ਗਰੇਵਾਲ ਜੋ ਕਿ ਗਿੱਪੀ ਗਰੇਵਾਲ ਦਾ ਬੇਟਾ ਹੈ ਅਤੇ ਲਹਿੰਦੇ ਪੰਜਾਬ ਦੇ ਮਸ਼ਹੂਰ ਅਦਾਕਾਰ ਨਾਸਿਰ ਚਨਿਓਟੀ ਸ਼ਾਮਲ ਹਨ। ਸ਼ਿੰਦੇ ਦੀ ਕਮਾਲ ਦੀ ਅਦਾਕਾਰੀ ਬਾਰੇ ਤਾਂ ਹਰ ਕਿਸੇ ਨੂੰ ਪਤਾ ਹੈ ਅਤੇ ਨਾਸਿਰ ਵੀ ਹੁਣ ਚੜ੍ਹਦੇ ਪੰਜਾਬੀ ਸਿਨੇਮਾ 'ਚ ਕਾਫ਼ੀ ਧੱਕ ਪਾ ਚੁੱਕੇ ਹਨ।
ਇਸ ਦੇ ਨਾਲ ਹੀ ਫਿਲਮ ਦੇ ਪ੍ਰੀਮੀਅਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰ ਮੰਤਰੀਆਂ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਗਿੱਪੀ ਗਰੇਵਾਲ, ਉਹਨਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ ਵੀ ਮੌਜੂਦ ਸਨ। ਸੀ.ਐਮ. ਨੇ ਫ਼ਿਲਮ ਦੀ ਸਟਾਰ ਕਾਸਟ ਦੀ ਰੱਜ ਕੇ ਤਾਰੀਫਞ ਕੀਤੀ ਸੀ ਤੇ ਕਿਹਾ ਸੀ ਕਿ ਸਾਰੇ ਕਲਾਕਾਰਾਂ ਨੇ ਫ਼ਿਲਮ ਵਿਚ ਬਹੁਤ ਵਧੀਆ ਕੰਮ ਕੀਤਾ ਹੈ।