ਚੰਡੀਗੜ੍ਹ 'ਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ, 5 ਲੋਕਾਂ 'ਤੇ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

8 ਲੱਖ ਤੋਂ ਵੱਧ ਰੁਪਇਆਂ ਦੀ ਕੀਤੀ ਹੈ ਠੱਗੀ

Action against fake ticket sellers of Diljit Dosanjh's show in Chandigarh News

Action against fake ticket sellers of Diljit Dosanjh's show :  ਚੰਡੀਗੜ੍ਹ ਵਿੱਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲਿਆਂ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਪੰਜ ਲੋਕਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੇ 8 ਲੱਖ ਕੋਂ ਵੱਧ ਰੁਪਇਆਂ ਦੀ ਠੱਗੀ ਮਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾ ਕੇ ਫ਼ੇਕ ਟਿਕਟਾਂ ਵੇਚੀਆਂ ਸਨ।

ਠੱਗੀ ਕਰਨ ਵਾਲਿਆਂ ਨੇ ਮਾਇਆ ਗਾਰਡਨ ਜ਼ੀਰਕਪੁਰ ਦੇ ਇੱਕ ਵਿਅਕਤੀ ਨੂੰ 98 ਟਿਕਟਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਸਿਰਫ਼ 8 ਟਿਕਟਾਂ ਹੀ ਦਿੱਤੀਆਂ, ਜੋ ਜਾਂਚ ਦੌਰਾਨ ਜਾਅਲੀ ਪਾਈਆਂ ਗਈਆਂ। ਧੋਖਾਧੜੀ ਦੇ ਸ਼ਿਕਾਰ ਸੰਸਕਾਰ ਰਾਵਤ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਥਾਣਾ-17 ਦੀ ਪੁਲਿਸ ਨੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਰਵ ਵਾਸੀ ਸੈਕਟਰ 42 ਚੰਡੀਗੜ੍ਹ ਅਤੇ ਉਸ ਦੇ ਦੋਸਤਾਂ ਵਰਦਾਨ ਮਾਨ, ਵਿਨੀਤ ਪਾਲ, ਅਕਾਸ਼ਦੀਪ ਸਿੰਘ ਅਤੇ ਰੋਹਨ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਵਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸੈਕਟਰ-42 ਦੇ ਰਹਿਣ ਵਾਲੇ ਪਰਵ ਕੁਮਾਰ ਨਾਲ ਹੋਈ ਸੀ। ਪਰਵ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਵਰਦਾਨ ਮਾਨ, ਵਿਨੀਤ ਪਾਲ, ਅਕਾਸ਼ਦੀਪ ਸਿੰਘ ਅਤੇ ਰੋਹਨ ਨਾਲ ਮਿਲ ਕੇ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਵੇਚਣ ਦਾ ਕੰਮ ਕਰ ਰਿਹਾ ਹੈ।

ਗੱਲਬਾਤ ਤੋਂ ਬਾਅਦ ਰਾਵਤ ਨੇ 98 ਟਿਕਟਾਂ ਖ਼ਰੀਦਣ ਦਾ ਸੌਦਾ ਕੀਤਾ, ਜਿਸ ਵਿੱਚ 17 ਫੈਨਪਿਟ, 3 ਸਿਲਵਰ ਅਤੇ 78 ਗੋਲਡ ਟਿਕਟ ਸ਼ਾਮਲ ਸਨ। ਇਸ ਦੇ ਲਈ ਉਸ ਨੇ 19 ਸਤੰਬਰ ਨੂੰ 96 ਹਜ਼ਾਰ ਰੁਪਏ ਆਨਲਾਈਨ ਟਰਾਂਸਫਰ ਕੀਤੇ।

ਰਾਵਤ ਨੇ ਦੱਸਿਆ ਕਿ 96 ਹਜ਼ਾਰ ਰੁਪਏ ਟਰਾਂਸਫ਼ਰ ਕਰਨ ਤੋਂ ਬਾਅਦ ਪਰਵ ਨੇ ਪੂਰਾ ਭੁਗਤਾਨ ਭੇਜਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ 24 ਅਕਤੂਬਰ ਨੂੰ 40 ਹਜ਼ਾਰ ਰੁਪਏ ਹੋਰ ਜਮ੍ਹਾ ਕਰਵਾ ਦਿੱਤੇ। 9 ਅਕਤੂਬਰ ਤੱਕ, ਉਸਨੇ 7 ਲੱਖ ਰੁਪਏ ਆਨਲਾਈਨ ਟ੍ਰਾਂਸਫ਼ਰ ਕੀਤੇ। ਮੁਲਜ਼ਮਾਂ ਨੇ ਵਾਰ-ਵਾਰ ਟਿਕਟਾਂ ਦੇਣ ਦਾ ਵਾਅਦਾ ਕੀਤਾ ਪਰ ਜਦੋਂ ਵਰਦਾਨ ਮਾਨ 9 ਦਸੰਬਰ ਨੂੰ ਉਨ੍ਹਾਂ ਦੇ ਘਰ ਆਇਆ ਤਾਂ ਉਸ ਨੇ ਸਿਰਫ਼ 3 ਅਸਲੀ ਟਿਕਟਾਂ ਦਿੱਤੀਆਂ। 14 ਦਸੰਬਰ ਨੂੰ ਉਸ ਨੂੰ ਸੈਕਟਰ-17 ਦੇ ਬੱਸ ਸਟੈਂਡ ’ਤੇ ਬੁਲਾ ਕੇ 8 ਟਿਕਟਾਂ ਦਿੱਤੀਆਂ ਗਈਆਂ।

ਰਾਵਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਮੁਲਜ਼ਮਾਂ ਵੱਲੋਂ ਦਿੱਤੀਆਂ 8 ਟਿਕਟਾਂ ਲੈ ਕੇ ਸੈਕਟਰ-34 ਵਿੱਚ ਦਿਲਜੀਤ ਦੁਸਾਂਝ ਦੇ ਸ਼ੋਅ ਵਿੱਚ ਗਿਆ ਤਾਂ ਬਾਹਰੋਂ ਟਿਕਟ ਚੈਕਰ ਨੇ ਜਦੋਂ ਟਿਕਟਾਂ ਦੀ ਜਾਂਚ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਜਾਅਲੀ ਟਿਕਟਾਂ ਹਨ। ਉਸ ਨੇ ਵਾਰ-ਵਾਰ ਕਿਹਾ ਕਿ ਇਹ ਨਕਲੀ ਟਿਕਟਾਂ ਨਹੀਂ ਹਨ, ਇਹ ਅਸਲੀ ਟਿਕਟਾਂ ਹਨ, ਪਰ ਉਸ ਨੂੰ ਸਾਹਮਣੇ ਤੋਂ ਜਵਾਬ ਮਿਲਿਆ ਕਿ ਕੀ ਮੈਂ ਪੁਲਿਸ ਨੂੰ ਬੁਲਾਵਾਂ? ਇਹ ਸੁਣ ਕੇ ਰਾਵਤ ਉਥੋਂ ਵਾਪਸ ਆ ਗਿਆ।