ਸੋਸ਼ਲ ਮੀਡੀਆ ਜ਼ਿੰਦਗੀ ਜਿਊਣ ਦਾ ਆਧਾਰ ਨਹੀਂ ਹੈ : ਸਤਿੰਦਰ ਸਰਤਾਜ
ਸੂਫ਼ੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ 'ਵਰਸਟੀ 'ਚ ਵਿਦਿਆਰਥੀਆਂ ਦੇ ਹੋਏ ਰੂਬਰੂ
ਐਸ.ਏ.ਐਸ. ਨਗਰ (ਅਮਰਜੀਤ ਰਤਨ) : ਸੋਸ਼ਲ ਮੀਡੀਆ ਕੁੱਝ ਪਹਿਲੂਆਂ ਦੇ ਨਜ਼ਰੀਏ ਤੋਂ ਕੁਝ ਹੱਦ ਤੱਕ ਸਾਰਥਿਕ ਹੈ, ਪਰ ਜ਼ਿੰਦਗੀ ਜਿਉਣ ਦਾ ਆਧਾਰ ਨਹੀਂ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਇੰਡਸਟਰੀ ਦੇ ਬਾ-ਕਮਾਲ ਸੂਫ਼ੀ ਗਾਇਕ ਅਤੇ ਹਾਲੀਵੁੱਡ 'ਚ ਆਪਣੀ ਅਦਾਕਾਰੀ ਦੀਆਂ ਪੈੜਾਂ ਛੱਡਣ ਵਾਲੇ ਕਲਾਕਾਰ ਸਤਿੰਦਰ ਸਰਤਾਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਿਚਾਰ ਗੋਸ਼ਟੀ ਦੌਰਾਨ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਕੀਤਾ।
ਇਸ ਦੌਰਾਨ ਉਨ੍ਹਾਂ ਨੈਸ਼ਨਲ ਯੂਥ ਫੈਸਟੀਵਲ ਜੇਤੂ ਚੰਡੀਗੜ੍ਹ ਯੂਨੀਵਰਸਿਟੀ ਦੇ ਥੀਏਟਰ, ਸੰਗੀਤ ਆਦਿ ਖੇਤਰ ਦੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਨ੍ਹਾਂ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਤਜਰਬੇ ਅਤੇ ਇਸ ਖੇਤਰ ਦੀਆਂ ਬਾਰੀਕੀਆਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਪ੍ਰੋ-ਚਾਂਸਲਰ ਡਾ.ਆਰ.ਐਸ.ਬਾਵਾ ਵਿਸੇਸ਼ ਤੌਰ 'ਤੇ ਹਾਜ਼ਰ ਰਹੇ।
ਇਸ ਮੌਕੇ ਸਤਿੰਦਰ ਸਰਤਾਜ ਨੇ ਅਜੋਕੇ ਸਮਾਜ 'ਚ ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਦੀ ਸਹੀ ਦਿਸ਼ਾ 'ਚ ਕੀਤੀ ਵਰਤੋਂ ਸਾਡੇ ਜੀਵਨ 'ਚ ਸਾਰਥਿਕ ਰੋਲ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਪੱਧਰ 'ਤੇ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ਅਸੀਂ ਆਪਣੇ ਰਿਸ਼ਤਿਆਂ ਅਤੇ ਭਾਈਚਾਰੇ ਨੂੰ ਸੁਰਜੀਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੰਗੀਤ ਨਾਲ ਸਬੰਧਤ ਗਾਇਕ, ਡਾਇਰੈਕਟਰ, ਨਿਰਦੇਸ਼ਕ ਅਤੇ ਅਦਾਕਾਰਾਂ ਨੂੰ ਆਪਣੇ ਕਾਰਜਾਂ ਦਾ ਸੁਝਾਅ ਖੇਤਰ ਦੇ ਮਾਹਰਾਂ ਤੋਂ ਲੈਣ ਦੀ ਬਜਾਏ ਸਰੋਤਿਆਂ ਤੋਂ ਲੈਣ ਚਾਹੀਦੇ ਹਨ, ਜੋ ਕਿਸੇ ਕਲਾਕਾਰ ਨੂੰ ਸੱਚੇ ਤੇ ਸੁਚੱਜੇ ਮਸ਼ਵਰੇ ਮੁਹੱਈਆ ਕਰਵਾਉਂਦੇ ਹਨ।
ਇਸ ਮੌਕੇ ਉਨ੍ਹਾਂ ਆਉਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਜੋ ਰਿਸ਼ਤਿਆਂ 'ਚ ਪੈਂਦੀਆਂ ਦੂਰੀਆਂ ਦੀ ਗੱਲ ਕਰਦੀ ਹੋਈ ਆਪਣੇ ਜੀਵਨ ਸਾਥੀ ਨੂੰ ਉਸ ਦੇ ਨਜ਼ਰੀਏ ਨਾਲ ਸਮਝਣ ਲਈ ਪ੍ਰੇਰਿਤ ਕਰੇਗੀ, ਬਾਬਤ ਵੀ ਜਾਣਕਾਰੀ ਸਾਂਝੀ ਕੀਤੀ।