ਪੰਜਾਬੀ ਫ਼ਿਲਮ 'ਜੱਦੀ ਸਰਦਾਰ' 'ਚ ਨਜ਼ਰ ਆਉਣਗੇ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਜਿੱਥੇ ਸਿੱਪੀ ਗਿਲ ਅਤੇ ਦਿਲਪ੍ਰੀਤ ਢਿੱਲੋਂ ਦੇ ਗੀਤਾਂ ਨੇ ਦਰਸ਼ਕਾਂ ਨੂੰ ਖੁਸ਼ ਕੀਤਾ ਹੈ। ਉਸੇ ਤਰ੍ਹਾਂ ਉਹਨਾਂ ਦੀਆਂ ਫ਼ਿਲਮਾਂ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ...

Jaddi Sardar Movie

ਚੰਡੀਗੜ੍ਹ : ਜਿੱਥੇ ਸਿੱਪੀ ਗਿਲ ਅਤੇ ਦਿਲਪ੍ਰੀਤ ਢਿੱਲੋਂ ਦੇ ਗੀਤਾਂ ਨੇ ਦਰਸ਼ਕਾਂ ਨੂੰ ਖੁਸ਼ ਕੀਤਾ ਹੈ। ਉਸੇ ਤਰ੍ਹਾਂ ਉਹਨਾਂ ਦੀਆਂ ਫ਼ਿਲਮਾਂ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ। ਜਿਨ੍ਹਾਂ ਘੈਂਟ ਅੰਦਾਜ਼ ਸਿੱਪੀ ਗਿੱਲ ਦਾ ਹੈ ਉਨ੍ਹਾਂ ਹੀ ਵੱਖਰਾ ਸਵੈਗ ਹੈ ਉਨ੍ਹਾਂ ਦੇ ਫੈਨਸ ਦਾ ਹੈ।

ਨਾਮਵਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਇਨੀਂ ਦਿਨੀਂ ਆਪਣੀ ਫ਼ਿਲਮ 'ਜੱਦੀ ਸਰਦਾਰ' ਨੂੰ ਲੈ ਕੇ ਚਰਚਾ ਵਿਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਪਟਿਆਲਾ ਦੇ ਨੇੜੇ ਇਕ ਪਿੰਡ 'ਚ ਚੱਲ ਰਹੀ ਹੈ।

ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਪਰਵਾਸੀ ਪੰਜਾਬੀ ਬਲਜੀਤ ਸਿੰਘ ਜੌਹਲ ਵੱਲੋਂ ਆਪਣੀ ਕੰਪਨੀ 'ਸਾਫ਼ਟ ਦਿਲ ਪ੍ਰੋਡਕਸ਼ਨ ਯੂਐਸਏ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ 'ਚ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਨਾਲ ਅਦਾਕਾਰਾ ਗੁਰਲੀਨ ਚੋਪੜਾ, ਸਾਵਨ ਰੂਪਾਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਯਾਦ ਗਰੇਵਾਲ, ਅਨੀਤਾ ਦੇਵਗਨ, ਸੰਸਾਰ ਸੰਧੂ, ਅੰਮ੍ਰਿਤ ਬਿੱਲਾ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਮਹਾਂਵੀਰ ਭੁੱਲਰ, ਡਾ ਆਰ ਪੀ ਸਿੰਘ ਅਤੇ ਧੀਰਜ ਕੁਮਾਰ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ।

ਪਟਿਆਲਾ ਨੇੜੇ ਇਕ ਪਿੰਡ 'ਚ ਦੋ ਖੂਬਸੂਰਤ ਕੋਠੀਆਂ 'ਚ ਇਸ ਫ਼ਿਲਮ ਦਾ ਫਿਲਮਾਂਕਣ ਕੀਤਾ ਜਾ ਰਿਹਾ ਹੈ। ਇਹਨਾਂ ‘ਚੋਂ ਇਕ ਕੋਠੀ ਹੌਬੀ ਧਾਲੀਵਾਲ ਤੇ ਦੂਜੀ ਗੱਗੂ ਗਿੱਲ ਦੀ ਦਿਖਾਈ ਗਈ ਹੈ। ਫ਼ਿਲਮ 'ਚ ਦੋਵੇਂ ਜਣੇ ਸਕੇ ਭਰਾ ਦੇ ਰੂਪ 'ਚ ਨਜ਼ਰ ਆਉਣਗੇ। ਇਹ ਫ਼ਿਲਮ ਪਿੰਡ ਦੇ ਦੋ ਨਾਮਵਰ ਸਰਦਾਰਾਂ ਦੇ ਪਰਿਵਾਰਾਂ ਦੀ ਕਹਾਣੀ ਹੈ। ਇਨ੍ਹਾਂ ਦੇ ਪੁੱਤਰ ਸ਼ਹਿਰ 'ਚ ਕਾਲਜ ‘ਚ ਪੜ੍ਹਦੇ ਹਨ। ਦੋਵਾਂ 'ਚ ਸਕੇ ਭਰਾਵਾਂ ਤੋਂ ਵੀ ਵੱਧ ਪਿਆਰ ਹੈ।

ਇਸ ਪਰਿਵਾਰ ਦੀ ਜ਼ਿੰਦਗੀ ਖੂਬਸੂਰਤ ਲੰਘ ਰਹੀ ਹੈ, ਪਰ ਦੋਵਾਂ ਘਰਾਂ 'ਚ ਉਸ ਵੇਲੇ ਦਰਾਰ ਪੈ ਜਾਂਦੀ ਹੈ ਜਦੋਂ ਦੋਵਾਂ ਦੀਆਂ ਮਾਵਾਂ ਦੀ ਆਪਸ 'ਚ ਲੜਾਈ ਹੋ ਜਾਂਦੀ ਹੈ। ਇਸ ਫ਼ਿਲਮ ਜ਼ਰੀਏ ਪੇਂਡੂ ਸੱਭਿਆਚਾਰ ਦੀ ਤਸਵੀਰ ਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਰਿਸ਼ਤਿਆਂ 'ਚ ਪੈਂਦੀਆਂ ਦਰਾਰਾਂ ਨੂੰ ਵੀ ਦਿਖਾਇਆ ਗਿਆ ਹੈ।

ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਸਿੱਪੀ ਗਿੱਲ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਕੁਝ ਸਮਾਂ ਪਹਿਲਾਂ ਉਸ ਨੂੰ ਇਸ ਦੇ ਲੇਖਕ ਧੀਰਜ ਤੇ ਕਰਨ ਸੰਧੂ ਨੇ ਸੁਣਾਈ ਸੀ। ਨਿਰਮਾਤਾ ਬਲਜੀਤ ਸਿੰਘ ਜੌਹਲ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਉਸ ਨੇ ਇਸ ਫ਼ਿਲਮ ਦੀ ਕਹਾਣੀ ਉਨ੍ਹਾਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਇਸ 'ਤੇ ਫ਼ਿਲਮ ਬਣਾਉਣ ਦੀ ਹਾਮੀਂ ਭਰੀ। ਦਿਨਾਂ ਵਿਚ ਹੀ ਫ਼ਿਲਮ ਦੇ ਮੁੱਢਲੇ ਕਾਰਜ ਖ਼ਤਮ ਕੀਤੇ ਗਏ ਅਤੇ ਤੁਰਤ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ।