ਪੰਜਾਬੀ ਸੰਗੀਤ ਖੇਤਰ ਨੂੰ ਸਾਫ਼ ਸੁਥਰਾ ਸੰਗੀਤ ਪ੍ਰਦਾਨ ਕਰਨ ਵਾਲਾ ਜੱਸੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਫ਼ਿਲਮ 'ਚ ਜੋਸ਼ ਭਰਨ ਦੇ ਲਈ ਸੰਗੀਤ ਬਣਾਉਣ ਲਈ ਵੀ ਜੱਸੀ ਨੇ ਬਹੁਤ ਮੇਹਨਤ ਕੀਤੀ ਹੈ

Jassi katyal

ਇਸ ਹਫ਼ਤੇ ਸ਼ੁੱਕਰਵਾਰ 6 ਅਪ੍ਰੈਲ ਨੂੰ 'ਸੂਬੇਦਾਰ ਜੋਗਿੰਦਰ ਸਿੰਘ' ਰਲੀਜ਼ ਹੋਣ ਵਾਲੀ ਹੈ। ਜਿਸ ਦੇ ਟਰੇਲਰ ਅਤੇ ਪਰੋਮੋਜ਼ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਨਾਲ ਹੀ  ਉਨਾ ਹੀ ਪਿਆਰ ਮਿਲ ਰਿਹਾ ਹੈ ਫ਼ਿਲਮ ਦੇ ਸੰਗੀਤ ਨੂੰ। ਆਖ਼ਿਰ ਸੰਗੀਤ ਨੂੰ ਪਸੰਦ ਕੀਤਾ ਵੀ ਕਿਉਂ ਨਾ ਜਾਵੇ ਇਹ ਸੰਗੀਤ ਹੈ ਹੀ ਉਸ ਸ਼ਖਸ ਦਾ ਜਿਸਨੇ ਬਹੁਤ ਘਟ ਸਮੇ 'ਚ ਪੰਜਾਬੀ ਸੰਗੀਤ ਜਗਤ 'ਚ ਆਪਣਾ ਨਾਮਣਾ ਖਟਿਆ ਹੈ। ਜੀ ਅਸੀਂ ਗੱਲ ਕਰ ਰਹੇ ਹਾਂ ਨੌਜਵਾਨ ਸੰਗੀਤਕਾਰ ਜੇ. ਕੇ. ਯਾਨੀ ਜੱਸੀ ਕਟਿਆਲ ਦੀ ।

ਦਸ ਦਈਏ ਕਿ ਜਿਸ ਤਰ੍ਹਾਂ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ'  ਨੂੰ ਬਣਾਉਣ ਦੇ ਲਈ ਗਿੱਪੀ ਗਰੇਵਾਲ ਅਤੇ ਫਿਲਮ ਦੇ ਨਿਰਮਾਤਾ ਨਿਰਦੇਸ਼ਕਾਂ ਨੇ ਮੇਹਨਤ ਕੀਤੀ ਹੈ। ਇਸ ਤਰ੍ਹਾਂ ਹੀ ਫ਼ਿਲਮ 'ਚ ਜੋਸ਼ ਭਰਨ ਦੇ ਲਈ ਸੰਗੀਤ ਬਣਾਉਣ ਲਈ ਵੀ ਜੱਸੀ ਨੇ ਬਹੁਤ ਮੇਹਨਤ ਕੀਤੀ ਹੈ ਅਤੇ ਇਸ ਨੂੰ ਦਰਸ਼ਕਾਂ ਵਲੋਂ ਰੱਜਵਾਂ ਪਿਆਰ ਵੀ ਮਿਲ ਰਿਹਾ ਹੈ।  ਦਸਿਆ ਜਾਂਦਾ ਹੈ ਕਿ ਇੰਨੀ ਵੱਡੀ ਫ਼ਿਲਮ 'ਚ ਬਰਾਬਰ ਦਾ ਮਿਊਜ਼ਿਕ ਦੇਣਾ ਵੀ ਆਪਣੇ ਆਪ 'ਚ ਇਕ ਵੱਡਾ ਚੈਲੇਂਜ ਸੀ, ਜਿਸ ਨੂੰ ਜੱਸੀ ਨੇ ਬਾਖੂਬੀ ਨਿਭਾਇਆ ਹੈ।

ਦੱਸਣਯੋਗ ਹੈ ਕਿ ਫਿਲਮ ਦੇ ਗੀਤਾਂ ਦੀ ਤਿਆਰੀ ਜੱਸੀ ਨੇ ਬਹੁਤ ਹੀ ਲਗਨ ਨਾਲ ਕੀਤੀ ਹੈ , ਜਿਨ੍ਹਾਂ ਸਮਿਆਂ 'ਚ ਫਿਲਮ ਦੀ ਸਟਾਰ ਕਾਸਟ ਸ਼ੂਟਿੰਗ 'ਚ  ਹੀ ਜੱਸੀ ਮਿਊਜ਼ਿਕ ਦੀਆਂ ਤਿਆਰੀਆਂ 'ਚ ਰੁਝੇ ਹੋਏ ਸਨ।  ਇਕ ਇੰਟਰਵਿਊ ਦੌਰਾਨ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਪਹਾੜਾਂ ਵਿਚ ਸ਼ੂਟਿੰਗ ਦੌਰਾਨ ਫੋਨ ਦੇ ਸਿਗਨਲ ਵੀ ਮੁਸ਼ਕਿਲ ਨਾਲ ਆਉਂਦੇ ਸਨ।

ਗਿੱਪੀ ਗਰੇਵਾਲ ਮੁਸ਼ਕਿਲਾਂ ਦੇ ਨਾਲ ਪਹਾੜਾਂ 'ਤੇ ਚੜ੍ਹ ਕੇ ਫੋਨ ਦਾ ਨੈੱਟਵਰਕ ਲੈਂਦੇ ਸਨ ਤੇ ਜੱਸੀ ਨੂੰ ਫੋਨ ਕਰਕੇ ਹਾਲਾਤ ਦੱਸਦੇ ਸਨ। ਇਸ ਦੇ ਮੁਤਾਬਕ ਜੱਸੀ ਗੀਤ ਤਿਆਰ ਕਰਦਾ ਸੀ। ਹੁਣ ਤਕ ਫ਼ਿਲਮ ਦੇ ਚਾਰ ਗੀਤ ਰਲੀਜ਼ ਹੋ ਚੁਕੇ ਹਨ। ਪਹਿਲਾ ਗੀਤ 'ਗੱਲ ਦਿਲ ਦੀ' ਨੂੰ ਯੂਟਿਊਬ 'ਤੇ 4.8 ਮਿਲੀਅਨ, ਦੂਜੇ ਗੀਤ 'ਇਸ਼ਕ ਦਾ ਤਾਰਾ' ਨੂੰ 3.5 ਮਿਲੀਅਨ, ਤੀਜੇ ਗੀਤ 'ਹਥਿਆਰ' ਨੂੰ ਸਾਢੇ 3 ਲੱਖ ਤੇ 4 ਅਪ੍ਰੈਲ ਦਿਨ ਬੁੱਧਵਾਰ ਨੂੰ ਰਲੀਜ਼ ਹੋਏ ਚੌਥੇ ਗੀਤ 'ਨੈਣਾਂ' ਨੂੰ ਯੂ-ਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਜੱਸੀ ਨੇ ਗਿੱਪੀ ਦੇ ਗੀਤਾਂ ਨੂੰ ਮਿਊਜ਼ਿਕ ਦਿਤਾ ਹੋਵੇ। ਜੱਸੀ ਇਸ ਤੋਂ ਪਹਿਲਾਂ ਵੀ ਗਿਪੀ ਦੇ ਗੀਤਾਂ ਨੂੰ ਮਿਊਜ਼ਿਕ ਦੇ ਚੁਕੇ ਹਨ। ਜਿਨਾਂ 'ਚ ਗਿੱਪੀ ਦਾ ਗੀਤ 'ਨਈ ਛੱਡ ਦਾ' ਵੀ ਸ਼ਾਮਿਲ ਹੈ।  ਇਸ ਗੀਤ 'ਚ  ਸ਼ਾਨਦਾਰ ਮਿਊਜ਼ਿਕ ਦੇ ਕੇ ਜੱਸੀ ਨੇ ਪੰਜਾਬੀ ਮਿਊਜ਼ਿਕ ਡਾਇਰੈਕਟਰ ਦੀ ਹਿੱਟ ਲਿਸਟ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਪੰਜਾਬੀ ਇੰਡਸਟਰੀ ਤੋਂ ਇਲਾਵਾ ਜੱਸੀ ਹੁਣ ਤਕ ਚਾਰ ਬਾਲੀਵੁੱਡ ਫਿਲਮਾਂ ਦੇ ਗੀਤ ਦੇ ਚੁਕੇ ਹਨ ।

ਇਥੇ ਇਹ ਵੀ ਦਸਣਾ ਚਾਹੁੰਦੇ ਹਾਂ ਕਿ ਸੰਗੀਤ ਤੋਂ ਇਲਾਵਾ ਵੀ ਗਿਪੀ ਅਤੇ ਜੱਸੀ ਦੇ ਆਪਸੀ ਸਬੰਧ ਕਾਫ਼ੀ ਵਧੀਆ ਹਨ ਅਤੇ ਗਿਪੀ ਜੱਸੀ ਨੂੰ ਉਨ੍ਹਾਂ ਦੀ ਕੰਮ ਦੇ ਪ੍ਰਤੀ ਈਮਾਨਦਾਰੀ,ਅਤੇ ਸਖਤ ਮਿਹਨਤ ਤੇ ਕ੍ਰਿਏਟੀਵਿਟੀ ਲਈ ਵੀ ਬਹੁਤ ਪਸੰਦ ਕਰਦੇ ਹਨ ।ਬਕੌਲ ਜੱਸੀ ,ਉਹ ਆਉਣ ਵਾਲੇ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਵੱਖਰਾ ਮੁਕਾਮ ਦੇਣਾ ਚਾਹੁੰਦੇ ਹਨ, ਜਿਹੜਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਉੱਚੇ ਤੇ ਨਵੇਂ ਪੱਧਰ 'ਤੇ ਲੈ ਕੇ ਜਾਵੇ।​​​​​​​