Punjabi Film: ਪੰਜਾਬੀ ਫ਼ਿਲਮਾਂ ਦੀ ਚਾਚੀ ਅਤਰੋ ਸਰੂਪ ਪਰਿੰਦਾ
Punjabi Film: ਅੱਜ ਅਸੀਂ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ ਨੂੰ ਅਪਣੇ ਦਿਲਾਂ ’ਚ ਵਸਾ ਚੁੱਕੇ ਹਾਂ।
Punjabi Film: ਪੰਜਾਬੀ ਰੰਗਮੰਚ ਤੋਂ ਸ਼ੁਰੂ ਹੋ ਕੇ ਫ਼ਿਲਮਾਂ ’ਚ ਚਾਚੀ ਅਤਰੋ ਦੇ ਕਿਰਦਾਰ ਨੂੰ ਅਮਰ ਕਰਨ ਵਾਲੇ ਸਰੂਪ ਪਰਿੰਦਾ ਦਾ ਜਨਮ 1938 ਨੂੰ ਬਠਿੰਡਾ ਵਿਖੇ ਹੋਇਆ। ਬਚਪਨ ਤੋਂ ਹੀ ਪਿੰਡ ਵਿਚ ਹੋਣ ਵਾਲੀ ਰਾਮਲੀਲਾ ’ਚ ਉਹ ਭਾਗ ਲੈਂਦੇ ਇਸ ਤਰ੍ਹਾਂ ਹੌਲੀ-ਹੌਲੀ ਐਕਟਿੰਗ ਅਤੇ ਰੰਗਮੰਚ ਦਾ ਸ਼ੌਕ ਉਨ੍ਹਾਂ ਦਾ ਜਨੂੰਨ ਬਣ ਗਿਆ। ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਨਾਮ ਸਰੂਪ ਸਿੰਘ ਰਖਿਆ।
ਬਚਪਨ ਤੋਂ ਹੀ ਰੰਗਮੰਚ ਨਾਲ ਜੁੜੇ ਸਰੂਪ ਪਰਿੰਦਾ ਜਦੋਂ ਮਹਿੰਦਰ ਸਿੰਘ ਬਾਵਰਾ ਦੇ ਥੀਏਟਰ ਕਲੱਬ ਨਾਲ ਜੁੜੇ ਤਾਂ ਉਥੇ ਪਹਿਲਾਂ ਤੋਂ ਹੀ ਸਰੂਪ ਸਿੰਘ ਪੰਛੀ ਨਾਂ ਦਾ ਐਕਟਰ ਕੰਮ ਕਰਦਾ ਸੀ। ਇਸ ਤਰ੍ਹਾਂ ਹੌਲੀ-ਹੌਲੀ ਸਰੂਪ ਸਿੰਘ ਦਾ ਨਾਂ ਵੀ ਸਰੂਪ ਪਰਿੰਦਾ ਹੋ ਗਿਆ। ਸਰੂਪ ਪਰਿੰਦਾ ਦੀ ਕਾਮੇਡੀ ਦੇਖ ਕੇ ਇਕ ਵਾਰ ਇਕ ਮੰਤਰੀ ਨੇ ਉਨ੍ਹਾਂ ਨੂੰ ਪੰਜ ਰੁਪਏ ਇਨਾਮ ਦੇ ਨਾਲ-ਨਾਲ ਪੰਜਾਬ ਦੇ ਪਬਲਿਕ ਰਿਲੇਸ਼ਨ ਵਿਭਾਗ ’ਚ ਨੌਕਰੀ ਦੇ ਦਿਤੀ। ਨੌਕਰੀ ਦੌਰਾਨ ਵੀ ਉਹ ਅਪਣੀ ਅਦਾਕਾਰੀ ਨੂੰ ਪੂਰਾ ਸਮਾਂ ਦਿੰਦੇ ਰਹੇ। ਇਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ ਨੂੰ ਅਪਣੇ ਦਿਲਾਂ ’ਚ ਵਸਾ ਚੁੱਕੇ ਹਾਂ।
ਸਰੂਪ ਪਰਿੰਦਾ ਪੰਜ ਦਹਾਕੇ ਪੰਜਾਬੀ ਰੰਗਮੰਚ ਦੀ ਸੇਵਾ ਕਰਦੇ ਰਹੇ। ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਪੰਜਾਬੀ ਬੋਲੀ ਤੇ ਉਨ੍ਹਾਂ ਦੀ ਪਕੜ ਬਹੁਤ ਵਧੀਆ ਸੀ। ਉਹ ਪੇਂਡੂ ਔਰਤਾਂ ਦੀ ਤਰ੍ਹਾਂ ਗੱਲਬਾਤ ਕਰਦੇ। ਉਨ੍ਹਾਂ ਦੀ ਬੋਲੀ ਤੇ ਰਹਿਣ-ਸਹਿਣ ’ਚੋਂ ਪਿੰਡਾਂ ਦੀ ਨੁਹਾਰ ਬਾਖ਼ੂਬੀ ਝਲਕਦੀ ਦਿਖਾਈ ਦਿੰਦੀ ਸੀ। ਇਸ ਦੌਰਾਨ ਉਹ ਪੰਜਾਬੀ ਇੰਡਸਟਰੀ ਦੇ ਥੀਏਟਰ ਤੇ ਫ਼ਿਲਮਾਂ ਦੇ ਬਿਹਤਰੀਨ ਕਲਾਕਾਰਾਂ ਦੇ ਸੰਪਰਕ ’ਚ ਆਏ।
ਉਨ੍ਹਾਂ ਨੇ ਜਸਵਿੰਦਰ ਭੱਲਾ, ਮਿਹਰ ਮਿੱਤਲ, ਰਾਣਾ ਰਣਬੀਰ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਯੋਗਰਾਜ ਤੇ ਗੁੱਗੂ ਗਿੱਲ ਵਰਗੇ ਸੁਪਰਹਿੱਟ ਕਲਾਕਾਰਾਂ ਨਾਲ ਕੰਮ ਕਰ ਕੇ ਪੰਜਾਬੀ ਸਿਨੇਮਾ ਨੂੰ ਚਾਰ ਚੰਨ ਲਾਉਂਦੇ ਹੋਏ ਇਕ ਨਵੀਂ ਪਹਿਚਾਣ ਦਿਤੀ। 1980 ਵਿਚ ਸਰੂਪ ਪਰਿੰਦਾ ਜਦੋਂ ਜਸਵਿੰਦਰ ਭੱਲਾ ਜੀ ਨਾਲ ਹਿੰਦੀ ਫ਼ਿਲਮ ‘ਸਾਂਸੋਂ ਕੀ ਸਰਗਮ’ ਕਰ ਰਹੇ ਸੀ ਤਾਂ ਭੱਲਾ ਸਾਬ੍ਹ ਨੇ ਕਿਹਾ ਕਿ ਆਪਾਂ ਜਲੰਧਰ ਦੂਰਦਰਸ਼ਨ ਤੇ ਇਕ ਸੀਰੀਅਲ ਸ਼ੁਰੂ ਕਰਨਾ ਚਾਹੁੰਦੇ ਹਾਂ, ਤੁਸੀਂ ਅਪਣਾ ਨਾਂ ਸੰਤੋ, ਬੰਤੋ ਜਾਂ ਕੋਈ ਹੋਰ ਕਿਉਂ ਨਹੀਂ ਰਖਦੇ। ਸਰੂਪ ਪਰਿੰਦਾ ਨੂੰ ਯਾਦ ਆਇਆ ਕਿ ਉਨ੍ਹਾਂ ਦੇ ਗੁਆਂਢ ’ਚ ਦੋ ਸਕੀਆਂ ਭੈਣਾਂ ਰਹਿੰਦੀਆਂ ਹਨ ਜਿਨ੍ਹਾਂ ਦਾ ਨਾਂ ਅਤਰੋ-ਚਤਰੋ ਸੀ।
ਉਨ੍ਹਾਂ ਨੂੰ ਦੇਖ ਕੇ ਹੀ ਸਰੂਪ ਪਰਿੰਦਾ ਨੇ ਅਪਣਾ ਨਾਮ ਅਤਰੋ ਤੇ ਅਪਣੇ ਗੁਆਂਢੀ ਦੇਸ਼ ਰਾਜ ਸ਼ਰਮਾ ਦਾ ਨਾਂ ਚਤਰੋ ਰਖਿਆ। ਅੱਸੀ ਦੇ ਦਹਾਕੇ ’ਚ ਪੰਜਾਬੀ ਸਿਨੇਮਾ ਵਿਚ ਅਤਰੋ-ਚਤਰੋ ਦੀ ਜੋੜੀ ਨੇ ਖ਼ੂਬ ਨਾਮ ਕਮਾਇਆ। ਇਕ ਵਾਰ ਉਨ੍ਹਾਂ ਦੀ ਅਦਾਕਾਰੀ ਤੋਂ ਖ਼ੁਸ਼ ਹੋ ਕੇ ਭਾਰਤ ਦੇ ਰਾਸ਼ਟਰਪਤੀ ਗਿ. ਜ਼ੈਲ ਸਿੰਘ ਨੇ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਇਨ੍ਹਾਂ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਪੜੇ ਵੀ ਆਏ ਜੋ ਪੂਰੇ ਪੰਜਾਬ ’ਚ ਪ੍ਰਸਿੱਧ ਹੋਏ।
ਅਪਣੇ ਜੀਵਨ ਦੌਰਾਨ ਇਨ੍ਹਾਂ ਨੇ ਤੀਹ ਫ਼ੀਚਰ ਤੇ ਪੰਜਾਹ ਟੈਲੀ ਫ਼ਿਲਮਾਂ ਦੇ ਕੇ ਪੂਰੀ ਦੁਨੀਆਂ ’ਚ ਅਪਣੀ ਬਿਹਤਰੀਨ ਅਦਾਕਾਰੀ ਦਾ ਲੋਹਾ ਮੰਨਵਾਇਆ। ਇਨ੍ਹਾਂ ਦੀਆਂ ਪ੍ਰਸਿੱਧ ਫੀਚਰ ਫ਼ਿਲਮਾਂ ’ਚ ਪੁੱਤ ਜੱਟਾਂ ਦੇ, ਜੱਟ ਤੇ ਜ਼ਮੀਨ, ਯਾਰੀ ਜੱਟ ਦੀ, ਪਟੋਲਾ, ਜੱਟ ਸੂਰਮੇ ਤੇ ਸੈਦਾਂ ਜੋਗਣ ਦੇ ਨਾਲ ਨਾਲ ਅਤਰੋ ਡਾਰਲਿੰਗ ਆਈ ਲਵ ਯੂ, ਗੂੰਗੇ ਦਾ ਵਿਆਹ, ਮੋਮੋਠੱਗਣੀਆਂ, ਬਾਪੂ ਦਾ ਵਿਆਹ, ਛੜਾ ਜੇਠ, ਅਤਰੋ ਚੱਕ ਦੇ ਫੱਟੇ ਅਤੇ ਅਤਰੋ ਦਾ ਕਾਕਾ ਵਰਗੀਆਂ ਸੁਪਰਹਿੱਟ ਟੈਲੀ-ਫ਼ਿਲਮਾਂ ਰਾਹੀਂ ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ’ਤੇ ਪਹੁੰਚਾਉਂਦੇ ਹੋਏ ਪੰਜਾਬੀ ਭਾਸ਼ਾ ਤੇ ਸਭਿਆਚਾਰ ਤੋਂ ਪੂਰੀ ਦੁਨੀਆਂ ਨੂੰ ਜਾਣੂ ਕਰਵਾਇਆ।
ਸਰੂਪ ਪਰਿੰਦਾ ਦਾ ਵਿਆਹ 1962 ਵਿਚ ਦਲੀਪ ਕੌਰ ਨਾਲ ਹੋਇਆ ਤੇ ਇਨ੍ਹਾਂ ਦੇ ਘਰ ਦੋ ਪੁੱਤਰਾਂ ਗੁਰਪ੍ਰੀਤ ਸਿੰਘ ਹੈਪੀ ਤੇ ਰਜਿੰਦਰ ਸਿੰਘ ਨੇ ਜਨਮ ਲਿਆ।
ਕਾਮੇਡੀ ਦੇ ਨਾਲ-ਨਾਲ ਸਰੂਪ ਪਰਿੰਦੇ ਨੇ ਪੰਜਾਬੀ ਟੀਵੀ ਨਾਟਕ ਘਰ ਜਵਾਈ, ਨਸੀਹਤ, ਫਲਾਤੋ, ਕੁੱਲੀ ਯਾਰ ਦੀ ਅਤੇ ਇਕ ਕਿਤਾਬ ਮੇਰੇ ਜੀਵਨ ਮੇਰੇ ਹਾਸੇ ਵੀ ਮਾਂ ਬੋਲੀ ਦੀ ਝੋਲੀ ਪਾਈਆਂ।
ਸਰੂਪ ਪਰਿੰਦਾ ਸਾਰੀ ਉਮਰ ਲੋਕਾਂ ਦਾ ਮਨੋਰੰਜਨ ਕਰਦੇ ਰਹੇ। ਉਨ੍ਹਾਂ ਦੀ ਕਾਮੇਡੀ ’ਚ ਵਿਅੰਗ ਦੇ ਨਾਲ-ਨਾਲ ਸਾਰਥਕ ਸੁਨੇਹਾ ਵੀ ਹੁੰਦਾ ਸੀ। ਸਮਾਜ ਦੀ ਦਸ਼ਾ ਨੂੰ ਉਹ ਬਾਖ਼ੂਬੀ ਅਪਣੀ ਅਦਾਕਾਰੀ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਦੇ। ਲੋਕਾਂ ਨੂੰ ਹਸਾਉਣ ਅਤੇ ਚਾਚੀ ਅਤਰੋ ਨੂੰ ਅਮਰ ਕਰਨ ਵਾਲੇ ਸਰੂਪ ਪਰਿੰਦਾ 4 ਮਾਰਚ 2016 ਨੂੰ ਸਾਨੂੰ ਸਾਰਿਆਂ ਅਤੇ ਪੰਜਾਬੀ ਰੰਗਮੰਚ ਨੂੰ ਅਲਵਿਦਾ ਕਹਿੰਦਿਆਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਸਰੂਪ ਪਰਿੰਦਾ ਸ੍ਰੀਰਕ ਰੂਪ ਵਿਚ ਤਾਂ ਸਾਡੇ ਕੋਲ ਨਹੀਂ ਰਹੇ ਪ੍ਰੰਤੂ ਚਾਚੀ ਅਤਰੋ ਦੇ ਕਿਰਦਾਰ ਦੇ ਰੂਪ ’ਚ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਵਿਚ ਜਿਉਂਦੇ ਰਹਿਣਗੇ।