ਸਿੱਧੂ ਮੂਸੇਵਾਲੇ ਨੂੰ ਨਹੀਂ ਕਾਨੂੰਨ ਦਾ ਕੋਈ ਡਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗੱਡੀ ਦੇ ਕਾਲੇ ਸ਼ੀਸ਼ੇ ਹੋਣ ’ਤੇ ਪੁਲਿਸ ਨੇ ਚਲਾਨ ਕਟਿਆ

Sidhu Moose Wala

ਨਾਭਾ, 6 ਜੂਨ (ਬਲਵੰਤ ਹਿਆਣਾ) : ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਇੰਜ ਲਗਦਾ ਹੈ ਕਿ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਤੇ ਉਸ ਨੂੰ ਪੰਜਾਬ ਪੁਲਿਸ ਭਾਲਦੀ ਫਿਰਦੀ ਹੈ ਪਰ ਉਹ ਪੁਲਿਸ ਸਾਹਮਣੇ ਹੀ ਗ਼ੈਰ ਕਾਨੂੰਨੀ ਕੰਮ ਕਰਦਾ ਹੋਇਆ ਸ਼ਰੇਆਮ ਘੁੰਮਦਾ ਫਿਰਦਾ ਹੈ। ਸਿੱਧੂ ਵਿਰੁਧ ਪਿਛਲੇ ਦਿਨੀਂ ਬਰਨਾਲਾ ਵਿਖੇ ਗ਼ੈਰ ਕਾਨੂੰਨੀ ਢੰਗ ਨਾਲ ਬਿਨਾਂ ਲਾਇਸੈਂਸ ਫਾਇਰਿੰਗ ਕਰਨ ਸਬੰਧੀ ਮਾਮਲਾ ਦਰਜ ਹੋਇਆ ਸੀ

ਜੋ ਅੱਜ ਦੁਪਹਿਰ ਸਮੇਂ ਨਾਭਾ ਦੇ ਮੁੱਖ ਚੌਕ ਬੌੜਾਂ ਗੇਟ ਇਲਾਕੇ ਤੋਂ ਲੰਘ ਰਿਹਾ ਸੀ ਤਾਂ ਉਸ ਸਮੇਂ ਨਾਕੇ ’ਤੇ ਤੈਨਾਤ ਥਾਣਾ ਕੋਤਵਾਲੀ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਲਗਾਏ ਗਏ ਪੁਲਿਸ ਨਾਕੇ ’ਤੇ ਦੋ ਗੱਡੀਆਂ ਦੇ ਕਾਫ਼ਲੇ ਨੂੰ ਰੋਕਿਆ ਗਿਆ ਤਾਂ ਇਨ੍ਹਾਂ ਗੱਡੀਆਂ ਦੇ ਸ਼ੀਸ਼ਿਆਂ ਤੇ ਕਾਲੀ ਫ਼ਿਲਮ ਚੜ੍ਹੀ ਹੋਈ ਸੀ ਜਿਸ ਨੂੰ ਵੇਖਦਿਆਂ ਪੁਲਿਸ ਵਲੋਂ ਜਾਂਚ ਕੀਤੀ ਗਈ ਤਾਂ ਗੱਡੀ ਵਿਚ ਗਾਇਕ ਸਿੱਧੂ ਮੂਸੇਵਾਲਾ ਸਵਾਰ ਸੀ ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਗੱਡੀਆਂ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ ਚੜ੍ਹਨ ਕਾਰਨ ਕਾਨੂੰਨ ਦੀ ਉਲੰਘਣਾ ਸਬੰਧੀ ਚਲਾਨ ਕੱਟੇ ਗਏ ਹਨ।

ਜਿਸ ਤੋਂ ਬਾਅਦ ਚਲਾਨ ਕੱਟਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਪੁਲਿਸ ਨੇ ਮੌਕੇ ਤੋਂ ਭੇਜ ਦਿਤਾ ਜੋ ਅਪਣੀ ਕਾਰ ਰਾਹੀਂ ਉਥੋਂ ਰਵਾਨਾ ਹੋ ਗਿਆ ਪਰ ਇਥੇ ਅਹਿਮ ਸਵਾਲ ਖੜ੍ਹੇ ਹੁੰਦੇ ਹਨ ਕਿ ਸਿੱਧੂ ਮੂਸੇਵਾਲਾ ਵਿਰੁਧ ਸੰਗਰੂਰ ਅਤੇ ਬਰਨਾਲਾ ਵਿਖੇ ਦੋ ਸੰਗੀਨ ਮਾਮਲੇ ਦਰਜ ਹਨ ਲੇਕਿਨ ਬਾਵਜੂਦ ਇਸ ਦੇ ਪੁਲਿਸ ਨੇ ਉਸ ਨੂੰ ਅਪਣੀ ਹਿਰਾਸਤ ਵਿਚ ਲੈ ਕੇ ਸਬੰਧਤ ਥਾਣਿਆਂ ਨੂੰ ਦੀ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਜਿਸ ਕਾਰਨ ਇਹ ਮਾਮਲਾ ਹੋਰ ਤੂਲ ਫੜਦਾ ਜਾ ਰਿਹਾ ਹੈ।

ਇਸ ਸਬੰਧੀ ਹਾਈ ਕੋਰਟ ਦੇ ਵਕੀਲ ਰਵੀ ਜੋਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਪੁਲਿਸ ਵਲੋਂ ਹਿਰਾਸਤ ’ਚ ਲੈਣਾ ਚਾਹੀਦਾ ਸੀ ਪਰ ਬਾਵਜੂਦ ਇਸ ਦੇ ਉਸ ਨੂੰ ਡੀ.ਐਸ.ਪੀ ਦਫ਼ਤਰ ’ਚ ਲਿਜਾ ਕੇ ਛੱਡ ਦਿਤਾ ਗਿਆ। ਜੋਸ਼ੀ ਦਾ ਕਹਿਣਾ ਹੈ ਕਿ ਇਹ ਹੁਣ ਪੁਲਿਸ ਅਫ਼ਸਰ ਹੀ ਦੱਸ ਸਕਦੇ ਹਨ ਕਿ ਉਸ ਨੂੰ ਕਿਉਂ ਛੱਡਿਆ ਗਿਆ ਹੈ। ਜਦਕਿ ਸਿੱਧੂ ਮੂਸੇਵਾਲਾ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਹਨ, ਜਿਸ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਬਣਦਾ ਸੀ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਰੁਧ ਬਰਨਾਲਾ ਅਤੇ ਸੰਗਰੂਰ ਵਿਖੇ ਸੰਗੀਨ ਮੁਕੱਦਮੇ ਦਰਜ ਹੋਏ ਸਨ ਅਤੇ ਇਨ੍ਹਾਂ ਮਾਮਲਿਆਂ ਵਿਚ ਉਸ ਨੂੰ ਜਮਾਨਤ ਵੀ ਨਹੀਂ ਮਿਲੀ ਸੀ ਤਾਂ ਕਾਨੂੰਨ ਮੁਤਾਬਕ ਉਸ ਦੀ ਗ੍ਰਿਫ਼ਤਾਰੀ ਹੋਣੀ ਤੈਅ ਸੀ ਲੇਕਿਨ ਇਸ ਕਾਰਵਾਈ ਨੂੰ ਪੂਰਾ ਨਹੀਂ ਕੀਤਾ ਗਿਆ।