ਚੰਡੀਗੜ੍ਹ: ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਆਈ ਹੈ। ਮਨਕੀਰਤ ਔਲਖ ਕੁੱਝ ਦਿਨ ਪਹਿਲਾਂ ਹੜ੍ਹ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਕੋਲ ਪਹੁੰਚੇ ਸਨ ਅਤੇ ਉਨ੍ਹਾਂ ਲਈ ਰਾਸ਼ਨ ਅਤੇ ਹੋਰ ਸਮੱਗਰੀ ਵੀ ਦੇ ਕੇ ਆਏ ਸਨ। ਇਸ ਦੌਰਾਨ ਉਨ੍ਹਾਂ ਉੱਥੇ ਖੜ੍ਹੇ ਹੋ ਕੇ ਐਲਾਨ ਕੀਤਾ ਸੀ ਕਿ ਉਹ ਹੜ੍ਹ ਪੀੜਤਾਂ ਲਈ 5 ਕਰੋੜ ਰੁਪਏ ਦੇਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ 100 ਟਰੈਕਟਰ ਵੀ ਦੇਣ ਦਾ ਵਾਅਦਾ ਕੀਤਾ। ਇਸ ਦੇ ਤਹਿਤ ਹੀ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਆਈ, ਪਰ ਇਸ ਬਾਰੇ ਮਨਕੀਰਤ ਔਲਖ ਵੱਲੋਂ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਪਿਛਲੇ ਦਿਨੀਂ ਵੀ ਮਨਕੀਰਤ ਔਲਖ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਹੁਤ ਜਲਦੀ ਹੀ ਖਤਮ ਕਰ ਦਿੱਤਾ ਜਾਏਗਾ। ਇਸ ਦੌਰਾਨ ਮਟੌਰ ਥਾਣਾ ਮੋਹਾਲੀ ਵਿਚ ਪਰਚਾ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਨਾਲ ਇੱਕ ਪਿੰਡ ਵਿਚ ਰਹਿਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ, ਜੋ ਕਿ ਇਟਲੀ ਤੋਂ ਇੱਕ ਮਹੀਨਾ ਪਹਿਲਾਂ ਹੀ ਇੱਥੇ ਆਇਆ ਹੋਇਆ ਸੀ।