ਪਾਕਿਸਤਾਨ ਦੀ ਮਸ਼ਹੂਰ ਗਾਇਕਾ ਸ਼ਾਜ਼ੀਆ ਨੇ ਕਿਹਾ ਆਪਣੀ ਗਾਇਕੀ ਦੀ ਦੁਨੀਆ ਨੂੰ ਅਲਵਿਦਾ  

ਏਜੰਸੀ

ਮਨੋਰੰਜਨ, ਪਾਲੀਵੁੱਡ

ਉਹ ਦੁਨੀਆ ਦੇ 45 ਦੇਸ਼ਾਂ ਵਿਚ ਆਪਣੇ ਸ਼ੋਅ ਕਰ ਚੁੱਕੀ ਹੈ।

Pakistani singer Shazia Khushk

ਨਵੀਂ ਦਿੱਲੀ- ਪਾਕਿਸਤਾਨ ਦੀ ਮਸ਼ਹੂਰ ਸੂਫੀ ਗਾਇਕਾ ਸ਼ਾਜ਼ੀਆ ਖਸ਼ਕ ਨੇ ਗਾਇਕੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਮਾਦਮ ਮਸਤ ਕਲੰਦਰ, ਦਾਣੇ ਪੇ ਦਾਣਾ ਵਰਗੇ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਸ਼ਾਜ਼ੀਆ ਨੇ ਕਿਹਾ ਕਿ ਉਹ ਹੁਣ ਆਪਣੀ ਗਾਇਕੀ ਛੱਡ ਰਹੀ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਸ਼ਾਜ਼ੀਆ ਨੇ ਕਿਹਾ ਕਿ ਉਨ੍ਹਾਂ ਨੇ ਗਾਉਣਾ ਛੱਡਣ ਦਾ ਫੈਸਲਾ ਕੀਤਾ ਹੈ।

ਉਹ ਹੁਣ ਪੂਰੀ ਜ਼ਿੰਦਗੀ ਇਸਲਾਮੀ ਸਿਖਿਆ ਦੇ ਅਨੁਸਾਰ ਜਿਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਫੈਸਲਾ ਕਰ ਲਿਆ ਹੈ ਕਿ ਹੁਣ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਇਸਲਾਮ ਦੀ ਸੇਵਾ 'ਚ ਬਤੀਤ ਕਰਨੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਹਮਾਇਤ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਪ੍ਰਸ਼ੰਸਕ ਮੇਰੇ ਫੈਸਲੇ ਦਾ ਸਮਰਥਨ ਕਰਨਗੇ। ਉਹ ਆਪਣਾ ਫੈਸਲਾ ਨਹੀਂ ਬਦਲੇਗੀ ਤੇ ਸ਼ੋਅਬਿਜ਼ 'ਚ ਮੁੜ ਕਦਮ ਨਹੀਂ ਰੱਖੇਗੀ।

ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸ਼ਾਜੀਆ ਨੇ ਸਿੰਧੀ, ਉਰਦੂ, ਪੰਜਾਬੀ, ਬਲੋਚੀ, ਸਰਾਇਕੀ ਅਤੇ ਕਸ਼ਮੀਰੀ ਭਾਸ਼ਾਵਾਂ ਵਿਚ ਗੀਤ ਗਾਏ। ਉਹ ਦੁਨੀਆ ਦੇ 45 ਦੇਸ਼ਾਂ ਵਿਚ ਆਪਣੇ ਸ਼ੋਅ ਕਰ ਚੁੱਕੀ ਹੈ। ਉਨ੍ਹਾਂ ਦੀ ਪਛਾਣ ਇੱਕ ਸੂਫੀ ਗਾਇਕਾ ਦੇ ਨਾਲ-ਨਾਲ ਸਿੰਧੀ ਲੋਕ ਕਲਾਕਾਰ ਵਜੋਂ ਵੀ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਰੀ ਜ਼ਾਇਰਾ ਵਸੀਮ ਨੇ ਵੀ ਧਰਮ ਦੀ ਖ਼ਾਤਰ ਫਿਲਮੀ ਦੁਨੀਆਂ ਨੂੰ ਛੱਡ ਦਿੱਤਾ ਸੀ। ਜ਼ਾਇਰਾ ਵਸੀਮ ਨੇ ਇਕ ਫੇਸਬੁੱਕ ਪੋਸਟ ਲਿਖ ਕੇ ਬਾਲੀਵੁੱਡ ਛੱਡਣ ਦਾ ਐਲਾਨ ਕੀਤਾ ਸੀ।