ਡਾਇਰੈਕਟਰ ਸੁੱਖ ਸੰਘੇੜਾ ਨੇ ਫ਼ਿਲਮ ਦੇ ਪੋਸਟਰ ਤੋਂ ਹਟਾਈ ਮੂਸੇਵਾਲਾ ਦੇ ਗਾਣੇ ਦੀ ਲਾਈਨ

ਏਜੰਸੀ

ਮਨੋਰੰਜਨ, ਪਾਲੀਵੁੱਡ

ਮੂਸੇਵਾਲਾ ਦੇ ਪਿਤਾ ਦੇ ਕਹਿਣ ਤੋਂ ਬਾਅਦ ਚੁੱਕਿਆ ਕਦਮ 

Sukh Sanghera

ਮਾਨਸਾ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੌਤ ਤੋਂ ਬਾਅਦ ਸਿੱਧੂ ਦੇ ਕਈ ਗਾਣੇ ਅੱਧ ਵਿਚਕਾਰ ਹੀ ਰਹਿ ਗਏ ਤੇ ਉਸ ਦੇ ਕਈ ਗਾਣੇ ਲੀਕ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਤੇ ਕਈ ਗਾਇਕ ਅਪਣੇ ਗੀਤਾਂ ਵਿਚ ਸਿੱਧੂ ਦੇ ਗਾਣਿਆਂ ਦੀਆਂ ਲਾਈਨਾਂ ਵਰਤ ਰਹੇ ਹਨ ਜਿਸ ਨੂੰ ਲੈ ਕੇ ਸਿੱਧੂ ਦੇ ਪਿਤਾ ਨੇ ਉਹਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ। 

ਹਾਲ ਹੀ 'ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਡਾਇਰੈਕਟਰ ਸੁੱਖ ਸੰਘੇੜਾ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਬਦਲ ਲਿਆ ਹੈ। ਦਰਅਸਲ, ਸੁੱਖ ਸੰਘੇੜਾ ਨੇ ਆਪਣੀ ਫ਼ਿਲਮ 'ਬੀ ਟਾਊਨ' ਦਾ ਪੋਸਟਰ ਬਦਲ ਦਿੱਤਾ ਹੈ ਅਤੇ ਸਿੱਧੂ ਦੇ ਗੀਤ ਦੀ ਇਕ ਲਾਈਨ ਵੀ ਹਟਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਕਹਿਣ 'ਤੇ ਸੁੱਖ ਸੰਘੇੜਾ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਪੁੱਤਰ ਦਾ ਕੋਈ ਵੀ ਗੀਤ ਜਾਂ ਸਾਡੇ ਪੁੱਤ ਨਾਲ ਸਬੰਧਿਤ ਕੋਈ ਵੀ ਚੀਜ਼ ਕਿਸੇ ਅਦਾਕਾਰ ਜਾਂ ਗਾਇਕ ਵਲੋਂ ਸਾਂਝੀ ਜਾਂ ਰਿਲੀਜ਼ ਨਾ ਕੀਤੀ ਜਾਵੇ।

ਸਾਡੀ ਮਨਜ਼ੂਰੀ ਤੋਂ ਬਿਨ੍ਹਾਂ ਜੇਕਰ ਕੋਈ ਅਜਿਹਾ ਕਦਮ ਚੁੱਕਦਾ ਹੈ ਤਾਂ ਉਹ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ।  ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਮਿਊਜ਼ਿਕ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ। ਸਿੱਧੂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤ ਲੋਕ ਸੁਣ ਰਹੇ ਹਨ। ਉਨ੍ਹਾਂ ਦੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ 'ਚ 'ਦਿ ਲਾਸਟ ਰਾਈਡ', '295', 'ਲੈਵਲਜ਼', 'ਈਸਟ ਸਾਈਡ ਫ਼ਲੋ' ਅਤੇ ਹੋਰ ਕਈ ਗੀਤ ਹਨ।