ਬੱਬੂ ਮਾਨ ਨੇ ਪੰਜਾਬੀ ਮਾਂ ਬੋਲੀ 'ਤੇ ਲਿਖੀ ਆਪਣੀ ਜ਼ੁਬਾਨੀ, ਸ਼ੇਅਰ ਕੀਤੀ ਪੋਸਟ 

ਏਜੰਸੀ

ਮਨੋਰੰਜਨ, ਪਾਲੀਵੁੱਡ

ਉਨ੍ਹਾਂ ਨੇ ਆਪਣੀ ਕਲਮ 'ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ 'ਤੇ ਲਿਖ ਕੇ ਸੋਸ਼ਲ਼ ਮੀਡੀਆ 'ਤੇ ਸਾਂਝਾ ਕੀਤਾ ਹੈ

Babbu Mann

ਜਲੰਧਰ - ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਅਧਿਕਾਰਿਤ ਭਾਸ਼ਾ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਪੰਜਾਬ 'ਚ ਇਸ ਗੱਲ ਦਾ ਬਹੁਤ ਵਿਰੋਧ ਹੋ ਰਿਹਾ ਹੈ। ਪੰਜਾਬ ਭਾਸ਼ਾ ਨੂੰ ਲੈ ਕੇ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਕੈਪਸ਼ਨ 'ਚ ਲਿਖਿਆ ਹੈ, 'ਪੰਜਾਬੀ ਮਾਂ ਬੋਲੀ ਜ਼ਿੰਦਾਬਾਦ…!!!!! ਪੰਜਾਬ ਪੰਜਾਬੀਅਤ ਜ਼ਿੰਦਾਬਾਦ….!!!

ਉਨ੍ਹਾਂ ਨੇ ਆਪਣੀ ਕਲਮ 'ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ 'ਤੇ ਲਿਖ ਕੇ ਸੋਸ਼ਲ਼ ਮੀਡੀਆ 'ਤੇ ਸਾਂਝਾ ਕੀਤਾ ਹੈ। ਪੋਸਟਰ 'ਚ ਬੱਬੂ ਮਾਨ ਨੇ ਲਿਖਿਆ ਹੈ– 'ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਇਸ ਵਤਨ ਲਈ ਕੀਤੀਆਂ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਦੁਨੀਆ ਦੀ ਅਜਿੱਤ ਕੌਮ ਅਫਗਾਨੀਆਂ ਦਾ ਲੱਕ ਤੋੜ ਕੇ ਘਰ ਬਿਠਾਉਣ ਵਾਲੇ ਵੀ ਪੰਜਾਬੀ ਸਨ। ਸੰਸਾਰ ਯੁੱਧ 'ਚ ਆਪਣੀਆਂ ਜਾਨਾਂ ਦੇ ਕੇ ਲੱਖਾਂ ਜਾਨਾਂ ਬਚਾਉਣ ਵਾਲੇ ਸਿੱਖ ਫੌਜੀਆਂ ਦੀ ਦੇਣ ਪੂਰੀ ਦੁਨੀਆ ਨਹੀਂ ਦੇ ਸਕਦੀ।

ਉਸ ਲਿਹਾਜ਼ ਨਾਲ ਪੰਜਾਬੀ ਮਾਂ ਬੋਲੀ ਇਕੱਲੇ ਜੰਮੂ ਕਸ਼ਮੀਰ 'ਚ ਨਹੀਂ ਸਗੋਂ ਵਤਨ ਦੇ ਹਰ ਸਕੂਲ 'ਚ ਪੰਜਾਬੀ ਪੜਾਉਣੀ ਚਾਹੀਦੀ ਹੈ। ਪੰਜਾਬ ਦੇ ਹਰ ਕਾਨਵੈਂਟ ਸਕੂਲ 'ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ 'ਚ ਜਾ ਕੇ, ਜਿਥੇ ਸਿੱਖ ਫੌਜੀਆਂ ਨੇ ਦਲੇਰੀ ਦਿਖਾਈ ਹੈ, ਪੰਜਾਬੀ ਦੀਆਂ ਕਿਤਾਬਾਂ ਲਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕੌਣ ਹਨ ਪੰਜਾਬੀ, ਕੌਣ ਹਨ ਸਿੱਖ...ਬਾਇਮਾਨ।'

ਬੱਬੂ ਮਾਨ ਵੱਲੋਂ ਲਿਖੇ ਇਹ ਬੋਲ ਲੋਕਾਂ ਦੇ ਦਿਲਾਂ ਨੂੰ ਰੂਹ ਰਹੇ ਹਨ ਤੇ ਬੱਬੂ ਮਾਨ ਦੇ ਫੈਨ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦਾ ਗੁਆਢੀ ਸੂਬਾ ਹੋਣ ਕਾਰਨ ਜੰਮੂ ਕਸ਼ਮੀਰ ਅੰਦਰ ਪੰਜਾਬੀ ਭਾਸ਼ਾ ਦੀ ਵਰਤੋਂ ਕਾਫ਼ੀ ਹੁੰਦੀ ਹੈ। ਜੰਮੂ ਕਸ਼ਮੀਰ 'ਚ ਸਿੱਖਾਂ ਦੀ ਆਬਾਦੀ ਲੱਖਾਂ 'ਚ ਹੈ। ਇਸੇ ਤਰ੍ਹਾਂ ਕਸ਼ਮੀਰ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਪੰਜਾਬ ਦੇ ਵਿਦਿਅਕ ਅਦਾਰਿਆਂ ਅੰਦਰ ਪੜ੍ਹਦੇ ਹਨ ਜੋ ਪੰਜਾਬੀ ਨੂੰ ਚੰਗੀ ਤਰ੍ਹਾਂ ਬੋਲਦੇ ਅਤੇ ਸਮਝਦੇ ਹਨ। ਇਸ ਤੋਂ ਇਲਾਵਾ ਹੋਰ ਕਈ ਕਾਰਨ ਮੌਜੂਦ ਹਨ ਜਿਹੜੇ ਜੰਮੂ ਕਸ਼ਮੀਰ ਅੰਦਰ ਪੰਜਾਬੀ ਨੂੰ ਢੁਕਵਾਂ ਸਥਾਨ ਦਿਵਾਉਣ ਲਈ ਕਾਫ਼ੀ ਹਨ।