ਹੰਬਲ ਮੋਸ਼ਨ ਪਿਕਚਰਜ਼ ਦੇ ਨਾਂ ’ਤੇ ਵੱਜ ਰਹੀ ਠੱਗੀ, ਗਿੱਪੀ ਗਰੇਵਾਲ ਨੇ ਕੀਤਾ ਚੌਕਸ 

ਏਜੰਸੀ

ਮਨੋਰੰਜਨ, ਪਾਲੀਵੁੱਡ

ਕਿਹਾ - ਹੁਨਰ ਆਪਣੇ ਆਪ ਬੁਲੰਦੀ 'ਤੇ ਪਹੁੰਚਦਾ ਹੈ, ਸਾਡੇ ਵਲੋਂ ਪੈਸੇ ਲੈ ਕੇ ਨਹੀਂ ਕੀਤੀ ਜਾਂਦੀ ਕਾਸਟਿੰਗ

Gippy Grewal warns of scams in name of Humble Motion Pictures

ਚੰਡੀਗੜ੍ਹ : ਆਏ ਦਿਨ ਸੋਸ਼ਲ ਮੀਡੀਆ 'ਤੇ ਠੱਗੀਆਂ ਮਾਰਨ ਵਾਲੇ ਕੋਈ ਨਵਾਂ ਤਰੀਕਾ ਲੱਭ ਲੈਂਦੇ ਹਨ ਅਤੇ ਜ਼ਿਆਦਾਤਰ ਵੱਡੇ ਲੋਕਾਂ ਦੇ ਨਾਮ 'ਤੇ ਲੋੜਵੰਦਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਤਾਜ਼ਾ ਮਾਮਲਾ ਵੀ ਕੁਝ ਅਜਿਹਾ ਹੀ ਹੈ। ਦੱਸ ਦੇਈਏ ਕਿ ਹੁਣ ਹੰਬਲ ਮੋਸ਼ਨ ਪਿਕਚਰਜ਼ ਦੇ ਨਾ 'ਤੇ ਲੋਕਾਂ ਤੋਂ ਪੈਸੇ ਹੜੱਪੇ ਜਾ ਰਹੇ ਹਨ ਜਿਸ ਪਰੇ ਖੁਦ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ।

ਗਿੱਪੀ ਗਰੇਵਾਲ ਨੇ ਇਸ ਬਾਰੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਹੰਬਲ ਮੋਸ਼ਨ ਪਿਕਚਰਜ਼ ਦੇ ਨਾਂ ’ਤੇ ਪੈਸੇ ਠੱਗਣ ਵਾਲਿਆਂ ਤੋਂ ਬਚੋ। ਉਨ੍ਹਾਂ ਲਿਖਿਆ, ‘‘ਅਸੀਂ ਸਾਰਿਆਂ ਦੇ ਧਿਆਨ ’ਚ ਲਿਆਉਣਾ ਚਾਹੁੰਦੇ ਹਾਂ ਕਿ ਹੰਬਲ ਮੋਸ਼ਨ ਪਿਕਚਰਜ਼ ਵਲੋਂ ਕਿਸੇ ਤਰ੍ਹਾਂ ਦੇ ਪੈਸੇ ਲੈ ਕੇ ਕਾਸਟਿੰਗ ਨਹੀਂ ਕੀਤੀ ਜਾਂਦੀ। ਸਾਨੂੰ ਲੱਗਦਾ ਹੈ ਕਿ ਹੁਨਰ ਆਪਣੇ ਆਪ ਬੁਲੰਦੀ 'ਤੇ ਪਹੁੰਚਦਾ ਹੈ।

ਅਸੀਂ ਇਹ ਵੀ ਯਕੀਨੀ ਬਣਾਉਂਦੇ ਹਾਂ ਕਿ ਕਾਸਟਿੰਗ ਕਿਸੇ ਤੀਜੇ ਬੰਦੇ ਵਲੋਂ ਨਾ ਕੀਤੀ ਜਾਵੇ।'' ਗਿੱਪੀ ਗਰੇਵਾਲ ਨੇ ਠੱਗਾਂ ਤੋਂ ਚੌਕਸ ਰਹਿਣ ਦੀ ਅਪੀਲ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਕਾਸਟਿੰਗ ਕਾਲ ਸਿਰਫ ਉਨ੍ਹਾਂ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲਸ ਤੋਂ ਹੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਪੋਸਟ ਵਿਚ ਨੰਬਰ ਅਤੇ ਈ-ਮੇਲ ਵੀ ਸਾਂਝੇ ਕੀਤੇ ਹਨ ਜਿਨ੍ਹਾਂ ਤੋਂ ਚੌਕਸ ਰਹਿਣ ਬਾਰੇ ਵੀ ਕਿਹਾ ਹੈ।

ਉਨ੍ਹਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਉਕਤ ਨੰਬਰ ਤੇ ਈ-ਮੇਲ ਆਈ. ਡੀ. ਨਾ ਤਾਂ ਸਾਡੇ ਨਾਲ ਸਬੰਧਤ ਹਨ ਤੇ ਨਾ ਹੀ ਸਾਡੇ ਕਿਸੇ ਮੁਲਾਜ਼ਮ ਨਾਲ। ਜ਼ਿਕਰਯੋਗ ਹੈ ਕਿ ਕੁਝ ਲੋਕਾਂ ਵਲੋਂ ਹੰਬਲ ਮੋਸ਼ਨ ਪਿਕਚਰਜ਼ ਦੇ ਨਾਂ ’ਤੇ ਲੋਕਾਂ ਨੂੰ ਫ਼ਿਲਮਾਂ ’ਚ ਮੌਕਾ ਦੇਣ ਲਈ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।