Sunanda Sharma News : ਸੁਨੰਦਾ ਸ਼ਰਮਾ ਦੇ ਹੱਕ 'ਚ ਨਿੱਤਰੇ ਇਹ ਪੰਜਾਬੀ ਕਲਾਕਾਰ, ਗਾਇਕਾ ਨੂੰ ਦਿੱਤਾ ਥਾਪੜਾ
Sunanda Sharma News : 'ਅਕਸਰ ਕੰਪਨੀਆਂ ਏਦਾਂ ਕਰਦੀਆਂ ਆਈਆਂ'-ਬੱਬੂ ਮਾਨ
Sunanda Sharma case : ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਬੇਹੱਦ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਗਾਇਕਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਆਪਣਾ ਦਰਦ ਜ਼ਾਹਰ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਨਾਲ ਕੀ ਹੋਇਆ ਹੈ।
ਦਰਅਸਲ, ਗਾਇਕਾ ਨੇ ਨਿਰਮਾਤਾ ਅਤੇ ਇੱਕ ਮਿਊਜ਼ਿਕ ਕੰਪਨੀ ਦੇ ਮਾਲਕ 'ਤੇ ਧੋਖਾਧੜੀ ਅਤੇ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ ਪੰਜਾਬ ਇੰਡਸਟਰੀ ਦੇ ਕਈ ਕਲਾਕਾਰ ਉਨ੍ਹਾਂ ਦੇ ਸਮਰਥਨ 'ਚ ਸਾਹਮਣੇ ਆਏ ਹਨ। ਸੁਨੰਦਾ ਸ਼ਰਮਾ ਦਾ ਸਮਰਥਨ ਕਰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਵੀ ਆਪਣੇ ਨਾਲ ਵਾਪਰੀ ਅਜਿਹੀ ਘਟਨਾ ਦਾ ਜ਼ਿਕਰ ਕੀਤਾ।
ਪੰਜਾਬੀ ਗਾਇਕ ਕਾਕਾ ਨੇ ਪੋਸਟ ਵਿੱਚ ਸੁਨੰਦਾ ਦਾ ਸਮਰਥਨ ਕਰਦਿਆਂ ਲਿਖਿਆ, ਮੈਂ ਸੋਚਿਆ ਬੱਸ ਮੈਨੂੰ ਹੀ ਲੁੱਟਿਆ ਜਾ ਰਿਹੈ, ਹੁਣ ਪਤਾ ਲੱਗਾ ਕਿ ਇਥੇ ਕਿੰਨੇ ਲੋਕਾਂ ਦੀ ਰੋਟੀ ਖੋਹੀ ਜਾ ਰਹੀ ਹੈ ਅਤੇ ਫਿਰ ਇਹ ਕਹਿੰਦੇ ਹਨ ਕਿ ਅਸੀਂ ਰੋਟੀ ਪਾਈ ਹੈ। ਅਜੇ ਇਸ ਕੇਸ ਵਿੱਚ ਹੋਰ ਵੀ ਪਰਤਾਂ ਖੁੱਲ੍ਹਣਗੀਆਂ।
ਇਸ ਦੇ ਨਾਲ ਹੀ ਅਦਾਕਾਰਾ ਸੋਨਮ ਬਾਜਵਾ ਨੇ ਅੱਗੇ ਆਉਂਦਿਆਂ ਕਿਹਾ ਕਿ ਸੱਚ ਦੀ ਹੀ ਜਿੱਤ ਹੁੰਦੀ ਹੈ।
ਸੁਨੰਦਾ ਸ਼ਰਮਾ ਦੇ ਹੱਕ ਵਿਚ ਅੱਗੇ ਆਈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਮੇਰੇ ਨਾਲ ਵੀ 2017 'ਚ ਇਹੀ ਕੁਝ ਹੋਇਆ ਸੀ। ਮੈਂ ਰੋਂਦੀ ਰਹੀ ਤੇ ਕੰਮ ਦੀ ਭੀਖ ਮੰਗਦੀ ਰਹੀ। ਮੈਂ ਬਿਨ੍ਹਾਂ ਪੈਸਿਆਂ ਤੋਂ 7 ਮਹੀਨੇ ਤੱਕ ਕੰਮ ਕੀਤਾ। ਮੈਂ ਚੁੱਪ ਚਾਪ ਆਪਣੀ ਲੜਾਈ ਲੜੀ। ਇਹ ਸਾਡੇ ਨਾਲ MIND GAME ਖੇਡਦੇ ਹਨ। ਪੰਜਾਬ ਵਿਚ ਹਰ ਦੂਜੇ ਕਲਾਕਾਰ ਦੀ ਇਹੀ ਕਹਾਣੀ ਹੈ।
ਪੰਜਾਬੀ ਗਾਇਕ ਬੱਬੂ ਮਾਨ ਨੇ ਸਮਰਥਨ ਵਿਚ ਆਉਂਦਿਆਂ ਕਿਹਾ ਕਿ ਬੀਬੀ ਸੁਨੰਦਾ ਸ਼ਰਮਾ ਦੀ ਸਟੋਰੀ ਵੇਖੀ। ਅਕਸਰ ਕੰਪਨੀਆਂ ਅਜਿਹਾ ਹੀ ਕਰਦੀਆਂ ਹਨ। ਇਸ ਔਖੇ ਸਮੇਂ ਵਿਚ ਅਸੀਂ ਤੇਰੇ ਨਾਲ ਹਾਂ। ਘਬਰਾਉਣਾ ਨਹੀਂ, ਦਬਣਾ ਨਹੀਂ ਹੈ।
ਸੁਨੰਦਾ ਸ਼ਰਮਾ ਦੇ ਹੱਕ ’ਚ ਆਏ ਅਮਰ ਨੂਰੀ ਨੇ ਪੋਸਟ ਸਾਂਝੀ ਕਰ ਕੇ ਲਿਖਿਆ ਕਿ ਸੁਨੰਦਾ ਬੇਟਾ ਅਸੀਂ ਸਾਰੇ ਤੇਰੇ ਨਾਲ ਹਾਂ। ਤੂੰ ਬਿਲਕੁਲ ਵੀ ਨਹੀਂ ਘਬਰਾਉਣਾ। ਜਦੋਂ ਮਰਜ਼ੀ ਆਵਾਜ਼ ਦੇ ਦਈ ਅਸੀਂ ਤੇਰੇ ਨਾਲ ਖੜ੍ਹੇ ਹਾਂ। ਰੱਬ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਸਾਰੰਗ ਸਿਕੰਦਰ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਸਿਕੰਦਰ ਪਰਿਵਾਰ ਤੁਹਾਡੇ ਨਾਲ ਹੈ।