ਗਾਇਕ ਜੋੜੀ ਪੀੜਤ ਕਿਸਾਨਾਂ ਦੀ ਮਦਦ ਲਈ ਕੈਨੇਡਾ ਫੇਰੀ 'ਤੇ
ਪ੍ਰਵਾਸੀਆਂ ਦੇ ਸਹਿਯੋਗ ਨਾਲ ਸ਼ੋਅ ਦੀ ਰਕਮ ਭੇਜਣਗੇ ਪੰਜਾਬ
ਵੈਨਕੂਵਰ, ਪਿਛਲੇ ਦਿਨੀਂ ਪੰਜਾਬ 'ਚ ਬਿਜਲੀ ਦੀਆਂ ਤਾਰਾਂ ਡਿੱਗਣ ਕਰ ਕੇ ਅੱਗ ਲੱਗਣ ਨਾਲ ਕਣਕ ਦੀ ਖੜੀ ਪੱਕੀ ਫ਼ਸਲ ਸੜ ਕੇ ਸੁਆਹ ਹੋਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।ਪੀੜਤ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪੰਜਾਬ ਦੀ ਸੁਪ੍ਰਸਿੱਧ ਪੰਜਾਬੀ ਦੋਗਾਣਾ ਗਾਇਕ ਜੋੜੀ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ ਨੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪੀੜਤ ਕਿਸਾਨਾਂ ਦੀ ਮਦਦ ਲਈ ਕੈਨੇਡਾ ਪਹੁੰਚੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਜੋੜੀ ਨੇ ਦਸਿਆ ਕਿ ਉਹ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਣਕ ਸੜਨ ਦੇ ਪੀੜਤ ਕਿਸਾਨਾਂ ਦੀ ਮਦਦ ਲਈ ਕੈਨੇਡਾ ਤੋਂ ਚੈਰਿਟੀ ਮਿਊਜ਼ੀਕਲ ਸ਼ੋਅ ਦੀ ਸ਼ੁਰੂਆਤ ਕਰ ਕੇ ਸ਼ੋਅ ਤੋਂ ਇਕੱਤਰ ਹੋਣ ਵਾਲੀ ਸਾਰੀ ਰਾਸ਼ੀ ਕਣਕ ਦੇ ਪੀੜਤ ਕਿਸਾਨਾਂ ਨੂੰ ਭੇਜਣਗੇ।
ਉਨ੍ਹਾਂ ਕਿਹਾ ਕਿ ਸਾਡੀ ਕਲਾਕਾਰ ਪਾਰਟੀ ਦੇ ਕੈਨੇਡਾ ਹੁੰਦਿਆਂ ਹੋਇਆਂ ਜਿਹੜੀਆਂ ਵੀ ਸੰਸਥਾਵਾਂ ਇਸ ਭਲੇ ਦੇ ਕੰਮ ਲਈ ਕਿਸਾਨਾਂ ਦੀ ਮੱਦਦ ਲਈ ਸ਼ੋਅ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਭਲੇ ਦੇ ਕੰਮ ਲਈ ਸਭਨਾਂ ਨੂੰ ਆਪੋ-ਅਪਣੇ ਕਾਰੋਬਾਰਾਂ ਜਾਂ ਸਿੱਧੇ ਤੌਰ 'ਤੇ ਪੀੜਤ ਕਿਸਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਕਿਸਾਨ ਵਰਗ ਹੀ ਹਰ ਇਕ ਲਈ ਰੋਟੀ ਦਾ ਵੱਡਾ ਸਾਧਨ ਹੈ।12 ਮਈ ਨੂੰ ਐਲਡਰਗਰੋਵ ਟਾਊਨ ਵਿਖੇ ਪੀੜਤ ਕਿਸਾਨਾਂ ਦੀ ਮਦਦ ਲਈ ਹੋ ਰਹੇ ਚੈਰਿਟੀ ਮਿਊਜ਼ੀਕਲ ਸ਼ੋਅ ਬਾਰੇ ਗੱਲਬਾਤ ਕਰਦਿਆਂ ਬਖਤੜੀਵਾਲਾ ਨੇ ਕਿਹਾ ਕਿ ਉਹ ਇਸ ਕੰਮ ਦੀ ਸ਼ੁਰੂਆਤ ਕਰਨ ਲਈ ਹੀ ਕੁਝ ਸਮੇਂ ਵਾਸਤੇ ਅਪਣੀ ਕੈਨੇਡਾ ਫੇਰੀ 'ਤੇ ਆਏ ਹਨ ਤਾਂ ਕਿ ਇਸ ਤਰਾਂ ਦੇ ਹੋਰ ਪ੍ਰੋਗਰਾਮਾਂ ਤੋਂ ਇਕੱਤਰ ਕੀਤੀ ਰਕਮ ਨਾਲ ਪੀੜਤ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ।