ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ ਮੌਕੇ 150 ਮੋਬਾਇਲ ਫ਼ੋਨ ਹੋਏ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਲੋਕਾਂ ਦੀ ਜੇਬਾਂ ਕੱਟੇ ਜਾਣ ਕਾਰਨ ਲੱਖਾਂ ਰੁਪਏ ਵੀ ਹੋਏ ਚੋਰੀ

150 mobile phones stolen during singer Rajveer Jawanda's funeral

ਲੁਧਿਆਣਾ : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ 9 ਅਕਤੂਬਰ ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਪਿੰਡ ਪੌਣਾ ਵਿੱਚ ਕੀਤਾ ਗਿਆ ਸੀ। ਅੰਤਿਮ ਸਸਕਾਰ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਰਾਜਵੀਰ ਜਵੰਦਾ ਦੇ ਸਸਕਾਰ ਵਿਚ  ਸ਼ਾਮਲ ਹੋਏ। ਮੁੱਖ ਮੰਤਰੀ ਦੀ ਫੇਰੀ ਨੂੰ ਧਿਆਨ ਵਿਚ ਰੱਖਦੇ ਹੋਏ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਫਿਰ ਵੀ 150 ਤੋਂ ਵੱਧ ਲੋਕਾਂ ਦੇ ਮੋਬਾਇਲ ਫ਼ੋਨ ਚੋਰੀ ਹੋ ਗਏ ਜਦਕਿ ਲੋਕਾਂ ਦੀਆਂ ਜੇਬਾਂ ਕੱਟੇ ਜਾਣ ਕਾਰਨ ਲੱਖਾਂ ਰੁਪਏ ਵੀ ਚੋਰੀ ਹੋਏ।

ਗਾਇਕ ਗਗਨ ਕੋਕਰੀ ਨੇ ਜਾਣਕਾਰੀ ਦਿੰਦੇ  ਹੋਏ ਕਿਹਾ ਕਿ ਰਾਜਵੀਰ ਦੇ ਨਾਲ ਜਿਨ੍ਹਾਂ ਲੋਕਾਂ ਦਾ ਰੋਜ਼ਾਨਾ ਮਿਲਣਾ-ਜੁਲਨਾ ਨਹੀਂ ਸੀ, ਉਹ ਲੋਕ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ। ਬਹੁਤ ਸਾਰੇ ਕਲਾਕਾਰ ਤਾਂ ਅਜਿਹੇ ਵੀ ਆਏ ਸਨ, ਜੋ ਕਦੇ ਰਾਜਵੀਰ ਨੂੰ ਮਿਲੇ ਵੀ ਨਹੀਂ ਸਨ। ਫਿਰ ਵੀ ਪਰਿਵਾਰ ਦੇ ਨਾਲ ਉਨ੍ਹਾਂ ਦੀ ਹਮਦਰਦੀ ਸੀ। ਇਸ ਦੁੱਖ ਦੀ ਘੜੀ ’ਚ ਕੁੱਝ ਅਜਿਹੇ ਲੋਕ ਵੀ ਸਨ, ਜੋ  ਪੂਰੀ ਪਲਾਨਿੰਗ ਦੇ ਨਾਲ ਸਸਕਾਰ ਮੌਕੇ ਆਏ ਅਤੇ ਇਨ੍ਹਾਂ ਲੋਕਾਂ ਨੇ 150 ਤੋਂ ਜ਼ਿਆਦਾ ਲੋਕਾਂ ਦੇ ਮੋਬਾਇਲ ਫ਼ੋਨ ਚੋਰੀ ਕੀੇਤੇ। ਗਗਨ ਕੋਕਰੀ ਨੇ ਦੱਸਿਆ ਕਿ ਮੇਰਾ ਖੁਦ ਦਾ ਮੋਬਾਇਲ ਫ਼ੋਨ, ਜਸਬੀਰ ਜੱਸੀ, ਪਿੰਕੀ ਧਾਲੀਵਾਲ ਦੇ ਦੋ ਮੋਬਾਇਲ ਫ਼ੋਨ ਹੋਏ। ਬਾਸ ਮਿਊਜ਼ਿਕ ਡਾਇਰੈਕਟਰ ਦਾ ਮੋਬਾਇਲ ਵੀ ਗਾਇਬ ਹਇਆ। ਮੇਰੇ ਖੁਦ ਦੀ ਪਹਿਚਾਣ ਵਾਲੇ ਜੋ ਲੋਕ ਹਨ, ਉਨ੍ਹਾਂ ਦੇ ਜੇਕਰ ਪੈਸਿਆਂ ਦੀ ਗੱਲ ਕਰੀਏ ਤਾਂ ਲਗਭਗ 2 ਤੋਂ 3 ਲੱਖ ਰੁਪਏ ਚੋਰੀ ਹੋ ਗਏ। ਕਈ ਲੋਕਾਂ ਤਾਂ ਅਜਿਹੇ ਵੀ ਹੋਣਗੇ ਜਿਨ੍ਹਾਂ ਦਾ ਹਾਲੇ ਪਤਾ ਹੀ ਨਹੀਂ ਅਤੇ ਜਿਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਨਹੀਂ ਲਿਖਵਾਈ ਗਈ।

ਮੈਂ ਹੈਰਾਨ ਹਾਂ ਅਜਿਹੇ ਲੋਕਾਂ ਤੋਂ ਜੋ ਪਲਾਨਿੰਗ ਦੇ ਨਾਲ ਆਏ ਅਤੇ ਇਹ ਸੋਚ ਕੇ ਆਏ ਕਿ ਉਨ੍ਹਾਂ ਨੇ ਚੋਰੀ ਕਰਨੀ ਹੈ। ਪ੍ਰਮਾਤਮਾ ਨੇ ਇਨ੍ਹਾਂ ਲੋਕਾਂ ਨੂੰ ਪਤਾ ਨਹੀਂ ਕਿਹੜੀ ਦੇਣੀ ਹੈ। ਗੱਲ ਸਾਡੇ ਮੋਬਾਇਲ ਫ਼ੋਨ ਚੋਰੀ ਹੋਣ ਦੀ ਨਹੀਂ ਹੈ, ਬਲਕਿ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਦੀ ਹੈ। ਮੇਲਿਆਂ ਜਾਂ ਰੈਲੀਆਂ ’ਤੇ ਮੰਨ ਸਕਦੇ ਹਾਂ ਕਿ ਮੋਬਾਇਲ ਫ਼ੋਨ ਚੋਰੀ ਹੋ ਜਾਂਦੇ ਹਨ ਜਾਂ ਜੇਬ ਕੱਟੀ ਜਾਂਦੀ ਹੈ ਪਰ ਸਸਕਾਰ ਮੌਕੇ ਚੋਰੀ ਹੋਣਾ ਬਹੁਤ ਗਲਤ ਗੱਲ ਹੈ।

ਇਹ ਕਿਸੇ ਇਕੱਲੇ ਵਿਅਕਤੀ ਦਾ ਕੰਮ ਨਹੀਂ ਸਗੋਂ 20-25 ਵਿਅਕਤੀਆਂ ਦੇ ਗਰੁੱਪ ਵੱਲੋਂ ਇਹ ਕੰਮ  ਕੀਤਾ ਗਿਆ ਹੈ। ਜੇਕਰ ਇਨ੍ਹਾਂ ਵਿਅਕਤੀਆਂ ਬਾਰੇ ਕਿਸੇ ਕੋਲ ਇਕ ਪ੍ਰਤੀਸ਼ਤ ਵੀ ਜਾਣਕਾਰੀ ਹੈ ਤਾਂ ਤੁਰੰਤ ਸਾਨੂੰ ਦੱਸਿਆ ਜਾਵੇ। ਇਸ ਤੋਂ ਬਾਅਦ ਅਸੀਂ ਇਕ ਉਦਾਹਰਣ ਪੇਸ਼ ਕਰਾਂਗੇ, ਤਾਂ ਜੋ ਇਹ ਵਿਅਕਤੀ ਅੱਗੇ ਤੋਂ ਅਜਿਹਾ ਕੰਮ ਨਾ ਕਰ ਸਕਣ। ਕਈ ਵਿਅਕਤੀਆਂ ਨੂੰ ਸਸਕਾਰ ਵਾਲੀ ਜਗ੍ਹਾ ਤੋਂ ਵਾਪਸ ਜਾਣ ਦੀ ਡਾਇਰੈਕਸ਼ਨ ਨਹੀਂ ਦਿੱਤੀ ਗਈ, ਕਿਉਂਕਿ ਸਾਰੇ ਲੋਕ ਮੋਬਾਇਲ ਫ਼ੋਨ ਤੋਂ ਹੀ ਡਾਇਰੈਕਸ਼ਨ ਦੇਖਦੇ ਹਨ। ਲੋਕਾਂ ਦੇ ਮੋਬਾਇਲਾਂ ’ਚ ਫ਼ੋਨ ਨੰਬਰਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜ਼ਰੂਰੀ ਜਾਣਕਾਰੀਆਂ ਵੀ ਹੁੰਦੀਆਂ ਹਨ।