ਪੜ੍ਹੋ ਗੰਨ ਕਲਚਰ 'ਤੇ ਸਖ਼ਤੀ ਨੂੰ ਲੈ ਕੇ ਕੀ ਬੋਲੇ ਪਰਮੀਸ਼ ਵਰਮਾ, 'RRR' ਨੂੰ ਲੈ ਕੇ ਵੀ ਕਹੀ ਵੱਡੀ ਗੱਲ 

ਏਜੰਸੀ

ਮਨੋਰੰਜਨ, ਪਾਲੀਵੁੱਡ

ਗਾਇਕ ਉਹੀ ਗੀਤ ਗਾਉਂਦੇ ਹਨ, ਜੋ ਦਰਸ਼ਕਾਂ ਨੂੰ ਪਸੰਦ ਹੁੰਦਾ ਹੈ। 

Parmish Verma

 

ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਪਿਛਲੇ ਕਰੀਬ 7-8 ਸਾਲਾਂ ਤੋਂ ਪਰਮੀਸ਼ ਵਰਮਾ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਹਾਲ ਹੀ 'ਚ ਪੰਜਾਬੀ ਮਾਡਲ ਤੇ ਸਮਾਜਸੇਵੀ ਅਨਮੋਲ ਕਵਾਤਰਾ ਟਾਕ ਸ਼ੋਅ 'ਚ ਪਹੁੰਚੇ ਸਨ। ਇਸ ਦੌਰਾਨ ਪਰਮੀਸ਼ ਵਰਮਾ ਨੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਪਰਮੀਸ਼ ਵਰਮਾ ਨੇ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਪਾਬੰਦੀ ਲਗਾਏ ਜਾਣ 'ਤੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ।

ਪਰਮੀਸ਼ ਵਰਮਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਗੱਲ ਨਾਲ ਸਹਿਮਤ ਹਨ ਕਿ ਗੀਤ ਲੋਕਾਂ ਦੇ ਦਿਲ ਦਿਮਾਗ਼ 'ਤੇ ਅਸਰ ਕਰਦੇ ਹਨ ਪਰ ਇਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਵੀ ਬਿਲਕੁਲ ਸਾਫ਼ ਹੋਣੇ ਚਾਹੀਦੇ ਹਨ। ਪਰਮੀਸ਼ ਵਰਮਾ ਨੇ ਕਿਹਾ ਕਿ ਉਹ ਇਹ ਗੱਲ ਸਰਕਾਰ ਨੂੰ ਲੈ ਕੇ ਨਹੀਂ ਬਲਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਕਲਾਕਾਰਾਂ ਦੀ ਇੱਕ ਸਮਾਜਕ ਜ਼ਿੰਮੇਵਾਰੀ ਹੁੰਦੀ ਹੈ ਪਰ ਇਸ ਨੂੰ ਲੈ ਕੇ ਪੂਰੀ ਕਲੈਰਿਟੀ ਹੋਣੀ ਜ਼ਰੂਰੀ ਹੈ, ਕਿਉਂਕਿ ਜੇਕਰ ਪੰਜਾਬ 'ਚ ਗੰਨ ਕਲਚਰ ਪ੍ਰਮੋਟ ਕਰਨ 'ਤੇ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ ਤਾਂ ਪੰਜਾਬ ਵਰਗੇ ਸੂਬੇ 'ਚ 'ਆਰ. ਆਰ. ਆਰ' ਵਰਗੀਆਂ ਫ਼ਿਲਮਾਂ ਚੰਗਾ ਬਿਜ਼ਨੈੱਸ ਵੀ ਕਰਦੀਆਂ ਹਨ। 

ਪਰਮੀਸ਼ ਵਰਮਾ ਨੇ ਸਿੱਧੂ ਮੂਸੇਵਾਲਾ ਦੇ ਇੱਕ ਪੁਰਾਣੇ ਇੰਟਰਵਿਊ ਦਾ ਜ਼ਿਕਰ ਵੀ ਕੀਤਾ ਹੈ ਜਿਸ 'ਚ ਮੂਸੇਵਾਲਾ ਨੇ ਕਿਹਾ ਸੀ ਕਿ ਜੇਕਰ ਪੰਜਾਬੀ ਗੀਤਾਂ 'ਚ ਅਸਲੇ ਦੇ ਜ਼ਿਕਰ ਤੋਂ ਕਿਸੇ ਨੂੰ ਦਿੱਕਤ ਹੈ ਜਾਂ ਇਸ ਨਾਲ ਬੁਰਾ ਪ੍ਰਭਾਵ ਪੈਂਦਾ ਹੈ, ਤਾਂ ਫਿਰ 'ਆਰ. ਆਰ. ਆਰ' ਅਤੇ 'ਕੇ. ਜੀ. ਐੱਫ' ਵਰਗੀਆਂ ਫ਼ਿਲਮਾਂ ਭਾਰਤ 'ਚ ਹਿੱਟ ਕਿਉਂ ਹੁੰਦੀਆਂ ਹਨ। ਪਰਮੀਸ਼ ਨੇ ਕਿਹਾ ਕਿ ਗੰਨ ਕਲਚਰ ਦਾ ਮੁੱਦਾ ਸਿਰਫ਼ ਪੰਜਾਬ ਦਾ ਹੀ ਨਹੀਂ ਹੈ, ਸਗੋਂ ਪੂਰੇ ਇੰਡੀਆ ਦਾ ਹੈ। ਅਸਲਾ ਤੇ ਡਰੱਗਜ਼ ਨੂੰ ਪੰਜਾਬ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਪਰ ਇਹ ਪੂਰੇ ਦੇਸ਼ ਦਾ ਸਾਂਝਾ ਮੁੱਦਾ ਹੈ। ਇਸ ਤੋਂ ਇਲਾਵਾ ਪਰਮੀਸ਼ ਵਰਮਾ ਨੇ ਕਿਹਾ ਕਿ ਗਾਇਕ ਉਹੀ ਗੀਤ ਗਾਉਂਦੇ ਹਨ, ਜੋ ਦਰਸ਼ਕਾਂ ਨੂੰ ਪਸੰਦ ਹੁੰਦਾ ਹੈ।