ਨਵੇਂ ਗੀਤ 'ਚ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ
ਪੁਲਿਸ ਕੋਲ ਪਹੁੰਚੀ ਸ਼ਿਕਾਇਤ
ਮੋਹਾਲੀ : ਪੰਜਾਬੀ ਗੀਤਾਂ ਵਿਚ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ ਪਾਬੰਦੀ ਲਗਾਈ ਗਈ ਹੈ ਪਰ ਹੁਣ ਗਾਇਕ ਮਨਕੀਰਤ ਔਲਖ ਆਪਣੇ ਨਵੇਂ ਗੀਤ ਨੂੰ ਲੈ ਕੇ ਫਿਰ ਮੁਸ਼ਕਿਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਗਾਇਕ ਮਨਕੀਰਤ ਔਲਖ ਖਿਲਾਫ ਪੁਲਿਸ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ।
ਕਮਿਸਟਰੀ ਗੁਰੂ ਮਨਦੀਪ ਸਿੰਘ ਨੇ ਜਲੰਧਰ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਸ਼ਿਕਾਇਤ ਦੀ ਇੱਕ ਕਾਪੀ ਡੀਜੀਪੀ ਗੌਰਵ ਯਾਦਵ ਨੂੰ ਈ-ਮੇਲ ਜ਼ਰੀਏ ਭੇਜ ਦਿੱਤੀ ਹੈ। ਉਨ੍ਹਾਂ ਵੱਲੋਂ ਦਰਜ ਸ਼ਿਕਾਇਤ ਮਨਕੀਰਤ ਔਲਖ ਦੇ ਨਵੇਂ ਗਾਣੇ ਨੂੰ ਲੈ ਕੇ ਹੈ। ਉਨ੍ਹਾਂ ਲਿਖਿਆ ਹੈ ਕਿ ਮਨਕੀਰਤ ਔਲਖ ਨੇ ਆਪਣੇ ਗਾਣੇ ਵਿਚ ਹਥਿਆਰਾਂ ਦੀ ਨੁਮਾਇਸ਼ ਕੀਤੀ ਹੈ। ਇੰਨਾ ਹੀ ਨਹੀਂ ਸਗੋਂ ਗੀਤ ਵਿਚ ਨਸ਼ਾ ਦਿਖਾਉਣ ਦੇ ਵੀ ਇਲਜ਼ਾਮ ਲਗਾਏ ਗਏ।
ਇਹ ਵੀ ਪੜ੍ਹੋ: ਰੱਖਿਆ ਵਿੱਤ ਪ੍ਰਣਾਲੀ ਮਜ਼ਬੂਤ ਫ਼ੌਜ ਦੀ ਰੀੜ੍ਹ ਦੀ ਹੱਡੀ ਹੈ : ਰਾਜਨਾਥ ਸਿੰਘ
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਆਦਿ ਦੀ ਨੁਮਾਇਸ਼ 'ਤੇ ਰੋਕ ਲਗਾਈ ਗਈ ਹੈ। ਉਧਰ ਕਮਿਸਟਰੀ ਗੁਰੂ ਨੇ ਇਸ ਤੋਂ ਪਹਿਲਾਂ ਗਾਇਕ ਹੈਪੀ ਰਾਏਕੋਟੀ ਖ਼ਿਲਾਫ਼ ਵੀ ਗੀਤ ਵਿਚ ਹਥਿਆਰਾਂ ਦੀ ਨੁਮਾਇਸ਼ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।
ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਦਾ ਨਵਾਂ ਗੀਤ ਰਾਈਜ਼ ਐਂਡ ਸ਼ਾਈਨ ਤਿੰਨ ਦਿਨ ਪਹਿਲਾਂ ਹੀ ਆਇਆ ਹੈ। ਇਸ ਤੋਂ ਪਹਿਲਾਂ ਵੀ ਮਨਕੀਰਤ ਔਲਖ ਕਈ ਵਿਵਾਦਾਂ ਵਿਚ ਫਸ ਚੁੱਕੇ ਹਨ।