ਪੰਜਾਬੀ ਗਾਇਕ ਗੁਰਨਾਮ ਭੁੱਲਰ ਵਿਰੁਧ ਮਾਮਲਾ ਦਰਜ
ਕੋਵਿਡ-19 ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ
ਪਟਿਆਲਾ: ਰਾਜਪੁਰਾ-ਚੰਡੀਗੜ੍ਹ ਰੋਡ ਉਤੇ ਸਥਿਤ ਪ੍ਰਾਈਮ ਸਿਨੇਮਾ ਸ਼ਾਪਿੰਗ ਮਾਲ ਵਿਚ ਬਿਨਾਂ ਮਨਜ਼ੂਰੀ ਤੋਂ ਅਪਣੇ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਪ੍ਰਸਿੱਧ ਪੰਜਾਬੀ ਕਲਾਕਾਰ ਗੁਰਨਾਮ ਭੁੱਲਰ, ਸ਼ਾਪਿੰਗ ਮਾਲ ਦੇ ਮਾਲਕ ਤੇ ਵੀਡਿਓਗ੍ਰਾਫ਼ਰ 'ਤੇ ਐਪੀਡੈਮਿਕ ਐਕਟ ਦੀ ਉਲੰਘਣਾ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਦੇ ਅਨੁਸਾਰ ਪ੍ਰਸਿੱਧ ਪੰਜਾਬੀ ਕਲਕਾਰ ਜਿਹੜਾ 'ਤੇਰੇ ਗੁੱਟ ਨੂੰ ਕੜਾ ਸਰਦਾਰਨੀਏ ਡਾਇਮੰਡ ਦੀ ਝਾਂਜਰ ਪਾ ਦਿਆਂਗੇ' ਦੇ ਨਾਲ ਚਰਚਾ ਵਿਚ ਆਏ ਸਨ ਤੇ ਅੱਜ ਇਥੋਂ ਦੇ ਪ੍ਰਾਈਮ ਸਿਨੇਮਾ ਵਿਚ ਆਪਣੀ ਟੀਮ ਦੇ ਨਾਲ ਗਾਣੇ ਦੀ ਸ਼ੂਟਿੰਗ ਕਰਨ ਪਹੁੰਚੇ ਸਨ। ਇਸ ਦੌਰਾਨ ਗੁਰਨਾਮ ਭੁੱਲਰ ਵਲੋਂ ਨਾ ਤਾਂ ਅਪਣੇ ਗਾਣੇ ਦੀ ਸ਼ੂਟਿੰਗ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਗਈ ਸੀ
ਤੇ ਕੋਵਿਡ-19 ਦੇ ਸਮਾਜਿਕ ਦੂਰੀ ਤੇ ਹੋਰਨਾਂ ਨਿਯਮਾਂ ਦੀ ਅਣਦੇਖੀ ਕਰਨ ਦੇ ਚਲਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਜਿਸ ਤੇ ਇਸ ਗੱਲ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਐੱਸ ਐੱਚ ਓ ਕਰਨਵੀਰ ਸਿੰਘ ਸੰਧੂ, ਪੁਲਿਸ ਚੌਕੀ ਜਨਸੂਆ ਇੰਚਾਰਜ ਥਾਣੇਦਾਰ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ ਤਾਂ ਉਥੇ ਕਲਾਕਾਰ ਗੁਰਨਾਮ ਭੁੱਲਰ ਤੇ ਪ੍ਰਾਈਮ ਸਿਨੇਮਾ ਦੇ ਮਾਲਕ ਤੋਂ ਗਾਣੇ ਦੀ ਸ਼ੂਟਿੰਗ ਸਬੰਧੀ ਮਨਜ਼ੂਰੀ ਬਾਰੇ ਪੁੱਛਿਆ ਗਿਆ
ਤਾਂ ਉਹ ਕਿਸੇ ਵੀ ਤਰ੍ਹਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਦਿਖਾ ਸਕੇ ਅਤੇ ਇਸ ਤਰ੍ਹਾਂ ਸਮਾਜਿਕ ਦੂਰੀ ਨਾ ਬਣਾ ਕੇ ਕੋਵਿਡ-19 ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।
ਜਿਸ ਤੇ ਸਦਰ ਪੁਲਿਸ ਵੱਲੋਂ ਕਲਾਕਾਰ ਗੁਰਨਾਮ ਭੁੱਲਰ, ਵੀਡਿਓਗ੍ਰਾਫਰ ਖੁਸ਼ਪਾਲ ਸਿੰਘ ਤੇ ਪ੍ਰਾਈਮ ਸਿਨੇਮਾ ਦੇ ਮਾਲਕ ਦੇ ਖਿਲਾਫ਼ ਐਪੀਡੈਮਿਕ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਰਾਜਪੁਰਾ ਐੱਸ ਪੀ ਅਕਾਸ਼ਦੀਪ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਲਾਕਾਰ ਗੁਰਨਾਮ ਭੁੱਲਰ ਤੇ ਉਨ੍ਹਾਂ ਦੀ ਟੀਮ ਮੈਂਬਰਾਂ ਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਦਰਜ ਕੀਤੇ ਕੇਸ ਦੀ ਪੁਸ਼ਟੀ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।