ਹਾਲੀਵੁੱਡ ਅਦਾਕਾਰ ਮਾਈਕਲ ਡਗਲਸ ਨੂੰ ਮਿਲੇਗਾ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਪੁਰਸਕਾਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ‘ਐਕਸ’ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿਤੀ।

Hollywood actor Michael Douglas will receive the Satyajit Ray Lifetime Achievement Award

 

ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਪ੍ਰਸਿੱਧ ਹਾਲੀਵੁੱਡ ਅਦਾਕਾਰ ਮਾਈਕਲ ਡਗਲਸ ਨੂੰ ਗੋਆ ਵਿਚ ਹੋਣ ਵਾਲੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ’ਚ ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ‘ਐਕਸ’ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿਤੀ।

ਉਨ੍ਹਾਂ ਦਸਿਆ ਕਿ ਅਦਾਕਾਰ ਮਾਈਕਲ ਡਗਲਸ ਅਪਣੀ ਪਤਨੀ ਕੈਥਰੀਨ ਜੇਟਾ ਜੋਨਸ ਅਤੇ ਬੇਟੇ ਡਾਇਲਨ ਡਗਲਸ ਨਾਲ ਗੋਆ ਵਿਚ 20 ਤੋਂ 28 ਨਵੰਬਰ ਤਕ ਹੋਣ ਵਾਲੇ 54ਵੇਂ ਕੌਮਾਂਤਰੀ ਫਿਲਮ ਫੈਸਟੀਵਲ ਆਫ ਇੰਡੀਆ ’ਚ ਸ਼ਿਰਕਤ ਕਰਨਗੇ। ਉਸ ਨੇ ਕਿਹਾ, ‘‘ਮਾਈਕਲ ਡਗਲਸ ਦਾ ਭਾਰਤ ਲਈ ਪਿਆਰ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਅਤੇ ਭਾਰਤ ਅਪਣੇ ਅਮੀਰ ਸਿਨੇਮੈਟਿਕ ਸਭਿਆਚਾਰ ਅਤੇ ਵਿਲੱਖਣ ਪਰੰਪਰਾਵਾਂ ਨੂੰ ਵਿਖਾਉਣ ਲਈ ਉਤਸੁਕ ਹੈ।’’

ਮਾਈਕਲ ਡਗਲਸ, 79, ਨੇ ਪੰਜ ਦਹਾਕਿਆਂ ਤੋਂ ਵੱਧ ਲੰਮੇ ਅਪਣੇ ਸ਼ਾਨਦਾਰ ਕਰੀਅਰ ’ਚ ਦੋ ਅਕੈਡਮੀ ਅਵਾਰਡ, ਪੰਜ ਗੋਲਡਨ ਗਲੋਬ ਅਵਾਰਡ ਅਤੇ ਇਕ ਐਮੀ ਅਵਾਰਡ ਜਿੱਤੇ ਹਨ। ‘ਵਾਲ ਸਟਰੀਟ (1987)’, ‘ਬੇਸਿਕ ਇੰਸਟਿੰਕਟ (1992)’, ‘ਫਾਲਿੰਗ ਡਾਊਨ (1993)’, ‘ਦਿ ਅਮਰੀਕਨ ਪ੍ਰੈਜ਼ੀਡੈਂਟ (1995)’, ‘ਟ੍ਰੈਫਿਕ (2000)’ ਅਤੇ ‘ਬਿਹਾਈਂਡ ਦ ਕੈਂਡੇਲਾਬਰਾ (2013)’ ਵਰਗੀਆਂ ਨਾ ਭੁੱਲਣ ਵਾਲੀਆਂ ਫਿਲਮਾਂ ’ਚ ਉਸ ਦੀਆਂ ਵਿਲੱਖਣ ਭੂਮਿਕਾਵਾਂ ਨੇ ਸਿਨੇਮਾ ਦੇ ਇਤਿਹਾਸ ’ਚ ਅਮਿੱਟ ਛਾਪ ਛੱਡੀ ਹੈ।

ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ, 1999 ’ਚ 30ਵੇਂ ਆਈ.ਐਫ.ਐਫ.ਆਈ.’ਚ ਸਥਾਪਤ ਕੀਤਾ ਗਿਆ ਸੀ, ਉਨ੍ਹਾਂ ਵਿਅਕਤੀਆਂ ਨੂੰ ਦਿਤਾ ਜਾਂਦਾ ਹੈ ਜਿਨ੍ਹਾਂ ਦੇ ਅਸਧਾਰਨ ਯੋਗਦਾਨਾਂ ਨੇ ਸਿਨੇਮਾ ਦੀ ਦੁਨੀਆਂ ਨੂੰ ਬਹੁਤ ਅਮੀਰ ਅਤੇ ਅੱਗੇ ਵਧਾਇਆ ਹੈ। ਫਿਲਮ ਉਦਯੋਗ ਦੇ ਮਹਾਨ ਕਲਾਕਾਰ ਮਾਈਕਲ ਡਗਲਸ ਨੇ ਅਪਣੀ ਵਿਲੱਖਣ ਪ੍ਰਤਿਭਾ ਅਤੇ ਅਪਣੀ ਕਲਾ ਪ੍ਰਤੀ ਵਚਨਬੱਧਤਾ ਨਾਲ ਵਿਸ਼ਵ ਪੱਧਰ ’ਤੇ ਦਰਸ਼ਕਾਂ ਨੂੰ ਮੋਹ ਲਿਆ ਹੈ।