ਜਸਵਿੰਦਰ ਭੱਲਾ ਤੇ ਸਚਿਨ ਅਹੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

''ਬੜੇ ਹੀ ਭਾਗਾਂ ਵਾਲੇ ਹਾ ਜੋ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ''

jaswinder bhalla and Sachin Ahuja

ਅੰਮ੍ਰਿਤਸਰ:  (ਰਾਜੇਸ਼ ਕੁਮਾਰ ਸੰਧੂ) ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ, ਮਿਉਜਿਕ ਡਾਇਰੈਕਟਰ ਸਚਿਨ ਅਹੁਜਾ ਅਤੇ ਵੀਡੀਓ ਡਾਇਰੈਕਟਰ ਰਾਣਾ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਨਤਮਸਤਕ ਹੋਏ ਅਤੇ ਰਸ ਬਾਣੀ ਦਾ ਆਨੰਦ ਵੀ ਮਾਣਿਆ।

ਇਸ ਮੌਕੇ ਗੱਲਬਾਤ ਕਰਦਿਆਂ ਜਸਵਿੰਦਰ ਭੱਲਾ ਨੇ ਕਿਹਾ ਕਿ ਉਹ ਬਹੁਤ ਹੀ ਕਰਮਾਂ ਵਾਲੇ ਹਨ ਜੋ ਉਹਨਾ ਨੂੰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਸੱਚ ਪੁੱਛੋ ਤਾ ਉਸ ਸਮੇਂ ਮਨ ਬਹੁਤ ਖੁਸ਼ ਹੋਇਆ ਜਦੋਂ ਗੁਰੂ ਘਰ ਪਹੁੰਚ ਕੇ ਸਚਖੰਡ ਵਿਚ ਅਰਦਾਸ ਮੌਕੇ ਹਾਜ਼ਰੀ ਲੱਗੀ।

 

ਉਹਨਾਂ ਕਿਹਾ ਕਿ ਬੀਤੀ ਰਾਤ ਉਹਨਾਂ ਦਾ ਅੰਮ੍ਰਿਤਸਰ ਵਿਖੇ ਪ੍ਰੋਗਰਾਮ ਸੀ ਜਿਸ ਤੋਂ ਬਾਅਦ ਅੱਜ ਗੁਰੂ ਘਰ ਹਾਜ਼ਰੀ ਲਾਉਣ ਆਪਣੇ ਸਾਥੀ ਕਲਾਕਾਰਾਂ ਮਿਉਜਿਕ ਡਾਇਰੈਕਟਰ ਸਚਿਨ ਅਹੁਜਾ ਅਤੇ ਵੀਡੀਓ ਡਾਇਰੈਕਟਰ ਰਾਣਾ ਦੇ ਨਾਲ ਗੁਰੂ ਘਰ ਪਹੁੰਚੇ ਹਾਂ ਜਿਥੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉਥੇ ਹੀ ਦੇਸ਼ਵਿਆਪੀ,ਦੇਸ਼ ਦੇ ਅੰਨਦਾਤਾ ਅਖਵਾਉਣ ਵਾਲੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਇਹ ਅਰਦਾਸ ਕੀਤੀ ਕਿ ਕੇਂਦਰ ਸਰਕਾਰ ਜਲਦ ਉਹਨਾ ਦੀਆਂ ਮੰਗਾਂ ਮੰਨੇ ਅਤੇ ਉਹ ਆਪਣੇ ਘਰਾਂ ਨੂੰ ਪਰਤ ਸਕਣ ।

ਬਹੁਤ ਲੰਮਾ ਸਮਾਂ ਇਸ ਸੰਘਰਸ਼ ਵਿਚ ਕਿਸਾਨਾ ਵੱਲੋਂ ਆਪਣੇ ਪਰਿਵਾਰਾਂ ਤੋਂ ਦੂਰ ਕੜਕਦੀ ਠੰਡ ਵਿਚ ਦਿੱਲੀ ਬਾਰਡਰ ਤੇ ਇਸ ਸੰਘਰਸ਼ ਵਿਚ ਯੋਗਦਾਨ ਪਾਇਆ ਗਿਆ ਹੈ ਅਤੇ ਜਿਥੇ ਹਰ ਵਰਗ ਇਸ ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਉਥੇ ਹੀ ਕਲਾਕਾਰ ਵੀ ਪਿੱਛੇ ਨਹੀ ਹਨ ਹਰ ਕਲਾਕਾਰ ਉਥੇ ਆਪਣੀ ਹਾਜ਼ਰੀ ਦੋ ਤਿੰਨ ਵਾਰ ਲਗਵਾ ਚੁੱਕਾ ਹੈ ਅਤੇ ਅਸੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕਿਸਾਨ ਭਰਾਵਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ।

ਕਿਸਾਨੀ ਸੰਘਰਸ਼ ਵਿਚ 26 ਜਨਵਰੀ ਵਿਚ ਹੋਈ  ਹਿੰਸਕ ਘਟਨਾ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਤਾਂ ਪਰਮਾਤਮਾ ਜਾਣਦਾ ਹੈ ਕਿ ਉਹ ਕੌਣ ਬੰਦੇ ਸਨ ਜੋ ਕਿਸਾਨੀ ਸੰਘਰਸ਼ ਦੀ ਆੜ ਵਿੱਚ ਇਹ ਕੰਮ ਕਰ ਗਏ ਪਰ ਸਿੱਧੇ ਤੌਰ ਤੇ ਇਹ ਸਭ ਕੁਝ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਘਿਣੌਨੀ ਸਾਜਿਸ਼ ਸੀ।