ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਦਿੱਲੀ ਦੇ ਕੇਐੱਮਪੀਐੱਲ 'ਤੇ ਵਾਪਰਿਆ ਭਿਆਨਕ ਹਾਦਸਾ

Deep Sidhu

 

ਚੰਡੀਗੜ੍ਹ: ਫਿਲਮ ਅਦਾਕਾਰ ਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦੀ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਵਿਚ ਮੌਤ ਹੋ ਗਈ।  ਅਦਾਕਾਰ ਦੀਪ ਸਿੱਧੂ ਅਪਣੀ USA ਤੋਂ ਮਹਿਲਾ ਦੋਸਤ ਰੀਨਾ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਹੇ ਸਨ। ਦੀਪ ਸਿੱਧੂ ਦੀ ਮੌਤ ਦੀ ਪੁਸ਼ਟੀ ਖਰਖੌਦਾ SHO ਨੇ ਕੀਤੀ ਹੈ। ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।

ਦੀਪ ਸਿੱਧੂ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਸੁਰਖੀਆਂ ਵਿਚ ਆਏ ਸਨ। ਉਸ ਨੂੰ ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲੇ 'ਤੇ ਹੋਈ ਹਿੰਸਾ ਦਾ ਵੀ ਦੋਸ਼ੀ ਬਣਾਇਆ ਗਿਆ ਸੀ। ਇਸ ਮਾਮਲੇ ਵਿਚ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਿੱਧੂ ਪੰਜਾਬ ਚੋਣਾਂ ਵਿਚ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਵੀ ਕਰ ਰਹੇ ਸਨ। 

ਪੁਲਿਸ ਦੀ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਸਕਾਰਪੀਓ ਗੱਡੀ ਚਲਾਉਂਦੇ ਸਮੇਂ ਅਚਾਨਕ ਦੀਪ ਸਿੱਧੂ ਨੇ ਉਥੇ ਇਕ ਟਰਾਲੀ ਖੜ੍ਹੀ ਦੇਖੀ। ਉਸ ਨੇ ਕਾਰ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਟਰਾਲੀ ਨਾਲ ਟਕਰਾ ਨਾ ਜਾਵੇ ਪਰ ਉਸ ਦੀ ਕਾਰ ਸਾਈਡ ਤੋਂ ਟਰਾਲੀ ਦੇ ਪਿੱਛੇ ਜਾ ਵੱਜੀ। ਦੀਪ ਸਿੱਧੂ ਖੁਦ ਕਾਰ ਚਲਾ ਰਿਹਾ ਸੀ, ਇਸ ਲਈ ਹਾਦਸੇ ਸਮੇਂ ਉਸ ਦੀ ਮੌਤ ਹੋ ਗਈ। ਉਸ ਦੀ ਮਹਿਲਾ ਮਿੱਤਰ ਰੀਨਾ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੀ ਸੀ।  ਰੀਨਾ ਦੇ ਵੀ ਸੱਟਾਂ ਲੱਗੀਆਂ ਹਨ ਪਰ ਉਹ ਬਚ ਗਈ। 

ਦੀਪ ਸਿੱਧੂ ਦੀ ਸਕਾਰਪੀਓ (PB10GK7047) ਕੁੰਡਲੀ ਮਾਨੇਸਰ ਹਾਈਵੇਅ 'ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਉਕਤ ਮਹਿਲਾ ਨੂੰ ਸੋਨੀਪਤ ਦੇ ਖਰਖੌਂਦਾ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੀਪ ਸਿੱਧੂ ਦਾ ਕੱਲ੍ਹ ਨੂੰ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਦੀ ਦੇਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਉਸ ਦਾ ਪੋਸਟਮਾਰਟਮ ਸੋਨੀਪਤ ਦੇ ਹਸਪਤਾਲ ਵਿਚ ਹੀ ਕੀਤਾ ਜਾਵੇਗਾ।