ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਦੀ Sidhu Moosewala ਤੇ Amrit Maan ਨੇ ਕਰਵਾਈ ਚਰਚਾ
ਜਸਵਿੰਦਰ ਬਰਾੜ ਦੀ Exclusive Interview,
ਚੰਡੀਗੜ੍ਹ: ਪੰਜਾਬੀ ਗਾਇਕਾ ਜਸਵਿੰਦਰ ਬਰਾੜ ਜਿਸ ਨੂੰ ਬਜ਼ੁਰਗ, ਮਾਤਾਵਾਂ, ਹਰ ਕੋਈ ਜਾਣਦਾ ਹੈ। ਜੇ ਕੁਲਦੀਪ ਮਾੜਕ ਦੇ ਅਖਾੜਿਆਂ ਵਿਚ ਇਕੱਠ ਹੁੰਦਾ ਸੀ ਤਾਂ ਜਸਵਿੰਦਰ ਬਰਾੜ ਦੇ ਅਖਾੜਿਆਂ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਸਨ। ਜਸਵਿੰਦਰ ਨੂੰ ਬਰਾੜ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ਕਿਉਂ ਕਿ ਉਹਨਾਂ ਨੇ ਵੱਡੀ ਗਿਣਤੀ ਵਿਚ ਅਖਾੜੇ ਲਗਾਏ ਹਨ। ਪਰ ਹੁਣ ਫਿਰ ਉਹ ਅਚਾਨਕ ਚਰਚਾ ਦਾ ਵਿਸ਼ਾ ਬਣ ਗਏ ਹਨ।
ਅੱਜ ਬੱਚਾ ਬੱਚਾ ਉਹਨਾਂ ਨੂੰ ਗੂਗਲ ਤੇ ਸਰਚ ਕਰ ਰਿਹਾ ਹੈ ਕਿ ਆਖਿਰ ਕੌਣ ਹੈ ਜਸਵਿੰਦਰ ਬਰਾੜ। ਦਰਅਸਲ ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬੀ ਗਾਇਕ ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲੇ ਨੇ ਅਪਣੇ ਗੀਤ ਵਿਚ ਉਹਨਾਂ ਦੇ ਨਾਮ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਹੀ ਹਰ ਕਿਸੇ ਨੂੰ ਉਹਨਾਂ ਨੂੰ ਗੂਗਲ ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ। ਸਪੋਕਸਮੈਨ ਟੀਮ ਵੱਲੋਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਜਿਸ ਵਿਚ ਉਹਨਾਂ ਨੇ ਅਪਣੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਜਸਵਿੰਦਰ ਬਰਾੜ ਦਾ ਕਹਿਣਾ ਹੈ ਕਿ ਇਹ ਪਲ ਉਹਨਾਂ ਦੀ ਜ਼ਿੰਦਗੀ ਦਾ ਇਕ ਨਵਾਂ ਪੜਾਅ ਹੈ। ਉਹਨਾਂ ਨੇ ਲਾਈਵ ਸ਼ੋਅ ਜ਼ਰੂਰ ਲਗਾਏ ਹਨ ਪਰ ਉਹ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੇ ਹਨ। ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਉਸ ਦਾ ਨਾਮ ਨਹੀਂ ਲਿਆ ਸਗੋਂ ਉਸ ਨੂੰ ਇਨਾਮ ਦਿੱਤਾ ਹੈ, ਇਕ ਸਤਿਕਾਰ ਦਿੱਤਾ ਹੈ।
ਉਸ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਜਾਂ ਕੋਈ ਹੋਰ ਸੰਸਥਾ ਉਹਨਾਂ ਦੀ ਸਾਫ਼-ਸੁਥਰੀ ਗਾਇਕੀ ਨੂੰ ਸਨਮਾਨਿਤ ਕਰੇਗੀ ਪਰ ਇਹ ਸੋਚਦੇ ਸੋਚਦੇ ਉਸ ਨੂੰ ਪਤਾ ਨਹੀਂ ਸੀ ਕਿ 3 ਪੀੜ੍ਹੀਆਂ ਤਕ ਇਹਨਾਂ ਦੋਵਾਂ ਕਲਾਕਾਰਾਂ ਨੇ ਇੰਨਾ ਸਨਮਾਨ ਦੇ ਦੇਣਾ ਹੈ। ਉਹਨਾਂ ਨੇ ਗਾਉਣ ਦੀ ਸਿਖਿਆ ਬਹੁਤ ਹੀ ਮੁਸ਼ਕਿਲ ਨਾਲ ਹਾਸਲ ਕੀਤੀ ਸੀ ਕਿਉਂ ਕਿ ਜਿਹੜੇ ਉਹਨਾਂ ਦੇ ਉਸਤਾਦ ਸਨ ਉਹਨਾਂ ਕੋਲ ਗਾਇਕੀ ਸਿੱਖਣ ਵਾਲੀ ਦੀ ਲੰਬੀ ਸੂਚੀ ਸੀ।
ਕਈ ਵਾਰ ਤਾਂ ਜਸਵਿੰਦਰ ਬਰਾੜ ਨੂੰ ਕਈ ਦਿਨ ਭੁੱਖੇ ਰਹਿਣਾ ਪੈਂਦਾ ਸੀ। ਉਹਨਾਂ ਦੇ ਉਸਤਾਦ ਕੋਲ ਵੀ ਰੋਟੀ ਖਾਣ ਦਾ ਸਮਾਂ ਨਹੀਂ ਸੀ ਹੁੰਦਾ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਇਸ ਲਈ ਉਹ ਅਖਬਾਰ, ਕਿਤਾਬਾ, ਮੈਗਜ਼ੀਨ ਪੜ੍ਹਦੇ ਰਹਿੰਦੇ ਹਨ। ਉਹਨਾਂ ਨੂੰ ਹਰ ਇਕ ਚੀਜ਼ ਅਨਮੋਲ ਖਜਾਨਾ ਲਗਦੀ ਹੈ ਇਸ ਲਈ ਉਹਨਾਂ ਨੂੰ ਜਿੱਥੋਂ ਗਿਆਨ ਮਿਲਿਆ ਉਹਨਾਂ ਨੇ ਉਸ ਦਾ ਪੂਰਾ ਲਾਭ ਲਿਆ।
ਸਮਾਜ ਨੂੰ ਲੈ ਕੇ ਉਹਨਾਂ ਕਿਹਾ ਕਿ ਅੱਜ ਬੱਚੀਆਂ ਦੀ ਜੋ ਹਾਲਤ ਹੈ ਉਹ ਬਹੁਤ ਹੀ ਤਰਸਯੋਗ ਹੈ ਕਿਉਂ ਕਿ ਉਹਨਾਂ ਦਾ ਛੋਟੀ ਉਮਰ ਵਿਚ ਹੀ ਬਲਾਤਕਾਰ ਕੀਤਾ ਜਾਂਦਾ ਹੈ। ਉਹਨਾਂ ਨੂੰ ਘਰ ਤੋਂ ਬਾਹਰ ਭੇਜਣ ਤੇ ਮਾਪੇ ਡਰਦੇ ਹਨ। ਗੀਤਾਂ ਵਿਚ ਹਥਿਆਰਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਜੇ ਕਿਸੇ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਉਸ ਦੀ ਰਾਖੀ ਲਈ ਹਥਿਆਰ ਚੁੱਕੇ ਜਾਣ ਤਾਂ ਕੋਈ ਮਾੜੀ ਗੱਲ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।