ਮਨਕੀਰਤ ਔਲਖ ਪਹੁੰਚੇ ਕੁੰਡਲੀ ਬਾਰਡਰ, ਬਜ਼ੁਰਗ ਬੀਬੀਆਂ ਤੇ ਕਿਸਾਨਾਂ ਨੂੰ ਵੰਡੇ ਬੂਟ ਤੇ ਗਰਮ ਸ਼ਾਲ
ਮਨਕੀਰਤ ਔਲਖ ਖ਼ੁਦ ਆਪ ਬਜ਼ੁਰਗ ਕਿਸਾਨਾਂ ਤੇ ਬੀਬੀਆਂ ਦੇ ਪੈਰੀਂ ਬੂਟ ਪਾ ਰਹੇ ਹਨ
ਚੰਡੀਗੜ੍ਹ : ਖ਼ੇਤੀ ਕਾਨੂੰਨੀ ਬਿੱਲਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ 'ਤੇ ਮੀਂਹ-ਹਨ੍ਹੇਰੀ ਤੇ ਠੰਡੀਆਂ ਰਾਤਾਂ 'ਚ ਕਾਲੇ ਕਾਨੂੰਨੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਬੈਠੇ ਹੋਏ ਹਨ। ਇਸ ਅੰਦੋਲਨ 'ਚ ਕਿਸਾਨਾਂ ਨਾਲ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਅਦਾਕਾਰ ਅਤੇ ਗਾਇਕ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਚੋਂ ਕੋਈ ਨਾ ਕੋਈ ਰੋਜ਼ਾਨਾ ਕਿਸਾਨੀ ਅੰਦੋਲਨ 'ਚ ਸ਼ਾਮਲ ਹੋ ਰਿਹਾ ਹੈ ਤੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਬਹੁਤ ਸਪੋਰਟ ਕਰ ਰਹੇ ਹਨ। ਹਾਲ ਹੀ 'ਚ ਮਨਕੀਰਤ ਔਲਖ ਵੀ ਟਿਕਰੀ ਬਾਰਡਰ ਦਿੱਲੀ ਪਹੁੰਚੇ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੋ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਮਨਕੀਰਤ ਔਲਖ ਬਹੁਤ ਹੀ ਨੇਕ ਕੰਮ ਕਰਦੇ ਨਜ਼ਰ ਆ ਰਹੇ ਹਨ।
ਦਰਅਸਲ, ਇਸ ਵੀਡੀਓ 'ਚ ਮਨਕੀਰਤ ਔਲਖ ਆਪਣੀਆਂ ਬਜ਼ੁਰਗ ਬੀਬੀਆਂ ਨੂੰ ਠੰਡ 'ਚ ਗਰਮ ਸ਼ਾਲ ਅਤੇ ਬੂਟ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬੀਬੀਆਂ ਹੀ ਨਹੀਂ ਸਗੋਂ ਉਨ੍ਹਾਂ ਨੇ ਬਜ਼ੁਰਗ ਕਿਸਾਨਾਂ ਲਈ ਬੂਟ ਲਿਆਂਦੇ ਹਨ। ਇਸ ਦੌਰਾਨ ਮਨਕੀਰਤ ਔਲਖ ਖ਼ੁਦ ਆਪ ਬਜ਼ੁਰਗ ਕਿਸਾਨਾਂ ਤੇ ਬੀਬੀਆਂ ਦੇ ਪੈਰੀਂ ਬੂਟ ਪਾ ਰਹੇ ਹਨ। ਉਨ੍ਹਾਂ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਵੀਡੀਓਜ਼ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਮਨਕੀਰਤ ਔਲਖ ਨੇ ਲਿਖਿਆ 'ਬਹੁਤ ਔਖਾ ਘਰ ਛੱਡ ਕੇ ਸੜਕਾਂ 'ਤੇ ਬੈਠਣਾ ਉਹ ਵੀ ਇੰਨ੍ਹਾਂ ਦਿਨਾਂ 'ਚ ਅਤੇ ਇੰਨੀਂ ਜ਼ਿਆਦਾ ਠੰਡ 'ਚ। ਫ਼ਿਰ ਵੀ ਹੌਂਸਲੇ ਬੁਲੰਦ ਨੇ। ਅਸੀਂ ਜਿੱਤਾਂਗੇ ਜ਼ਰੂਰ। ਕਿਸਾਨ ਏਕਤਾ ਜ਼ਿੰਦਾਬਾਦ।' ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ 'ਚ ਲਿਖਿਆ ਹੈ 'ਦਾਦੇ ਨੇ 1947 ਵੇਖੀ, ਬਾਪੂ ਨੇ 1984 ਵੇਖੀ, ਪੁੱਤ ਦੇਖ ਰਹੇ ਨੇ 2020।'