ਦੀਪ ਸਿੱਧੂ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਨੇ ਪ੍ਰਗਟਾਇਆ
ਦੀਪ ਸਿੱਧੂ ਦਾ ਸਸਕਾਰ ਪਿੰਡ ਥਰੀਕੇ 'ਚ ਕੀਤਾ ਜਾਵੇਗਾ
ਲੁਧਿਆਣਾ: ਬੀਤੇ ਦਿਨੀਂ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸ ਦੇਈਏ ਕਿ ਦੀਪ ਸਿੱਧੂ ਨੇ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਦੀਪ ਸਿੱਧੂ ਦੀ ਦੇਹ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦੀ ਦੇਹ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਦੀਪ ਸਿੱਧੂ ਦਾ ਅੰਤਿਮ ਸਸਕਾਰ ਸ਼ਾਮ ਪੰਜ ਵਜੇ ਪਿੰਡ ਥਰੀਕੇ ਜ਼ਿਲ੍ਹਾ ਲੁਧਿਆਣਾ 'ਚ ਕੀਤਾ ਜਾਵੇਗਾ।
ਦੀਪ ਸਿੱਧੂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘਾ ਦੁੱਖ ਜਤਾਇਆ ਹੈ । ਇਸ ਦੇ ਨਾਲ ਹੀ ਸੰਨੀ ਦਿਓਲ ਨੇ ਵੀ ਦੀਪ ਸਿੱਧੂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਨੇ ਲਿਖਿਆ ਕਿ ‘ਇਹ ਖ਼ਬਰ ਸੁਣ ਕੇ ਹੈਰਾਨ ਹਾਂ ਕਿ ਦੀਪ ਸਿੱਧੂ ਇਸ ਦੁਨੀਆ ‘ਤੇ ਨਹੀਂ ਰਿਹਾ। ਦਿਲ ਦੀਆਂ ਗਹਿਰਾਈਆਂ ਤੋਂ ਉਸ ਨੂੰ ਸ਼ਰਧਾਂਜਲੀ ਦਿੰਦਾ ਹਾਂ’।
ਪੰਜਾਬੀ ਐਕਟਰ ਐਮੀ ਵਿਰਕ ਨੇ ਦੀਪ ਸਿੱਧੂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਆਪਣੀ ਅਖੀਰਲੀ ਗੱਲ ਬਾਤ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੀਪ ਸਿੱਧੂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ ਵਾਹਿਗੁਰੂ ਵਾਹਿਗੁਰੂ…ਪਿਛਲੇ ਹਫਤੇ ਫੋਨ ਆਇਆ ਸੀ ਵੀਰੇ ਦਾ ਵੀ ..ਆਪਾਂ ਫਿਲਮ ਪਲੈਨ ਕਰੀਏ…ਮੈਂ ਕਿਹਾ ਵੀਰੇ ਜਲਦੀ ਮਿਲਦੇ ਤੁਹਾਨੂੰ, ਮੈਂ ਅਜੇ ਪੰਜਾਬ ਤੋਂ ਬਾਹਰ ਹਾਂ…ਮਿਲ ਹੀ ਨੀਂ ਹੋਇਆ ਯਾਰ…ਹਿੱਕ ਢਾਅ ਕੇ ਨਾਲ ਖੜਿਆ ਸੀ ਵੀਰਾ ਮੇਰੇ… ਵਾਹਿਗੁਰੂ ਚਰਨਾਂ ‘ਚ ਨਿਵਾਸ ਬਖ਼ਸ਼ਣ’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਦੁੱਖ ਜਤਾਉਂਦੇ ਹੋਏ RIP ਲਿਖ ਰਹੇ ਨੇ।
ਇਸ ਦੇ ਨਾਲ ਹੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਵੀ ਦੀਪ ਸਿੱਧੂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਨੇ ਵੀ ਦੀਪ ਸਿੱਧੂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਇਸ ਦੇ ਨਾਲ ਹੀ ਗਾਇਕ ਗਗਨ ਕੋਕਰੀ ਨੇ ਵੀ ਦੀਪ ਸਿੱਧੂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।
ਰਵੀ ਸਿੰਘ ਖ਼ਾਲਸਾ ਨੇ ਵੀ ਦੀਪ ਸਿੱਧੂ ਦੀ ਮੌਤ ‘ਤੇ ਅਫਸੋਸ ਜਤਾਇਆ। ਉਨ੍ਹਾਂ ਨੇ ਲਿਖਿਆ “ਬਹੁਤ ਹੀ ਦੁਖਦਾਈ ਖ਼ਬਰ ਹੈ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।
ਸੁਖਸ਼ਿੰਦਰ ਸ਼ਿੰਦਾ, ਅਮੀਸ਼ਾ ਪਟੇਲ, ਦੇਵ ਖਰੌੜ ਸਿੱਧੂ ਮੂਸੇਵਾਲਾ ਅਤੇ ਮੀਕਾ ਸਿੰਘ ਨੇ ਵੀ ਦੀਪ ਸਿੱਧੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।