ਦੀਪ ਸਿੱਧੂ ਦੀ ਮੌਤ ਤੋਂ ਬਾਅਦ ਦਰਜ ਹੋਈ FIR, ਲੁਧਿਆਣਾ ਵਿਚ ਹੋਵੇਗਾ ਅੰਤਿਮ ਸਸਕਾਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਾਥੀਆਂ ਵਲੋਂ ਮੌਕੇ ਦੀ ਹੋਈ ਵੀਡਿਓਗ੍ਰਾਫੀ ਜਨਤਕ ਕਰ ਕੇ ਨਿਰਪੱਖ ਜਾਂਚ ਦੀ ਮੰਗ 

Deep Sidhu

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦਾ ਬੀਤੇ ਦਿਨੀਂ ਸੜਕ ਹਾਦਸੇ ’ਚ ਦਿਹਾਂਤ ਹੋ ਗਿਆ। ਦੀਪ ਸਿੱਧੂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਸਦਮੇ ’ਚ ਹੈ। ਇਸ ਸਬੰਧ ਵਿਚ ਹੀ ਹਰਿਆਣਾ ਪੁਲਿਸ ਵਲੋਂ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਦੱਸ ਦੇਈਏ ਕਿ ਇਹ ਹਾਦਸਾ ਵਾਪਰਨ ਤੋਂ ਬਾਅਦ ਦੀਪ ਸਿੱਧੂ ਦੀ ਦੇਹ ਸੋਨੀਪਤ ਦੇ ਸਰਕਾਰੀ ਹਸਪਤਾਲ ’ਚ ਰੱਖੀ ਗਈ ਸੀ।

ਇਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਦੀਪ ਸਿੱਧੂ ਦੀ ਦੇਹ ਲੁਧਿਆਣਾ ਭੇਜੀ ਜਾਵੇਗੀ। ਜਾਣਕਾਰੀ ਅਨੁਸਾਰ ਦੀਪ ਸਿੱਧੂ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਥਰੀਕੇ ਪਿੰਡ ’ਚ ਕੀਤਾ ਜਾਵੇਗਾ। ਜੇਕਰ ਦੀਪ ਸਿੱਧੂ ਦੀ ਦੇਹ ਅੱਜ ਲੁਧਿਆਣਾ ਪਹੁੰਚ ਜਾਂਦੀ ਹੈ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੀ ਕਰ ਦਿੱਤਾ ਜਾਵੇਗਾ, ਨਹੀਂ ਤਾਂ ਅੰਤਿਮ ਸਸਕਾਰ ਕੱਲ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਐਕਸੀਡੈਂਟ ਦੌਰਾਨ ਜਿਸ ਗੱਡੀ ਵਿਚ ਦੀਪ ਸਿੱਧੂ ਸਵਾਰ ਸਨ ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਵਿਚ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਉਨ੍ਹਾਂ ਦੇ ਨਾਲ ਆ ਰਹੇ ਉਨ੍ਹਾਂ ਦੇ ਮਹਿਲਾ ਦੋਸਤ ਰੀਨਾ ਰਾਏ ਜ਼ਖਮੀ ਹੋਏ ਸਨ ਪਰ ਉਹ ਹੁਣ ਠੀਕ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਉਧਰ ਮੌਕੇ 'ਤੇ ਪਹੁੰਚੇ ਉਨ੍ਹਾਂ ਦੇ ਦੋਸਤ ਅਤੇ ਖਾਲਸਾ ਏਡ ਦੇ ਸਾਥੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਕੋਈ ਹਾਦਸਾ ਨਹੀਂ ਸੀ ਸਗੋਂ ਇੱਕ ਸਾਜ਼ਿਸ਼ ਦੇ ਤਹਿਤ ਦੀਪ ਸਿੱਧੂ ਦਾ ਕਤਲ ਕੀਤਾ ਗਿਆ ਹੈ।

ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੀ ਵੀਡਿਓਗ੍ਰਾਫੀ ਕਰ ਕੇ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਮੌਕੇ ਵਾਲੀ ਜਗ੍ਹਾ ਤੋਂ ਨੁਕਸਾਨਿਆ ਵਾਹਨ ਜਾਂ ਹੋਰ ਚੀਜ਼ ਇੰਨੀ ਜਲਦੀ ਸਾਫ ਨਹੀਂ ਕੀਤੀਆਂ ਜਾਂਦੀਆਂ ਪਰ ਪੁਲਿਸ ਨੇ ਹਾਦਸੇ ਵਾਲੀ ਗੱਡੀ ਨੂੰ ਵੀ ਉਥੋਂ ਉਸ ਵਕਤ ਹੀ ਹਟਾ ਦਿੱਤਾ ਹੈ ਜਿਸ ਲਈ ਉਨ੍ਹਾਂ ਨੂੰ ਸ਼ੱਕ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹਾਦਸਾ ਹੋਇਆ ਤਾਂ ਉਹ ਮਨਜ਼ੂਰ ਕਰਨਗੇ ਪਰ ਜੇਕਰ ਇਹ ਕੋਈ ਸਾਜ਼ਿਸ਼ ਸੀ ਤਾਂ ਉਕਤ ਸਾਜ਼ੀਸ਼ਘਾੜ੍ਹਿਆਂ ਦਾ ਪਤਾ ਲੱਗਣਾ ਚਾਹੀਦਾ ਹੈ।

ਇਸ ਮੌਕੇ ਐਕਟਰ ਅਤੇ ਲੇਖਕ ਦਲਜੀਤ ਕਲਸੀ ਨੇ ਦੱਸਿਆ ਕਿ ਦੀਪ ਸਿੱਧੂ ਦਿੱਲੀ ਤੋਂ ਪੰਜਾਬ ਆ ਰਹੇ ਸਨ ਅਤੇ ਇਥੇ ਉਨ੍ਹਾਂ ਨੇ ਤਿੰਨ ਦਿਨ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਾ ਸੀ ਪਰ ਰਸਤੇ ਵਿਚ ਹੀ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਭਾਵੁਕ ਹੁੰਦਿਆਂ ਕਲਸੀ ਨੇ ਦੱਸਿਆ ਕਿ ਦੀਪ ਸਿੱਧੂ ਦੇ ਪੂਰੇ ਸਰੀਰ 'ਤੇ ਕੋਈ ਸੱਟ ਨਹੀਂ ਹੈ ਸਿਰਫ ਗੱਡੀ ਦੀ ਛੱਤ ਉਨ੍ਹਾਂ ਦੇ ਮੱਥੇ ਵਿਚ ਵੱਜੀ ਅਤੇ ਉਨ੍ਹਾਂ ਦੇ ਮੱਥੇ ਵਿਚ ਡੂੰਗੀ ਸੱਟ ਹੈ।  

ਅਦਾਕਾਰ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ,ਦੋਸਤ ਐਡਵੋਕੇਟ ਹਾਕਮ ਸਿੰਘ, ਹਰਪ੍ਰੀਤ ਦਿਉਗਣ ਤੇ ਦਲਜੀਤ ਸਿੰਘ ਕਲਸੀ ਨੇ ਕਿਹਾ ਕਿ ਦੀਪ ਸਿੱਧੂ ਨਾਲ ਵਾਪਰੇ ਹਾਦਸੇ ਦੀ ਸੀ.ਬੀ.ਆਈ. ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਮੌਕੇ ਦੀ ਹੋਈ ਵੀਡਿਓਗ੍ਰਾਫੀ ਵੀ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਇਸ ਬਾਰੇ ਸਚਾਈ ਸਾਹਮਣੇ ਆ ਸਕੇ।