ਸੁਸ਼ਾਂਤ ਦੀ ਮੌਤ ਤੋਂ ਬਾਅਦ 'ਫ਼ਿਲਮ  ਤੇ ਸੰਗੀਤ ਜਗਤ' ਬਾਰੇ ਖੁਲ੍ਹ ਕੇ ਬੋਲੇ ਰਣਜੀਤ ਬਾਵਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬੀਤੇ ਦਿਨੀਂ ਪਹਿਲਾਂ ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ

Ranjit Bawa

ਚੰਡੀਗੜ੍ਹ - ਬੀਤੇ ਦਿਨੀਂ ਪਹਿਲਾਂ ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ ਉਸ ਦੀ ਮੌਤ ਨੂੰ ਲੈ ਕੇ ਸਿਰਫ਼ ਬਾਲੀਵੁੱਡ ਵਿਚ ਹੀ ਨਹੀਂ ਬਲਕਿ ਪਾਲੀਵੁੱਡ ਵਿਚ ਵੀ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਆਪਣੇ ਗੀਤਾਂ 'ਚ ਬੇਬਾਕੀ ਨਾਲ ਹਰ ਮੁੱਦੇ 'ਤੇ ਆਵਾਜ਼ ਉਠਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਸ਼ੁਸ਼ਾਂਤ ਦੀ ਮੌਤ 'ਤ ਬੋਲਦੇ ਵਿਖਾਈ ਦਿੱਤੇ।

ਜੀ ਹਾਂ, ਕੁਝ ਘੰਟੇ ਪਹਿਲਾ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਫ਼ਿਲਮੀ ਉਦਯੋਗ ਹੀ ਨਹੀਂ ਸਗੋਂ ਹਰ ਖੇਤਰ ਦਾ ਸੱਚ ਬਿਆਨ ਕੀਤਾ ਹੈ। ਰਣਜੀਤ ਬਾਵਾ ਨੇ ਲਿਖਿਆ ਹੈ ਕਿ - ''ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਬਾਅਦ ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਇੰਡਸਟਰੀ ਕੋਈ ਵੀ ਹੋਵੇ ਅੱਗੇ ਉਹੀ ਆਉਂਦਾ, ਜਿਹੜਾ ਚਾਪਲੂਸੀ ਕਰੇਗਾ ਜਾਂ ਜਿਸਦੇ ਲਿੰਕ ਹੋਣਗੇ। ਮਿਹਨਤ ਕਰਨ ਵਾਲੇ ਬੰਦੇ ਨੂੰ ਵੇਖ ਸਾਰੇ ਮੱਚਦੇ , ਜੇ ਕੋਈ ਆਪਣੇ ਦਮ 'ਤੇ ਅੱਗੇ ਆ ਜਾਵੇ ਉਸ ਨੂੰ ਆਖਦੇ 'ਤੁੱਕਾ' ਲੱਗਾ।

ਸੋ ਇੱਥੇ ਵੀ ਇੰਡਸਟਰੀ 'ਚ ਵੀ ਬਹੁਤ ਸਾਰੇ ਨਵੇਂ ਕਲਾਕਾਰ ਕੰਪਨੀਆਂ ਨੇ ਬੌਂਡ ਕਰਕੇ ਥੱਲੇ ਲਾਏ, ਇੱਕ ਅੱਧਾ ਗੀਤ ਕੱਢ ਕੇ ਕਲਾਕਾਰ ਨੂੰ ਬੰਨ੍ਹ ਲੈਂਦੇ ਕਿ ਜਾ ਕੇ ਦਿਖਾ ਕਿੱਧਰ ਜਾਂਦਾ ਜਾਂ ਇੰਨੇ ਪੈਸੇ ਦਿਓ ਜਾਂ ਬੌਂਡ ਪੂਰਾ ਕਰ। ਫਿਰ ਅਗਲਾ ਕਦੇ ਇੱਧਰ ਕਦੇ ਉੱਧਰ, ਬਹੁਤ ਸਾਰਾ ਟੈਲੇਂਟ ਰੁਲ ਗਿਆ ਐਵੇਂ ਈ। ਕੁਝ ਕੁ ਗਰੁੱਪ ਬਣਾਈ ਫਿਰਦੇ, ਕੁਝ ਦੂਜਿਆਂ ਨੂੰ ਪਾਲਿਸ਼ ਮਾਰੀ ਜਾਂਦੇ। ਫਿਰ ਜਦੋਂ ਕੋਈ ਦੁਖੀ ਹੋਇਆ ਚਲਾ ਜਾਂਦਾ ਫਿਰ ਬੜੇ ਸਕੇ ਬਣਦੇ। ਸੋ ਕਿਰਪਾ ਕਰਕੇ ਪਹਿਲਾਂ ਹੀ ਇੱਕ-ਦੂਜੇ ਨਾਲ ਦਿਲੋਂ ਰਹੋ, ਪਿਆਰ ਨਾਲ ਰਹੋ, ਜ਼ਿੰਦਗੀ ਬਹੁਤ ਛੋਟੀ।

ਕਲਾਕਾਰ ਵੀ ਆਪਸ 'ਚ ਨਾ ਲੜੋ, ਕਾਹਦੀ ਲੜਾਈ ਯਾਰ ਜ਼ਮੀਨ ਵੰਡਣੀ ਕੋਈ, ਆਪਣੇ ਗੀਤ ਗਾਓ ਅਰਾਮ ਨਾਲ ਪਿਆਰ ਨਾਲ, ਜਿਹੜਾ ਚੱਲੀ ਜਾਂਦਾ ਸ਼ੁਕਰ ਕਰੋ। ਇੰਟਰਨੈੱਟ ਦੀ ਸਹੀ ਵਰਤੋ ਕਰੋ, ਸਰੋਤਿਆ ਨੂੰ ਵੀ ਬੇਨਤੀ ਕਿ ਜੋ ਚੰਗਾ ਲੱਗਦਾ ਸੁਣੋ ਪਰ ਸਭ ਦੀ ਇੱਜ਼ਤ ਜ਼ਰੂਰ ਕਰੋ। ਸ਼ੋਹਰਤ ਚਾਰ ਦਿਨ ਦੀ ਖੇਡ ਆ, ਸਮਾਂ ਬਹੁਤ ਤਾਕਤਵਰ ਹੈ, ਇਸੇ ਕਰਕੇ ਸਭ ਦਾ ਨਹੀਂ ਰਹਿੰਦਾ। ਬਸ ਭਲਾ ਮੰਗੋਂ ਸਭ ਦਾ, ਇੱਕ-ਦੂਜੇ ਦੀਆਂ ਟੰਗਾਂ ਨਾ ਖਿੱਚੋ। ਬਾਕੀ ਤਗੜੇ ਹੋਵੇ ਪਿਆਰ ਕਰੋ ਸਭ ਨੂੰ। ਸਰਬੱਤ ਦਾ ਭਲਾ। ਮਿੱਟੀ ਦਾ ਬਾਵਾ।''