ਮਰਹੂਮ ਰਾਜਵੀਰ ਜਵੰਦਾ ਦੀ ਫ਼ਿਲਮ 'ਯਮਲਾ' ਦੇ ਟ੍ਰੇਲਰ ਨੂੰ ਦਿਲਜੀਤ ਦੋਸਾਂਝ ਨੇ ਦਿੱਤੀ ਆਪਣੀ ਆਵਾਜ਼
ਦਿਲਜੀਤ ਨੇ ਆਪਣੀ ਆਵਾਜ਼ ਨਾਲ ਟ੍ਰੇਲਰ ਨੂੰ ਦਿੱਤਾ ਵੱਖਰਾ ਰੂਪ
ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਮੌਤ ਤੋਂ ਬਾਅਦ ਆਖ਼ਰੀ ਵਾਰ ਵੱਡੇ ਪਰਦੇ ’ਤੇ ਨਜ਼ਰ ਆਉਣਗੇ। ਨੌਂ ਸਾਲ ਪਹਿਲਾਂ ਸ਼ੂਟ ਕੀਤੀ ਗਈ ਉਨ੍ਹਾਂ ਦੀ ਫਿਲਮ ‘ਯਮਲਾ’ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਰਾਜਵੀਰ ਦੇ ਪ੍ਰਸ਼ੰਸਕ ਉਤਸ਼ਾਹਿਤ ਹਨ। ਮਰਹੂਮ ਰਾਜਵੀਰ ਜਵੰਦਾ ਨੂੰ ਦਿਲੋਂ ਸ਼ਰਧਾਂਜਲੀ ਦਿੰਦੇ ਹੋਏ ਦਿਲਜੀਤ ਦੋਸਾਂਝ ਨੇ ਰਾਕੇਸ਼ ਮਹਿਤਾ ਦੁਆਰਾ ਨਿਰਦੇਸ਼ਤ ਯਮਲਾ ਦੇ ਟ੍ਰੇਲਰ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਆਪਣੀ ਮਿੱਠੀ ਆਵਾਜ਼ ਨਾਲ ਦਿਲਜੀਤ ਨੇ ਟ੍ਰੇਲਰ ਨੂੰ ਇਕ ਵੱਖਰਾ ਰੂਪ ਦਿੱਤਾ ਹੈ।
ਆਪਣੇ ਸਾਦੇ ਸੁਭਾਅ ਤੇ ਨਿਮਰਤਾ ਲਈ ਜਾਣੇ ਜਾਂਦੇ, ਦਿਲਜੀਤ ਦਾ ਯੋਗਦਾਨ ਇਸ ਵਿਸ਼ੇਸ਼ ਫਿਲਮ ਵਿੱਚ ਭਾਵਨਾਤਮਕ ਡੂੰਘਾਈ ਜੋੜਦਾ ਹੈ। ਪੂਰੀ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਰਾਜਵੀਰ ਜਵੰਦਾ ਦੀ ਫ਼ਿਲਮ ਯਮਲਾ ਦਾ ਸਮਰਥਨ ਕਰਨ ਲਈ ਇਕੱਠੀ ਹੋਈ ਹੈ, ਇਹ ਸਭ ਸਿਰਫ਼ ਇਕ ਫਿਲਮ ਲਈ ਨਹੀਂ, ਸਗੋਂ ਦੋਸਤ, ਪ੍ਰਵਾਰ ਵਜੋਂ ਇਕੱਠੀ ਹੋਈ ਜੋ ਰਾਜਵੀਰ ਦੇ ਚਲੇ ਜਾਣ ਤੋਂ ਬਾਅਦ ਵੀ ਪ੍ਰਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।
ਦੱਸ ਦੇਈਏ ਕਿ ਰਾਜਵੀਰ ਦੇ ਪਰਿਵਾਰ ਨੇ ਇੱਕ ਭਾਵਨਾਤਮਕ ਸੁਨੇਹਾ ਵੀ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਸੀ ਕਿ ਇੱਕ ਕਲਾਕਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਨ੍ਹਾਂ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਬੀਤੀ 27 ਸਤੰਬਰ ਨੂੰ ਰਾਜਵੀਰ ਜਵੰਦਾ ਜਦੋਂ ਆਪਣੀ ਮੋਟਰ ਸਾਈਕਲ ’ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਤਾਂ ਉਹ ਰਸਤੇ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।
ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਉਨ੍ਹਾਂ ਦਾ 12 ਦਿਨ ਤੱਕ ਇਲਾਜ ਚੱਲਿਆ ਪਰ ਉਹ ਠੀਕ ਨਾ ਹੋ ਸਕੇ ਅਤੇ 12ਵੇਂ ਦਿਨ ਉਹ 35 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ-ਹਮੇਸ਼ ਦੇ ਲਈ ਅਲਵਿਦਾ ਆਖ ਗਏ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੂਰਾ ਪੰਜਾਬੀ ਸੰਗੀਤ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸ਼ਕ ਡੂੰਘੇ ਸੋਗ ਵਿਚ ਡੁੱਬ ਗਏ। ਹੁਣ ਉਨ੍ਹਾਂ ਦੀ ਫ਼ਿਲਮ ‘ਯਮਲਾ’ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਲਈ ਇਕ ਭਾਵੁਕ ਪਲ ਹੋਵੇਗਾ ਕਿਉਂਕਿ ਰਾਜਵੀਰ ਜਵੰਦਾ ਦੀ ਵੱਡੇ ਪਰਤੇ ’ਤੇ ਇਹ ਆਖਰੀ ਪੇਸ਼ਕਾਰੀ ਹੋਵੇਗੀ। ਜਦਕਿ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਧੜਕਦੀ ਰਹੇਗੀ।