ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਗੋਲਡੀ ਬਰਾੜ ਦੇ ਨਾਮ ਨਾਲ ਕੀਤੀ ਗਈ ਧਮਕੀ ਭਰੀ ਕਾਲ, ਸੋਸ਼ਲ ਮੀਡੀਆ ’ਤੇ ਆਡੀਓ ਹੋ ਰਿਹਾ ਵਾਇਰਲ
ਮੋਹਾਲੀ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਧਮਕੀ ਭਰੀ ਕਾਲ ਆਈ ਹੈ । ਕਾਲ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਦੱਸਿਆ ਹੈ ਅਤੇ ਕਿਹਾ ਹੈ ਕਿ ਜੇਕਰ ਮੈਸੇਜ਼ ਨੂੰ ਇਗਨੋਰ ਕੀਤਾ ਤਾਂ ਗੋਲੀਆਂ ਨਹੀਂ ਸੰਭਾਲ ਪਾਵੇਂਗਾ। ਧਮਕੀ ਭਰੀ ਕਾਲ ਦਾ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਡੀਓ ਮੁਤਾਬਕ ਕਾਲ ਕਰਨ ਵਾਲਾ ਕਹਿ ਰਿਹਾ ਹੈ ਕਿ ਗਿੱਪੀ ਮੈਂ ਤੈਨੂੰ ਥੋੜ੍ਹੇ ਦਿਨ ਪਹਿਲਾਂ ਵੀ ਮੈਸੇਜ ਭੇਜਿਆ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਐਲੇ ਭਾਨੇ ਨੂੰ ਵੀ ਮੈਸੇਜ ਛੱਡਿਆ ਸੀ, ਤੁਹਾਡੇ ਦੋਹਾਂ ਨਾਲ ਕੰਮ ਹੈ ਅਤੇ ਗੱਲ ਕਰਨੀ ਹੈ। ਇਗਨੋਰ ਕੀਤਾ ਤਾਂ ਬਹੁਤ ਬੁਰਾ ਅੰਜਾਮ ਹੋਵੇਗਾ। ਤੂੰ ਫਿਲਮ ਬਣਾ ਰਿਹਾ ਹੈਂ ਅਤੇ ਫਿਰ ਕਿਤੇ ਮੋਹਾਲੀ ਵਿੱਚ ਤੇਰੀ ਹੀ ਫਿਲਮ ਨਾ ਬਣਾਉਣੀ ਪੈ ਜਾਵੇ।
ਇਸ ਸਬੰਧੀ ਮੋਹਾਲੀ ਦੇ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਕਿਹਾ ਹੈ ਕਿ ਅਜੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ ਅਤੇ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈਕਿ ਗਿੱਪੀ ਗਰੇਵਾਲ ਕੈਨੇਡਾ ’ਚ ਵੈਨਕੂਵਰ ਦੇ ਵ੍ਹਾਈਟ ਰਾਕ ਇਲਾਕੇ ’ਚ ਰਹਿੰਦਾ ਹੈ। ਪਿਛਲੇ ਸਾਲ 25 ਨਵੰਬਰ ਨੂੰ ਇਥੇ ਵੀ ਇਨ੍ਹਾਂ ਦੇ ਘਰ ’ਤੇ ਫਾਈਰਿੰਗ ਹੋਈ ਸੀ। ਇਸ ਫਾਈਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲਈ ਗਈ ਅਤੇ ਇਸ ਜ਼ਿੰਮੇਵਾਰੀ ਲਾਰੈਂਸ ਨੇ ਪੋਸਟ ਲਿਖ ਕੇ ਨਾ ਸਿਰਫ਼ ਜ਼ਿੰਮੇਵਾਰੀ ਲਈ ਸੀ, ਬਲਕਿ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਪਰ ਰੋਜ਼ਾਨਾ ਸਪੋਕਸਮੈਨ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ।