ਸਿੱਧੂ ਮੂਸੇਵਾਲਾ ਨੂੰ ਗਲਤ ਕਹਿਣ ਵਾਲਿਆਂ ਨੂੰ ਮਰਹੂਮ ਗਾਇਕ ਦੇ ਮਾਪਿਆਂ ਨੇ ਦਿੱਤਾ ਜਵਾਬ
ਕਿਹਾ- ਉਹ ਸ਼ੇਰ ਮਾਂ ਦਾ ਸ਼ੇਰ ਪੁੱਤ ਸੀ ਤੇ ਸਾਨੂੰ ਉਸ ’ਤੇ ਮਾਣ ਮਹਿਸੂਸ ਹੋ ਰਿਹਾ ਹੈ
ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਦੇ ਮਾਤਾ-ਪਿਤਾ ਇਕ ਵਾਰ ਫਿਰ ਕੈਮਰੇ ਸਾਹਮਣੇ ਆਏ ਹਨ। ਸਿੱਧੂ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਅੱਜ ਲੋਕ ਸਿੱਧੂ ਬਾਰੇ ਗਲਤ ਬੋਲ ਰਹੇ ਹਨ ਤੇ ਜੋ ਸਾਡੇ ਲਈ ਝੱਲਣਾ ਬਹੁਤ ਔਖਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਿੱਧੂ ਲੋਕਾਂ ਦੀਆਂ ਜਾਨਾਂ ਬਚਾਉਣ ’ਚ ਲੱਗਿਆ ਹੋਇਆ ਸੀ। ਪੀਜੀਆਈ ’ਚ ਜਾ ਕੇ ਪੁੱਛੋ ਉਸ ਨੇ ਕਿੰਨੇ ਮਰੀਜ਼ਾਂ ਦੀ ਜਾਨ ਬਚਾਈ। ਜੇ ਕਿਸੇ ਨੂੰ ਬਲੱਡ ਦੀ ਲੋੜ ਹੁੰਦੀ ਸੀ ਤਾਂ ਸਿੱਧੂ ਦੀ ਇਕ ਪੋਸਟ ’ਤੇ ਹਜ਼ਾਰਾਂ ਨੌਜਵਾਨ ਖ਼ੂਨ ਦੇਣ ਲਈ ਇਕੱਠੇ ਹੋ ਜਾਂਦੇ ਸਨ।
Sidhu Moosewala's Mother
ਉਹਨਾਂ ਕਿਹਾ ਕਿ ਕਈ ਲੋਕ ਮੂੰਹ ਲੁਕੋ ਕੇ ਕਹਿ ਰਹੇ ਹਨ ਕਿ ਸਿੱਧੂ ’ਚ ਹੰਕਾਰ ਸੀ, ਜਿਸ ਬੰਦੇ ਨੇ ਜ਼ਮੀਨ ਤੋਂ ਉੱਠ ਕੇ ਤਰੱਕੀ ਕੀਤੀ ਹੁੰਦੀ, ਉਸ ’ਚ ਹੰਕਾਰ ਆ ਹੀ ਜਾਂਦਾ ਹੈ। ਉਹਨਾਂ ਕਿਹਾ ਕਿ ਮੈਨੂੰ ਫਖ਼ਰ ਹੈ ਕਿ ਮੇਰਾ ਪੁੱਤ ਬਹਾਦਰ ਤੇ ਸ਼ੇਰ ਸੀ ਤਾਂ ਹੀ ਤਾਂ ਉਸ ਨੂੰ ਇੰਨੀਆਂ ਮਾਵਾਂ, ਬੱਚੇ ਤੇ ਬਜ਼ੁਰਗ ਰੋ ਰਹੇ ਹਨ। ਉਹਨਾਂ ਕਿਹਾ ਕਿ ਉਹ ਬੁਜ਼ਦਿਲ ਲੋਕ ਹਨ, ਜਿਹੜੇ ਮੂੰਹ ਲੁਕੋ ਕੇ ਫੇਸਬੁੱਕ ’ਤੇ ਝੂਠ ਬੋਲ ਰਹੇ ਹਨ। ਚਰਨ ਕੌਰ ਨੇ ਕਿਹਾ ਕਿ ਇਹ ਲੋਕ ਸਿੱਧੂ ਦਾ ਅਕਸ ਖ਼ਰਾਬ ਕਰਨਾ ਚਾਹੁੰਦੇ ਹਨ ਪਰ ਸਿੱਧੂ ਦੇ ਅਕਸ ਬਾਰੇ ਦੋ ਮਹੀਨਿਆਂ ਤੋਂ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ। ਉਹ ਸ਼ੇਰ ਮਾਂ ਦਾ ਸ਼ੇਰ ਪੁੱਤ ਸੀ ਤੇ ਸਾਨੂੰ ਉਸ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਲੋਕ ਆ ਕੇ ਮੈਨੂੰ ਕਹਿੰਦੇ ਹਨ ਕਿ ਤੁਹਾਡੀ ਕੁੱਖ ਸੁਲੱਖਣੀ ਹੈ ਕਿ ਤੁਸੀਂ ਸਿੱਧੂ ਵਰਗੇ ਪੁੱਤ ਨੂੰ ਜਨਮ ਦਿੱਤਾ ਪਰ ਉਹਨਾਂ ਦੀਆਂ ਮਾਵਾਂ ਦੀਆਂ ਕੁੱਖਾਂ ਨੂੰ ਲੋਕ ਗਾਲ੍ਹਾਂ ਕੱਢ ਰਹੇ ਹਨ। ਇਸ ਨਾਲ ਮੇਰੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
Sidhu Moosewala's Mother
ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਗਏ ਅੱਜ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਲੋਕਾਂ ਦੀ ਖਿੱਚ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਪੁੱਤ ਕੋਰਾ ਕਾਗਜ਼ ਸੀ, ਜਿਸ ’ਤੇ ਪਾਪੀਆਂ ਨੇ ਗੋਲ਼ੀਆਂ ਚਲਾਈਆਂ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਮਾਰ ਕਿਸ ਨੂੰ ਰਹੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਸਾਡਾ ਇਨਸਾਫ਼ ਸ਼ੂਟਰਾਂ ਨੂੰ ਮਾਰਨ ਜਾਂ ਫੜਨ ਤੱਕ ਸੀਮਤ ਨਹੀਂ ਹੈ, ਜਦੋਂ ਤਕ ਸਰਕਾਰਾਂ ਵਿਦੇਸ਼ਾਂ ’ਚ ਬੈਠੇ ਦੇ ਆਕਾ ਦਾ ਕੋਈ ਹੱਲ ਨਹੀਂ ਕਰਦੀਆਂ, ਉਦੋਂ ਤੱਕ ਇਨਸਾਫ਼ ਨੂੰ ਅਧੂਰਾ ਹੀ ਮੰਨਿਆ ਜਾਵੇਗਾ।
Sidhu Moosewala's Father
ਉਹਨਾਂ ਕਿਹਾ ਕਿ ਪਾਪੀ ਸ਼ਰੇਆਮ ਕਹਿ ਰਹੇ ਹਨ ਕਿ ਸਿੱਧੂ ਨੂੰ ਅਸੀਂ ਮਾਰਨਾ ਸੀ ਅਤੇ ਮੈਂ ਮਰਵਾਇਆ ਹੈ। ਇਹ ਗੱਲ ਸਾਨੂੰ ਸੁਣਨ ਸਮੇਂ ਬਹੁਤ ਔਖੀ ਲੱਗਦੀ ਹੈ। ਉਸ ਬੰਦੇ ਨੂੰ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪੁੱਤ ਨੂੰ ਸੜਕ ’ਤੇ ਗੋਲੀਆਂ ਮਾਰੀਆਂ ਗਈਆਂ, ਅਸੀਂ ਵੀ ਚਾਹੁੰਦੇ ਹਾਂ ਕਿ ਜਦੋਂ ਉਹ ਪਾਪੀ ਪੇਸ਼ੀ ’ਤੇ ਜਾਣ ਤਾਂ ਉਹਨਾਂ ਨੂੰ ਵੀ ਕੋਈ ਸੁਰੱਖਿਆ ਨਾ ਦਿੱਤੀ ਜਾਵੇ ਤੇ ਘੱਟੋ-ਘੱਟ ਅਸੀਂ ਸਿੱਧੇ ਹੋ ਕੇ ਦੇਖ ਤਾਂ ਲਈਏ।
Sidhu Moosewala's Statue
ਸਿੱਧੂ ਦੇ ਪਿਤਾ ਨੇ ਕਿਹਾ ਕਿ ਅੱਜ ਪਾਪੀ ਕਾਨੂੰਨ ਦਾ ਫਾਇਦਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹਨ। ਮੇਰੇ ਬੱਚੇ ਦੇ ਮਨੁੱਖੀ ਅਧਿਕਾਰ ਕਿੱਥੇ ਸਨ। ਕੀ ਉਹ ਘਰ ਤੋਂ ਬਾਹਰ ਇਕੱਲਾ ਘੁੰਮ ਨਹੀਂ ਸਕਦਾ ਸੀ। ਪੁਲਿਸ ਕਿੰਨੇ ਕੁ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਹੈ। ਸਾਨੂੰ ਇਹੋ ਜਿਹਾ ਮਾਹੌਲ ਤਿਆਰ ਕਰਨਾ ਪਵੇਗਾ ਕਿ ਅਸੀਂ ਬੇਖ਼ੌਫ਼ ਹੋ ਕੇ ਆਪੋ-ਆਪਣੇ ਘਰਾਂ ’ਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਸਕੀਏ। ਜਦੋਂ ਇਹ ਉਹ ਪੇਸ਼ੀ ’ਤੇ ਆਉਂਦੇ ਹਨ ਤਾਂ 200 ਬੰਦਾ ਨਾਲ ਹੁੰਦਾ ਹੈ, ਇਹਨਾਂ ’ਤੇ ਕੋਈ ਖਰਚਾ ਨਹੀਂ ਹੁੰਦਾ। ਮੇਰਾ ਪੁੱਤ ਸਾਲ ਦਾ 2 ਕਰੋੜ ਟੈਕਸ ਭਰਦਾ ਸੀ ਅਤੇ ਹਸ਼ਰ ਤੁਹਾਡੇ ਸਾਹਮਣੇ ਹੈ। ਦੱਸ ਦੇਈਏ ਕਿ ਅੱਜ ਸਿੱਧੂ ਮੂਸੇਵਾਲਾ ਦੇ ਫੈਨ ਵੱਲੋਂ ਤਿਆਰ ਕੀਤੇ ਗਏ ਮਰਹੂਮ ਗਾਇਕ ਦੇ ਬੁੱਤ ਨੂੰ ਖੇਤ ’ਚ ਬਣੇ ਸ਼ੈੱਡ ਹੇਠ ਲਗਾਇਆ ਗਿਆ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ- ਪਿਤਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਪ੍ਰਸ਼ੰਸਕ ਵੀ ਮੌਜੂਦ ਸਨ।