'ਲੁਕਣ ਮੀਚੀ' ਵਿੱਚ ਦਿਖਣਗੇ ਰਿਸ਼ਤਿਆਂ ਦੇ ਰੰਗ, ਕਾਮੇਡੀ ਦੇ ਨਾਲ ਨਾਲ ਕਟਾਕਸ਼ ਵੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਫ਼ਿਲਮ ਸਨਅਤ ਦਾ ਵੱਧ ਰਿਹਾ ਦਾਇਰਾ ਨਾ ਸਿਰਫ ਬਾਲੀਵੁੱਡ ਅਤੇ ਹੋਰ ਖੇਤਰੀ ਸਿਨੇਮੇ ਨਾਲ ਜੁੜੇ ਲੋਕਾਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵੱਲ ਆਕਰਸ਼ਿਤ ਕਰ ਰਿਹਾ ਹੈ....

Lukan Michi

ਪੰਜਾਬੀ ਫ਼ਿਲਮ ਸਨਅਤ ਦਾ ਵੱਧ ਰਿਹਾ ਦਾਇਰਾ ਨਾ ਸਿਰਫ ਬਾਲੀਵੁੱਡ ਅਤੇ ਹੋਰ ਖੇਤਰੀ ਸਿਨੇਮੇ ਨਾਲ ਜੁੜੇ ਲੋਕਾਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵੱਲ ਆਕਰਸ਼ਿਤ ਕਰ ਰਿਹਾ ਹੈ। ਬਲਕਿ ਪਰਵਾਸੀ ਪੰਜਾਬੀਆਂ ਨੂੰ ਵੀ ਇਸ ਇੰਡਸਟਰੀ ਨਾਲ ਜੋੜ ਰਿਹਾ ਹੈ, ਜਿਸ ਨਾਲ ਪੰਜਾਬੀ ਸਿਨੇਮੇ ਦਾ ਕੌਮਾਂਤਰੀ ਪੱਧਰ 'ਤੇ ਉੱਚਾ ਉੱਠਣਾ ਸੁਭਾਵਕ ਹੋ ਗਿਆ ਹੈ। ਕੈਨੇਡਾ ਦੇ ਨਾਮਵਰ ਕਾਰੋਬਾਰੀ, ਪਰਵਾਸੀ ਪੰਜਾਬੀ ਅਵਤਾਰ ਸਿੰਘ ਬੱਲ ਵੀ ਪੰਜਾਬੀ ਸਿਨੇਮੇ ਦੀ ਚੜ ਦੀ ਕਲਾ ਅਤੇ ਇਸਦਾ ਮਿਆਰ ਹੋਰ ਉੱਚਾ ਚੁੱਕਣ ਦਾ ਯਤਨ ਕਰ ਰਹੇ ਹਨ। 

ਅਵਤਾਰ ਸਿੰਘ ਬੱਲ ਅਤੇ ਬਿਕਰਮ ਬੱਲ ਵੱਲੋਂ ਅੱਜ ਇਥੇ ਆਪਣੀ ਕੰਪਨੀ 'ਬੰਬਲ ਬੀ ਪ੍ਰੋਡਕਸ਼ਨਸ' ਦੇ ਬੈਨਰ ਹੇਠ ਬਣਨ ਜਾ ਰਹੀਆਂ ਦੋ ਪੰਜਾਬੀ ਫ਼ਿਲਮਾਂ ਦੀ ਅਨਾਊਸਮੈਂਟ ਕੀਤੀ। ਇਹਨਾਂ 'ਚੋਂ ਪਹਿਲੀ ਫ਼ਿਲਮ 'ਲੁਕਣ ਮੀਚੀ' ਦੀ ਸ਼ੂਟਿੰਗ 11 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ, ਜਦਕਿ ਦੂਜੀ ਫ਼ਿਲਮ 'ਪਾਨ ਦੀ ਬੇਗੀ' ਅਪ੍ਰੈਲ ਵਿੱਚ ਸ਼ੁਰੂ ਹੋਵੇਗੀ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੋਹਾਂ ਫ਼ਿਲਮਾਂ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਜਦਕਿ ਇਹਨਾਂ ਦਾ ਨਿਰਦੇਸ਼ਕ ਐਮ ਹੁੰਦਲ ਅਤੇ ਐਸੋਸੀਏਟ ਨਿਰਦੇਸ਼ਕ ਬਿਕਰਮ ਬੱਲ ਹੈ।

ਇਹਨਾਂ ਫ਼ਿਲਮਾਂ ਤੋਂ ਇਲਾਵਾ ਵੀ ਉਹ ਕੁਝ ਹੋਰ ਫ਼ਿਲਮਾਂ ਦੀ ਵਿਉਂਤਬੰਦੀ ਕਰ ਰਹੇ ਹਨ, ਜਿੰਨ੍ਹਾਂ ਦੀ ਜਾਣਕਾਰੀ ਉਹ ਛੇਤੀ ਮੀਡੀਆ ਨਾਲ ਸਾਂਝੀ ਕਰਨਗੇ। ਉਹਨਾਂ ਨੇ ਕਿਹਾ ਕਿ ਇਸ ਵੇਲੇ ਪੰਜਾਬੀ ਸਿਨੇਮੇ ਨੂੰ ਨਵੇਂ ਪ੍ਰਤਿਭਾਵਾਨ ਚਿਹਰਿਆਂ ਦੀ ਬੇਹੱਦ ਲੋੜ  ਹੈ। ਜਿਸ ਦੇ ਮੱਦੇਨਜ਼ਰ ਉਹ ਆਪਣੀਆਂ ਫ਼ਿਲਮਾਂ ਜ਼ਰੀਏ ਨਵੇਂ ਚਿਹਰਿਆਂ ਨੂੰ ਸਾਹਮਣੇ ਲੈ ਕੇ ਆਉਂਣਗੇ। ਇਸ ਮੌਕੇ ਹਾਜ਼ਰ ਫ਼ਿਲਮ ਨਿਰਦੇਸ਼ਕ ਐਮ ਹੁੰਦਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਨੋਰੰਜਨ ਇੰਡਸਟਰੀ ਨਾਲ ਜੁੜੇ ਹੋਏ ਹਨ।

ਸੈਂਕਡ਼ੇ ਵੀਡੀਓ ਨਿਰਦੇਸ਼ਤ ਕਰਨ ਤੋਂ ਇਲਾਵਾ ਕਈ ਚਰਚਿਤ ਫ਼ਿਲਮਾਂ ਵਿੱਚ ਸਹਾਇਕ ਅਤੇ ਐਸੋਸੀਏਟ ਨਿਰਦੇਸ਼ਕ ਵਜੋਂ ਵੀ ਭੂਮਿਕਾ ਨਿਭਾ ਚੁੱਕੇ ਹਨ। ਬਤੌਰ ਨਿਰਦੇਸ਼ਕ ਉਹਨਾਂ ਦੀ ਪਹਿਲੀ ਫ਼ਿਲਮ 'ਲੁਕਣ ਮੀਚੀ' ਹੋਵੇਗੀ। ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਮੁੜ ਫ਼ਿਲਮੀ ਪਰਦੇ 'ਤੇ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਦੀ ਜੋੜੀ ਵੀ ਨਜ਼ਰ ਆਵੇਗੀ। ਫ਼ਿਲਮ 'ਚ ਮੈਂਡੀ ਤੱਖਰ, ਅੰਮ੍ਰਿਤ ਔਲਖ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਹਾਰਬੀ ਸੰਘਾ ਤੋਂ ਇਲਾਵਾ ਕਈ ਨਵੇਂ ਚਿਹਰੇ ਵੀ ਨਜ਼ਰ ਆਉਂਣਗੇ। ਇਸ ਫ਼ਿਲਮ ਦੀ ਸ਼ੂਟਿੰਗ, ਪੰਜਾਬ, ਚੰਡੀਗਡ਼, ਹਰਿਆਣਾ ਅਤੇ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਕੀਤੀ ਜਾਵੇਗੀ। 

ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੂਜੀ ਫ਼ਿਲਮ 'ਪਾਨ ਦੀ ਬੇਗੀ' ਫ਼ਿਲਹਾਲ ਗੁਰਪ੍ਰੀਤ ਘੁੱਗੀ ਨੂੰ ਫ਼ਾਈਨਲ ਕੀਤਾ ਗਿਆ ਹੈ, ਜਦਕਿ ਬਾਕੀ ਕਲਾਕਾਰਾਂ ਦੀ ਸੂਚਨਾ ਛੇਤੀ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਨੇ ਕਿਹਾ ਕਿ ਉਹ ਕਈ ਸਾਲਾਂ ਬਾਅਦ ਕਿਸੇ ਪੰਜਾਬੀ ਫ਼ਿਲਮ 'ਚ ਕੰਮ ਕਰ ਰਹੇ ਹਨ। ਸੰਗੀਤਕ ਰੁਝੇਵਿਆਂ ਕਾਰਨ ਉਹ ਇਸ ਪਾਸੇ ਧਿਆਨ ਹੀ ਨਹੀਂ ਦੇ ਸਕੇ। ਹੁਣ ਢੁਕਵਾਂ ਵਿਸ਼ਾ ਤੇ ਕਿਰਦਾਰ ਮਿਲਣ ਕਾਰਨ ਉਹ ਇਸ ਫ਼ਿਲਮ 'ਚ ਕੰਮ ਕਰ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਕ ਐਮ ਹੁੰਦਲ ਅਤੇ ਉਹ ਇਸ ਤੋਂ ਪਹਿਲਾਂ ਕਈ ਮਿਊਜ਼ਿਕ ਵੀਡੀਓਜ਼ 'ਚ ਇੱਕਠੇ ਕੰਮ ਕਰ ਚੁੱਕੇ ਹਨ। ਇਸ ਫ਼ਿਲਮ 'ਚ ਉਹ ਅਦਾਕਾਰ ਗੁੱਗੂ ਗਿੱਲ ਦੇ ਛੋਟੇ ਭਰਾ ਦਾ ਕਿਰਦਾਰ ਨਿਭਾ ਰਹੇ ਹਨ, ਜੋ ਇਲਾਕੇ ਦੇ ਨਾਮਵਰ ਜਿਮੀਂਦਾਰ ਹੈ।

ਦਰਸ਼ਕ ਇਸ ਫ਼ਿਲਮ ਅਤੇ ਉਸਦੇ ਕਿਰਦਾਰ ਨੂੰ ਪਸੰਦ ਕਰਨਗੇ। ਇਹ ਫ਼ਿਲਮ ਨਿਰੋਲ ਰੂਪ 'ਚ ਮਨੋਰੰਜਕ ਫ਼ਿਲਮ ਹੋਵੇਗੀ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਰਿਸ਼ਤਿਆਂ ਪ੍ਰਤੀ ਇਕ ਸੁਨੇਹਾ ਵੀ ਦੇਵੇਗੀ। ਅਦਾਕਾਰਾ ਮੈਂਡੀ ਤੱਖਰ ਮੁਤਾਬਕ ਇਸ ਫ਼ਿਲਮ ਦਾ ਵਿਸ਼ਾ ਉਸ ਨੂੰ ਪਸੰਦ ਆਇਆ। ਇਸ ਫ਼ਿਲਮ 'ਚ ਉਸ ਲਈ ਕਾਫ਼ੀ ਕੁਝ ਵੱਖਰਾ ਹੈ, ਜਿਸ ਨੂੰ ਦਰਸ਼ਕ ਪਸੰਦ ਕਰਨਗੇ। ਗੱਗੂ ਗਿੱਲ ਅਤੇ ਯੋਗਰਾਜ ਸਿੰਘ ਨੇ ਵੀ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ਬਣੇਗੀ। ਪੰਜਾਬੀ ਫ਼ਿਲਮ 'ਸਾਡੇ ਆਲੇ' ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜੀ ਅਦਾਕਾਰਾ ਅੰਮ੍ਰਿਤ ਔਲਖ ਇਸ ਫ਼ਿਲਮ 'ਚ ਇਕ ਹਰਿਆਣਵੀ ਕੁੜੀ ਦੇ ਕਿਰਦਾਰ 'ਚ ਨਜਰ ਆਵੇਗੀ। ਬੀ ਐਨ ਸ਼ਰਮਾ ਅਤੇ ਕਰਮਜੀਤ ਅਨਮੋਲ ਫ਼ਿਲਮ 'ਚ ਪਿਓ, ਪੁੱਤ ਦੀ ਭੂਮਿਕਾ ਨਿਭਾ ਰਹੇ ਹਨ। ਦੋਵੇਂ ਜਣੇ ਫ਼ਿਲਮ ਦਾ ਅਹਿਮ ਹਿੱਸਾ ਹਨ।