‘ਕੌਣ ਬਣੇਗਾ ਕਰੋੜਪਤੀ’ ਦੇ ਸੈੱਟ ’ਤੇ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਇਆ ਗਿਆ ਕਿਊਆਰ ਕੋਡ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਣਕਾਰੀ
ਜਲੰਧਰ : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ‘ਕੌਣ ਬਣੇਗਾ ਕਰੋੜਪਤੀ’-17 ’ਚ ਅਮਿਤਾਬ ਬੱਚਨ ਦੇ ਸਾਹਮਣੇ ਹੌਟ ਸੀਟ ’ਤੇ ਨਜ਼ਰ ਆਉਣਗੇ। ਇਸ ਸਬੰਧੀ ਜਾਣਕਾਰੀ ਖੁਦ ਦਿਲਜੀਤ ਦੋਸਾਂਝ ਵਜੋਂ ਵੀਡੀਓ ਜਾਰੀ ਕਰਕੇ ਦਿੱਤੀ ਗਈ। ਵੀਡੀਓ ’ਚ ਦਿਲਜੀਤ ਦੋਸਾਂਝ ਨੇ ਕਿਹਾ ਕਿ ਇੰਨਾ ਕੁ ਪੈਸਾ ਤਾਂ ਮੈਂ ਖੁਦ ਵੀ ਦੇ ਸਕਦਾ ਹਾਂ, ਪਰ ਕੌਣ ਬਣੇਗਾ ਕਰੋੜਪਤੀ ਦੇ ਰਾਹੀਂ ਸਾਨੂੰ ਆਪਣੀ ਆਵਾਜ਼ ਨੂੰ ਦੇਸ਼ ਪੱਧਰ ਤੱਕ ਪਹੁੰਚਾਉਣ ’ਚ ਅਸਾਨੀ ਹੋਵੇਗੀ। ਇਸ ਤੋਂ ਪਹਿਲਾਂ ਦਿਲਜੀਤ ਨੇ ਆਪਣੇ ਇਕ ਚਾਹੁਣ ਵਾਲੇ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ‘ਕੇਬੀਸੀ’ ਦਾ ਸਾਰਾ ਪੈਸਾ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਵੱਲੋਂ ਪੰਜਾਬ ’ਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ 10 ਪਿੰਡਾਂ ਨੂੰ ਗੋਦ ਲਿਆ ਗਿਆ, ਜਿਨ੍ਹਾਂ ਦੀ ਮਦਦ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਦਿਲਜੀਤ ਦੋਸਾਂਝ ਨੇ ਦੱਸਿਆ ਕਿ ‘ਕੌਣ ਬਣੇਗਾ ਕਰੋੜਪਤੀ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਅਸੀਂ ਜਿੰਨੀ ਵੀ ਰਕਮ ਜਿੱਤੀ ਹੈ, ਉਹ ਸਾਰੀ ਹੜ੍ਹਾਂ ਲਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ‘ਕੇਬੀਸੀ’ ਦੇ ਸੈੱਟ ’ਤੇ ਕਿਊਆਰ ਕੋਡ ਜਨਰੇਟ ਕੀਤਾ ਗਿਆ ਹੈ, ਜਿਸ ਰਾਹੀਂ ਪੂਰੀਆ ਦੁਨੀਆ ’ਚੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਦਿੱਤਾ ਜਾ ਸਕਦਾ ਹੈ।