'ਵਿਆਹ ਕਰਤਾਰੇ ਦਾ' ਕਮੇਡੀ ਡਰਾਮਾ ਫ਼ਿਲਮ 27 ਫਰਵਰੀ ਨੂੰ ਹੋ ਰਹੀ ਰਿਲੀਜ਼, ਜਾਣੋ ਕਿਹੜੇ-ਕਿਹੜੇ ਕਲਾਕਾਰ ਨਿਭਾ ਰਹੇ ਨੇ ਭੂਮਿਕਾ
ਫ਼ਿਲਮ ਦਾ ਟਰੇਲਰ 14 ਫਰਵਰੀ ਰਿਲੀਜ਼ ਹੋਇਆ ਤੇ ਉਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ
ਚੰਡੀਗੜ੍ਹ: ਪੰਜਾਬੀ ਕਮੇਡੀ ਡਰਾਮਾ ਫ਼ਿਲਮ 'ਵਿਆਹ ਕਰਤਾਰੇ ਦਾ' 27 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟਰੇਲਰ 14 ਫਰਵਰੀ ਰਿਲੀਜ਼ ਹੋਇਆ ਤੇ ਉਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਫ਼ਿਲਮ ਰਿਲੀਜ਼ ਹੋਣ ਦਾ ਇਤਜ਼ਾਰ ਵੀ ਕੀਤਾ ਜਾ ਰਿਹਾ ਹੈ। ਇਹ ਕਮੇਡੀ ਫ਼ਿਲਮ ਨੂੰ ਧਰਮਾ ਪ੍ਰੋਡਕਸ਼ਨ, ਹੰਬਲ ਮੋਸ਼ਨ ਪਿਕਚਰਜ਼ ਅਤੇ ਪਿਟਾਰਾ ਟਾਕੀਜ਼ ਵੱਲੋਂ ਪੇਸ਼ ਕੀਤੀ ਗਈ ਹੈ।
ਫ਼ਿਲਮ ਵਿੱਚ ਕੰਮ ਰਹੇ ਅਦਾਕਾਰ
ਫ਼ਿਲਮ ਵਿੱਚ ਮੁੱਖ ਭੂਮਿਕਾ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਨਿਭਾਅ ਰਹੇ ਹਨ। ਜੇਕਰ ਫ਼ਿਲਮ ਦੀ ਹੋਰ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ,ਗੁਰਪ੍ਰੀਤ ਘੁੱਗੀ ,ਗੁਰਮੀਤ ਸਾਜਨ,ਹਰਦੀਪ ਗਿੱਲ ,ਸਮੀਪ ਕੰਗ, ਬੀ.ਐਨ. ਸ਼ਰਮਾ,ਰੁਪਿੰਦ ਰੂਪੀ ਤੇ ਹਨੀ ਮੱਟੂ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ।
ਫ਼ਿਲਮ ਦੀ ਪੇਸ਼ਕਾਰੀ
ਇਹ ਫਿਲਮ ਸਿਰਫ਼ ਕਾਮੇਡੀ ਨਹੀਂ, ਸਗੋਂ ਪੰਜਾਬੀ ਪਰਿਵਾਰਕ ਰਿਸ਼ਤਿਆਂ, ਪਿਆਰ, ਇੱਜ਼ਤ ਅਤੇ ਪਰੰਪਰਾਵਾਂ ਦੀ ਵੀ ਸੁੰਦਰ ਪੇਸ਼ਕਾਰੀ ਹੈ। ਕਹਾਣੀ ਸਧਾਰਣ ਹੋਣ ਦੇ ਬਾਵਜੂਦ ਦਿਲ ਨੂੰ ਛੂਹ ਲੈਂਦੀ ਹੈ ਅਤੇ ਹਰ ਸੀਨ ਵਿੱਚ ਆਪਣੇ ਪਿੰਡ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ। ਅਦਾਕਾਰਾਂ ਦੀ ਐਕਟਿੰਗ ਕਾਫੀ ਸੁਭਾਵੀ ਤੇ ਪ੍ਰਭਾਵਸ਼ਾਲੀ ਹੈ, ਖ਼ਾਸ ਕਰਕੇ ਕਾਮੇਡੀ ਟਾਈਮਿੰਗ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰਦੀ ਹੈ। ਡਾਇਲਾਗ ਸਾਫ-ਸੁਥਰੇ ਹਨ ਅਤੇ ਪਰਿਵਾਰ ਨਾਲ ਬੈਠ ਕੇ ਦੇਖਣ ਯੋਗ ਫਿਲਮ ਹੈ।
ਸਮੀਪ ਕੰਗ ਤੇ ਗਿੱਪੀ ਗਰੇਵਾਲ ਦੀ ਜੋੜੀ
ਸੰਗੀਤ ਅਤੇ ਲੋਕੇਸ਼ਨ ਫਿਲਮ ਨੂੰ ਹੋਰ ਵੀ ਰੰਗੀਨ ਬਣਾਉਂਦੇ ਹਨ, ਜਿੱਥੇ ਹਰ ਗੀਤ ਕਹਾਣੀ ਨਾਲ ਜੁੜਿਆ ਮਹਿਸੂਸ ਹੁੰਦਾ ਹੈ। ਕੁੱਲ ਮਿਲਾ ਕੇ ਇਹ ਫ਼ਿਲਮ ਇੰਟਰਟੇਨਮੈਂਟ ਦਾ ਪੈਕੇਜ਼ ਹੈ। ਇਸ ਫਿਲਮ ਦਾ ਟਰੇਲਰ ਦਰਸ਼ਕਾਂ ਨੂੰ ਸਿਨੇਮੇ ਘਰਾਂ ਵਿੱਚ ਜਾਣ ਲਈ ਮਜ਼ਬੂਰ ਕਰਦਾ ਹੈ। ਸਮੀਪ ਕੰਗ ਦੀ ਡਾਇਰੈਸ਼ਨ ਵਿੱਚ ਗਿੱਪੀ ਗਰੇਵਾਲ ਕੈਰੀ ਆਨ ਜੱਟਾ, ਮੌਜਾਂ ਹੀ ਮੌਜਾਂ ਤੇ ਲੌਕ ਵਰਗੀਆਂ ਸੁਪਰਹਿੱਟ ਫ਼ਿਲਮਾਂ ਕਰ ਚੁੱਕੇ ਹਨ।
ਫ਼ਿਲਮ ਦਾ ਸੰਗੀਤ
ਫ਼ਿਲਮ 'ਵਿਆਹ ਕਰਤਾਰੇ ਦਾ' ਦੇ ਸੰਗੀਤ ਦੀ ਗੱਲ ਕਰੀਏ ਤਾਂ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੇ ਗੀਤ 'ਤੇਰਾ ਹਾਸਾ', 'ਬਲੌਗ' ਤੇ 'ਗੁਨਾਹ' ਨਾਮ ਦੇ ਗੀਤ ਰਿਲੀਜ਼ ਹੋ ਚੁੱਕੇ ਹਨ। ਇਹਨਾਂ ਗੀਤਾਂ ਨੇ ਯੂਟਿਊਬ ਉੱਤੇ ਲੱਖਾਂ ਵਿਊਜ਼ ਹਾਸਲ ਕੀਤੇ ਹਨ। ਇਸ ਦਾ ਫ਼ਿਲਮ ਦਾ ਮਿਊਜ਼ਿਕ ਪ੍ਰਸ਼ਾਤ ਸੰਧੂ, ਮਰਸੀ ਅਤੇ ਆਗਾਜ਼ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ। ਫ਼ਿਲਮ ਦੇ ਗੀਤਾਂ ਨੂੰ ਹੈਪੀ ਰਾਏਕੋਟੀ, ਬੰਟੀ ਬੈਂਸ ਤੇ ਅਰਜਨ ਢਿੱਲੋਂ ਦੁਆਰਾ ਲਿਖਿਆ ਗਿਆ ਹੈ। ਗੀਤਾਂ ਨੂੰ ਆਵਾਜ਼ ਗਿੱਪੀ ਗਰੇਵਾਲ , ਨਿਮਰਤਾ ਖਹਿਰਾ ਅਤੇ ਸਿਕੰਦਰ ਨੇ ਦਿੱਤੀ ਹੈ।ਟਰੇਲਰ ਦੇਖਣ ਮਗਰੋਂ ਦਰਸ਼ਕ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।