Nirmal Rishi: ਗੁਲਾਬੋ ਮਾਸੀ ਨੂੰ ਅਮਰ ਕਰਨ ਵਾਲੀ ਨਿਰਮਲ ਰਿਸ਼ੀ

ਸਪੋਕਸਮੈਨ ਸਮਾਚਾਰ ਸੇਵਾ  | Dr. Harpreet Kaur

ਮਨੋਰੰਜਨ, ਪਾਲੀਵੁੱਡ

Nirmal Rishi:ਥੀਏਟਰ ਤੇ ਰੰਗਮੰਚ ’ਚ ਉਨ੍ਹਾਂ ਦਾ ਰੁਝਾਨ ਬਚਪਨ ਤੋਂ ਹੀ ਸੀ, ਇਸ ਨੂੰ ਹੋਰ ਨਿਖਾਰ ਉਦੋਂ ਮਿਲਿਆ ਜਦੋਂ ਕਾਲਜ ਦੌਰਾਨ ਹਰਪਾਲ ਤੇ ਨੀਨਾ ਟਿਵਾਣਾ ਦੇ ਸੰਪਰਕ ’ਚ ..

Nirmal Rishi article in punjabi

Nirmal Rishi article in punjabi : ਪੰਜਾਬੀ ਰੰਗਮੰਚ ਤੇ ਸਿਨੇਮਾ ’ਚ ਗੁਲਾਬੋ ਮਾਸੀ ਅਤੇ ਬੇਬੇ ਜਿਹੇ ਕਿਰਦਾਰਾਂ ਵਿਚ ਜਾਨ ਭਰਨ ਵਾਲੀ ਪਦਮਸ਼੍ਰੀ ਨਿਰਮਲ ਰਿਸ਼ੀ ਦਾ ਜਨਮ ਪੰਜਾਬ ਦੇ ਬਠਿੰਡਾ (ਹੁਣ ਮਾਨਸਾ) ਦੇ ਖੀਵਾ ਕਲਾਂ ’ਚ ਸਰਪੰਚ ਬਲਦੇਵ ਕ੍ਰਿਸ਼ਨ ਰਿਸ਼ੀ ਤੇ ਮਾਤਾ ਬਚਨੀ ਦੇਵੀ ਦੇ ਘਰ 28 ਅਗੱਸਤ 1943 ਨੂੰ ਹੋਇਆ। ਨਿਰਮਲ ਰਿਸ਼ੀ ਅਪਣੇ ਮਾਪਿਆਂ ਦੀ ਤੀਜੀ ਧੀ ਹਨ। ਇਹ ਅਜਿਹਾ ਸਮਾਂ ਸੀ ਜਦੋਂ ਧੀਆਂ ਨੂੰ ਬੋਝ ਸਮਝਿਆ ਜਾਂਦਾ ਸੀ, ਇਸ ਲਈ ਨਿਰਮਲ ਰਿਸ਼ੀ ਨੂੰ ਉਨ੍ਹਾਂ ਦੇ ਦਾਦਾ ਜੀ ਵਲੋਂ ਉਸ ਨੂੰ ਪੱਥਰ ਵੀ ਕਿਹਾ ਗਿਆ। ਧੀ ਹੋਣ ਕਰ ਕੇ ਦੋ ਤਿੰਨ ਸਾਲਾਂ ਤਕ ਉਨ੍ਹਾਂ ਦਾ ਕੋਈ ਨਾਮ ਨਾ ਰਖਿਆ ਗਿਆ ਤੇ ਉਨ੍ਹਾਂ ਨੂੰ ‘ਮੁੰਨੀ’ ਕਹਿ ਕੇ ਹੀ ਬੁਲਾ ਲਿਆ ਜਾਂਦਾ। ਉਨ੍ਹਾਂ ਦਾ ਨਾਮ ਨਿਰਮਲਾ, ਜਨਮ ਰਿਕਾਰਡ ’ਚ ਦਰਜ ਕਰਨ ਸਮੇਂ ਪਿੰਡ ਦੇ ਪਟਵਾਰੀ ਨੇ ਦਿਤਾ ਜੋ ਬਾਅਦ ’ਚ ਨਿਰਮਲ ਰਿਸ਼ੀ ਵਜੋਂ ਜਾਣੇ ਜਾਣ ਲੱਗੇ।

ਉਨ੍ਹਾਂ ਦਾ ਪਾਲਣ-ਪੋਸ਼ਣ ਤੇ ਮੁਢਲੀ ਪੜ੍ਹਾਈ ਭੂਆ-ਫੁੱਫੜ ਕੋਲ ਰਾਜਸਥਾਨ ਦੇ ਗੰਗਾਨਗਰ ’ਚ ਹੋਈ। ਜੈਪੁਰ ਕਾਲਜ ਤੋਂ ਬੀਏ ਕਰਨ ਉਪ੍ਰੰਤ ਉਨ੍ਹਾਂ ਨੇ ਸਰਕਾਰੀ ਕਾਲਜ ਪਟਿਆਲਾ ’ਚ ਸਰੀਰਕ ਸਿਖਿਆ ਦੇ ਵਿਸ਼ੇ ’ਚ ਐੱਮਏ ਦੀ ਡਿਗਰੀ ਹਾਸਲ ਕੀਤੀ। ਲੁਧਿਆਣਾ ਦੇ ਖ਼ਾਲਸਾ ਕਾਲਜ ’ਚ ਉਨ੍ਹਾਂ ਨੇ ਸਰੀਰਕ ਸਿਖਿਆ ਦੇ ਲੈਕਚਰਾਰ ਵਜੋਂ ਵੀ ਸੇਵਾਵਾਂ ਨਿਭਾਈਆਂ। ਸੇਵਾ ਮੁਕਤੀ ਤੋਂ ਬਾਅਦ ਉਹ ਪੂਰੀ ਤਰ੍ਹਾਂ ਅਪਣਾ ਸਮਾਂ  ਥੀਏਟਰ ਅਤੇ ਰੰਗਮੰਚ ਨੂੰ ਦੇਣ ਲੱਗੇ।

ਥੀਏਟਰ ਤੇ ਰੰਗਮੰਚ ’ਚ ਉਨ੍ਹਾਂ ਦਾ ਰੁਝਾਨ ਬਚਪਨ ਤੋਂ ਹੀ ਸੀ, ਇਸ ਨੂੰ ਹੋਰ ਨਿਖਾਰ ਉਦੋਂ ਮਿਲਿਆ ਜਦੋਂ ਕਾਲਜ ਦੌਰਾਨ ਹਰਪਾਲ ਤੇ ਨੀਨਾ ਟਿਵਾਣਾ ਦੇ ਸੰਪਰਕ ’ਚ ਆਏ। ਨਿਰਮਲ ਰਿਸ਼ੀ ਨੇ ਹਰਪਾਲ ਅਤੇ ਨੀਨਾ ਨਾਲ ਮਿਲ ਕੇ ਰੰਗਮੰਚ ਦੇ ਕਈ ਬੇਹਤਰੀਨ ਨਾਟਕਾਂ ’ਚ ਅਪਣੀ ਭੂਮਿਕਾ ਨਿਭਾਈ ਜਿਨ੍ਹਾਂ ’ਚ ਹਰਪਾਲ ਟਿਵਾਣਾ ਦੇ ਨਾਟਕ ਹਿੰਦ ਦੀ ਚਾਦਰ, ਚਮਕੌਰ ਦੀ ਗੜ੍ਹੀ ਅਤੇ ਬਲਵੰਤ ਗਾਰਗੀ ਦੁਆਰਾ ਰਚਿਤ ਲੋਹਾ ਕੁੱਟ ਮੁੱਖ ਹਨ।

ਹਰਪਾਲ ਟਿਵਾਣਾ ਦੁਆਰਾ 1983 ’ਚ ਬਣਾਈ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਵਿਚ ਨਿਰਮਲ ਰਿਸ਼ੀ ਨੂੰ ਮਿਲੇ ਹੋਏ ਗੁਲਾਬੋ ਮਾਸੀ ਦੇ ਕਿਰਦਾਰ ਨੇ ਅਮਰ ਕਰ ਦਿਤਾ। ਅੱਜ ਵੀ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਜਗਤ ’ਚ ਗੁਲਾਬੋ ਮਾਸੀ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੱਠ ਤੋਂ ਜ਼ਿਆਦਾ ਫ਼ਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾਈਆਂ ਜਿਨ੍ਹਾਂ ’ਚ ‘ਉੱਚਾ ਦਰ ਬਾਬੇ ਨਾਨਕ ਦਾ, ਦੀਵਾ ਬਲੇ ਸਾਰੀ ਰਾਤ, ਸੁਨੇਹਾ, ਲਵ ਪੰਜਾਬ, ਅੰਗਰੇਜ਼, ਨਿੱਕਾ ਜ਼ੈਲਦਾਰ, ਦਿ ਗ੍ਰੇਟ ਸਰਦਾਰ, ਲਾਹੌਰੀਏ, ਬੂਹੇ ਬਾਰੀਆਂ, ਗੋਡੇ-ਗੋਡੇ ਚਾਅ, ਬੰਬੂਕਾਟ, ਜੱਟ ਨੂੰ ਚੁੜੇਲ ਟਕਰੀ, ਨੀ ਮੈਂ ਸੱਸ ਕੁਟਣੀ ਅਤੇ ਹਾਲ ’ਚ ਹੀ ਰਿਲੀਜ਼ ਹੋਈ ‘ਨੀ ਮੈਂ ਸੱਸ ਕੁਟਣੀ 2’ ਉਨ੍ਹਾਂ ਦੀ ਬੇਹਤਰੀਨ ਅਦਾਕਾਰੀ ਨੂੰ ਪੇਸ਼ ਕਰਦੀਆਂ ਹਨ। ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਮਹਿਮਾਨ ਕਲਾਕਾਰ ਵਜੋਂ ਵੀ ਹਿੰਦੀ ਫ਼ਿਲਮ ‘ਦੰਗਲ’ ’ਚ ਕੰਮ ਕੀਤਾ। ਉਨ੍ਹਾਂ ਦੀ ਅਦਾਕਾਰੀ ਜਿਥੇ ਹੱਸਣ ਲਈ ਮਜਬੂਰ ਕਰ ਦਿੰਦੀ ਹੈ, ਉਥੇ ਔਰਤਾਂ ਦੇ ਸਤਿਕਾਰ ਤੇ ਉਨ੍ਹਾਂ ’ਤੇ ਹੋ ਰਹੇ ਜ਼ੁਲਮ ਵਿਰੁਧ ਅਪਣੀ ਆਵਾਜ਼ ਬੁਲੰਦ ਕਰ ਕੇ ਸਮਾਜ ਨੂੰ ਜਾਗਰੂਕ ਵੀ ਕਰਦੀ ਹੈ। ਪੰਜਾਬੀ ਰੰਗਮੰਚ ਤੇ ਸਿਨੇਮਾ ਜਗਤ ’ਚ ਪਾਏ ਯੋਗਦਾਨ ਬਦਲੇ ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ ਜਿਸ ’ਚ ਸੰਗੀਤ ਨਾਟਕ ਅਕੈਡਮੀ ਐਵਾਰਡ, ਪੀਟੀਸੀ ਪੰਜਾਬੀ ਦੁਆਰਾ ਬੈਸਟ ਸਪੋਰਟਿੰਗ ਐਕਟਰ, 2017 ’ਚ ਲਾਈਫ਼-ਟਾਈਮ ਅਚੀਵਮੈਂਟ ਤੇ 2024 ’ਚ ਭਾਰਤ ਸਰਕਾਰ ਦੁਆਰਾ ਸਨਮਾਨਤ ਪਦਮਸ਼੍ਰੀ ਐਵਾਰਡ ਸ਼ਾਮਲ ਹਨ।

ਨਿਰਮਲ ਰਿਸ਼ੀ ਜੀ ਅੱਸੀ ਸਾਲ ਦੀ ਉਮਰ ’ਚ ਪਹੁੰਚ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੀ ਅਦਾਕਾਰੀ ’ਚ ਅੱਜ ਵੀ ਜਵਾਨਾਂ ਵਰਗੀ ਚੁਸਤੀ-ਫ਼ੁਰਤੀ ਮੌਜੂਦ ਹੈ। ਉਹ ਹੁਣ ਵੀ ਮਿਲਿਆ ਕਿਰਦਾਰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ। ਉਨ੍ਹਾਂ ਵਿਆਹ ਨਹੀਂ ਕਰਵਾਇਆ। ਉਨ੍ਹਾਂ ਨੂੰ ਬਚਪਨ ’ਚ ਪੱਥਰ ਕਿਹਾ ਗਿਆ ਪ੍ਰੰਤੂ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਪੱਥਰ ਇਕ ਦਿਨ ਜਾ ਕੇ ਪੰਜਾਬੀ ਸਿਨੇਮਾ ਜਗਤ ਦਾ ਧਰੂ-ਤਾਰਾ ਬਣੇਗਾ। ਪੂਰਾ ਸਿਨੇਮਾ ਜਗਤ ਹੀ ਉਨ੍ਹਾਂ ਦਾ ਪ੍ਰਵਾਰ ਹੈ। ਇਹੀ ਕਾਰਨ ਹੈ ਕਿ ਦਰਸ਼ਕ ਵੀ ਉਨ੍ਹਾਂ ਨੂੰ ਬੇਬੇ ਜੀ, ਬੀਜੀ, ਨਾਨੀ ਜੀ, ਭੂਆ ਤੇ ਗੁਲਾਬੋ ਮਾਸੀ ਕਹਿ ਕੇ ਬੁਲਾਉਂਦੇ ਹਨ।

ਨਿਰਮਲ ਰਿਸ਼ੀ ਦਾ ਪੂਰਾ ਜੀਵਨ ਪ੍ਰੇਰਨਾ ਸ੍ਰੋਤ ਹੈ। ਉਹ ਨਵੀਆਂ ਉਭਰ ਰਹੀਆਂ ਔਰਤ ਕਲਾਕਾਰਾਂ ਲਈ ਰਾਹ ਦਸੇਰਾ ਹਨ। ਉਨ੍ਹਾਂ ਦੁਆਰਾ ਪ੍ਰਾਪਤ ਕੀਤੇ ਮਾਣ ਸਨਮਾਨ ਤੇ ਤਰੱਕੀ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਚਪੇੜ ਹਨ ਜੋ ਧੀਆਂ ਨੂੰ ਪੱਥਰ ਤੇ ਬੋਝ ਸਮਝਦੇ ਹਨ। ਉਨ੍ਹਾਂ ਦੁਆਰਾ ਪੰਜਾਬੀ ਥੀਏਟਰ ਤੇ ਸਿਨੇਮਾ ’ਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅਸੀਂ ਪਰਮਾਤਮਾ ਅੱਗੇ ਉਨ੍ਹਾਂ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਅਰਦਾਸ ਕਰਦੇ ਹੋਏ, ਇਹ ਉਮੀਦ ਵੀ ਕਰਦੇ ਹਾਂ ਕਿ ਭਵਿੱਖ ’ਚ ਵੀ ਉਨ੍ਹਾਂ ਦੀਆਂ ਫ਼ਿਲਮਾਂ ਦਰਸ਼ਕਾਂ ਨੂੰ ਸਮਾਜਕ ਕੁਰੀਤੀਆਂ ਵਿਰੁਧ ਜਾਗਰੂਕ ਕਰਦੀਆਂ ਰਹਿਣਗੀਆਂ।