ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਮਾਂ' ਦਾ ਟ੍ਰੇਲਰ ਹੋਇਆ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਫ਼ਿਲਮ ਦੇਖਣ ਲਈ ਦਰਸ਼ਕਾਂ 'ਚ ਭਾਰੀ ਉਤਸ਼ਾਹ

Maa

ਚੰਡੀਗੜ੍ਹ : ਗਿੱਪੀ ਗਰੇਵਾਲ ਅਤੇ ਟੀਮ ਦੀ ਨਵੀਂ ਘੋਸ਼ਿਤ ਫ਼ਿਲਮ 'ਮਾਂ' ਦਾ ਟ੍ਰੇਲਰ ਅੱਜ ਯਾਨੀ 20 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਹੈ। ਹੰਬਲ ਮੋਸ਼ਨ ਪਿਕਚਰਜ਼ ਅਤੇ ਸਾਗਾ ਹਿਟਸ ਦੁਆਰਾ ਇੱਕ ਪੇਸ਼ਕਾਰੀ ਅਤੇ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਤ, ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਵਲੋਂ ਕੀਤਾ ਗਿਆ ਹੈ ਜਿਸਦੇ ਸਹਿ ਨਿਰਮਾਤਾ ਭਾਨਾ ਐਲਏ ਅਤੇ ਵਿਨੋਦ ਅਸਵਾਲ ਹਨ। ਅਰਦਾਸ ਅਤੇ ਅਰਦਾਸ ਕਰਾਂ ਦੇ ਨਿਰਮਾਤਾ ਨੇ ਪੰਜਾਬੀ ਸਿਨੇਮਾ ਵੱਲੋਂ ਇਸ ਖਾਸ ਫ਼ਿਲਮ ਵਜੋਂ ਸਾਰੀਆਂ ਮਿਹਨਤੀ ਮਾਵਾਂ ਨੂੰ ਇਹ ਤੋਹਫਾ ਪੇਸ਼ ਕੀਤਾ ਹੈ।

ਜਿਵੇਂ ਹੀ ਇਸ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਉਦੋਂ ਤੋਂ ਹੀ ਦਰਸ਼ਕਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ਦੇਖਣ ਤੋਂ ਬਾਅਦ, ਪ੍ਰਸ਼ੰਸਕ ਹੁਣ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਫ਼ਿਲਮ ਕਦੋਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਪ੍ਰਭਾਵਸ਼ਾਲੀ ਸਟਾਰ ਕਾਸਟ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ, ਆਰੂਸ਼ੀ ਸ਼ਰਮਾ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਸ਼ਾਮਲ ਹਨ। ਇਸ ਦੇ ਨਾਲ ਹੀ ਮਰਹੂਮ ਸਰਦੂਲ ਸਿਕੰਦਰ ਦੀ ਇੱਕ ਵਿਸ਼ੇਸ਼ ਹਾਜ਼ਰੀ ਦਰਸ਼ਕਾਂ ਲਈ ਇੱਕ ਟ੍ਰੀਟ ਵਜੋਂ ਹੋਵੇਗੀ।

"ਮਾਂ ਧਰਤੀ 'ਤੇ ਰੱਬ ਦਾ ਰੂਪ ਹੈ" ਦੀਆਂ ਲਾਈਨਾਂ ਨਾਲ ਚਲਦਾ ਹੋਇਆ ਫ਼ਿਲਮ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਵਿੱਚ ਉਤਸ਼ਾਹ ਦੀਆਂ ਲਹਿਰਾਂ ਪੈਦਾ ਕਰ ਰਿਹਾ ਹੈ। ਗਿੱਪੀ ਗਰੇਵਾਲ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਸਾਰਥਕ ਸਿਨੇਮਾ ਬਣਾਉਣਾ  ਚਾਹੁੰਦੇ ਹਨ | ਜਿਸ ਲਈ ਪ੍ਰਸ਼ੰਸਕ ਇਸ ਫ਼ਿਲਮ ਨੂੰ 6 ਮਈ ਨੂੰ ਸਿਨੇਮਾਘਰਾਂ 'ਚ ਦੇਖਣ ਲਈ ਬੇਤਾਬ ਹਨ।

ਗਿੱਪੀ ਗਰੇਵਾਲ ਇੱਕ ਹੋਰ ਪੰਜਾਬੀ ਸਿਨੇਮਾ ਮਾਸਟਰਪੀਸ ਪੇਸ਼ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ, “ਇਹ ਫ਼ਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਇਹ ਨਾ ਸਿਰਫ ਮੇਰੀ ਮਾਂ ਨੂੰ ਬਲਕਿ ਹਰ ਮਾਂ ਨੂੰ ਸਮਰਪਿਤ ਹੈ ਜੋ ਧਰਤੀ 'ਤੇ ਰੱਬ ਦਾ ਰੂਪ ਧਾਰਦੀ ਹੈ। ਬਿਨ੍ਹਾ ਕਿਸੇ ਇੱਕ ਮਾਂ ਜਿਨ੍ਹਾਂ ਪਿਆਰ ਤੁਹਾਨੂੰ ਕੋਈ ਹੋਰ ਨਹੀਂ ਕਰ ਸਕਦਾ। ਇਹ ਫ਼ਿਲਮ ਅਦੁੱਤੀ ਮਾਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਮੈਂ ਦਿਵਿਆ ਦੱਤਾ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਬਾਰੇ ਨਹੀਂ ਸੋਚ ਸਕਦਾ ਸੀ, ਜਿਹਨਾਂ ਨੇ ਇਸ ਕਿਰਦਾਰ ਨੂੰ ਇੰਨੀ ਸਹਿਜਤਾ ਨਾਲ ਨਿਭਾਇਆ।"

ਫ਼ਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਆਪਣੇ ਜਜ਼ਬਾਤ ਜ਼ਾਹਰ ਕਰਦੇ ਹੋਏ ਕਿਹਾ, "ਫ਼ਿਲਮ ਬਣਾਉਣ ਦੀ ਪੂਰੀ ਪ੍ਰਕਿਰਿਆ ਬਹੁਤ ਭਾਵੁਕ ਸੀ। ਜਦੋਂ ਗਿੱਪੀ ਨੇ ਇਸ ਫ਼ਿਲਮ ਲਈ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ। ਪੰਜਾਬੀ ਸਿਨੇਮਾ ਵਿੱਚ ਅਜਿਹੀਆਂ ਫ਼ਿਲਮਾਂ ਰੋਜ਼ ਨਹੀਂ ਬਣਦੀਆਂ ਅਤੇ ਮਾਂ ਦੀ ਛਵੀ ਨੂੰ ਪੇਸ਼ ਕਰਨਾ ਆਪਣੇ ਆਪ ਵਿਚ ਇੱਕ ਵੱਡੀ ਜ਼ਿੰਮੇਵਾਰੀ ਸੀ।

ਕਹਾਣੀ ਰਾਣਾ ਰਣਬੀਰ ਦੁਆਰਾ ਲਿਖੀ ਗਈ ਹੈ ਅਤੇ ਸੰਕਲਪ ਬਾਰੇ ਉਨ੍ਹਾਂ ਨੇ ਕਿਹਾ, "ਮੈਂ ਆਪਣੀ ਮਾਂ ਲਈ ਆਪਣਾ ਸਾਰਾ ਪਿਆਰ ਸਕ੍ਰਿਪਟ ਵਿੱਚ ਪਾ ਦਿੱਤਾ ਹੈ। ਇਹ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਕਹਾਣੀ ਨੂੰ ਪਸੰਦ ਕਰਣਗੇ, ਜਿਵੇਂ ਕਿ ਮੈਂ ਲਿਖਣ ਵੇਲੇ ਕੀਤਾ ਸੀ। ਗੀਤ, ਸਿਨੇਮੈਟਿਕ ਪੇਸ਼ਕਾਰੀ ਅਤੇ ਅਦਾਕਾਰ ਸਾਰੇ ਹੀ ਫ਼ਿਲਮ ਦੀ ਸਕ੍ਰਿਪਟ ਨਾਲ ਇਨਸਾਫ ਕਰਦੇ ਹਨ।"