ਗਾਇਕ ਰਾਜਵੀਰ ਜਵੰਦਾ ਦੇ ਜਨਮਦਿਨ 'ਤੇ ਉਨ੍ਹਾਂ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ
ਪੰਜਾਬੀ ਗੀਤਾਂ ਨਾਲ ਇੰਡਸਟਰੀ 'ਚ ਚੰਗਾ ਨਾਂਅ ਬਣਵਾਉਣ ਵਾਲੇ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ ਹੈ।
ਪੰਜਾਬੀ ਗੀਤਾਂ ਨਾਲ ਇੰਡਸਟਰੀ 'ਚ ਚੰਗਾ ਨਾਂਅ ਬਣਵਾਉਣ ਵਾਲੇ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ ਹੈ। ਸੋ ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਦਸਦੇ ਹਾਂ ਉਨ੍ਹਾਂ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ। ਰਾਜਵੀਰ ਦਾ ਜਨਮ 20 ਜੂਨ ਨੂੰ ਲੁਧਿਆਣਾ 'ਚ ਹੋਇਆ ਸੀ। ਰਾਜਵੀਰ ਨੇ ਆਪਣੀ ਮੁੱਢਲੀ ਸਿੱਖਿਆ ਸਨਮਤੀ ਸਕੂਲ ਜਗਰਾਓ ਤੋਂ ਕਰਨ ਉਪਰੰਤ ਉਚੇਰੀ ਵਿੱਦਿਆ ਡੀ. ਏ. ਵੀ. ਕਾਲਜ, ਜਗਰਾਓ ਤੋਂ ਹਾਸਲ ਕੀਤੀ।
ਰਾਜਵੀਰ ਸ਼ੁਰੂ ਤੋਂ ਹੀ ਆਪਣੇ ਹੁਨਰ ਕਾਰਨ ਸਕੂਲ ਕਾਲਜ 'ਚ ਜਾਣਿਆ ਜਾਂਦਾ ਸੀ। ਉਸਨੂੰ ਸ਼ੁਰੂ ਤੋਂ ਸਕੂਲ ਤੇ ਕਾਲਜ 'ਚ ਹੁੰਦੇ ਪ੍ਰੋਗਰਾਮਾਂ 'ਚ ਭਾਗ ਲੈਣ ਦਾ ਸ਼ੌਕ ਰਿਹਾ। ਡੀ. ਏ. ਵੀ. ਕਾਲਜ ਪੜ੍ਹਦਿਆਂ ਯੂਥ ਫੈਸਟੀਵਲ ਦੌਰਾਨ ਗਾਇਕੀ ਤੋਂ ਇਲਾਵਾ ਵੱਖ ਵੱਖ ਮੁਕਾਬਲਿਆਂ 'ਚ ਇੱਕੋ ਸਾਲ ਗਿਆਰਾਂ ਇਨਾਮ ਜਿੱਤ ਕੇ ਬਹੁ-ਪੱਖੀ ਕਲਾਕਾਰ ਹੋਣ ਦਾ ਪ੍ਰਮਾਣ ਦਿੱਤਾ। ਰਾਜਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਥੀਏਟਰ ਅਤੇ ਟੀ.ਵੀ. ਵਿਭਾਗ 'ਚ ਐਮ.ਏ. ਕਰਦਿਆਂ ਦੋ ਗੋਲਡ ਮੈਡਲ ਜਿੱਤੇ।
ਉਨ੍ਹਾਂ ਅੰਦਰ ਸਾਰੇ ਸੰਗੀਤਕ ਲੋਕ ਸਾਜ਼ ਵਜਾਉਣ ਦੀ ਵਿਲੱਖਣ ਕਲਾ ਹੈ। ਗਾਇਕੀ ਕਲਾ ਭਾਵੇਂ ਉਸ ਨੂੰ ਵਿਰਸੇ 'ਚੋਂ ਨਹੀਂ ਮਿਲੀ ਪਰ ਸਕੂਲ ਪੜ੍ਹਦਿਆਂ ਗਾਇਕੀ ਦਾ ਜਨੂੰਨ ਉਸੳ'ਤੇ ਇਸ ਹੱਦ ਤਕ ਸਵਾਰ ਹੋਇਆ ਕਿ ਉਸ ਗਾਇਕੀ ਨੂੰ ਪੇਸ਼ੇ ਦੇ ਤੌਰ 'ਤੇ ਅਪਣਾ ਲਿਆ।
ਗਾਇਕੀ ਦੇ ਖੇਤਰ 'ਚ ਆਉਣ ਲਈ ਉਨ੍ਹਾਂ ਨੇ ਸਕੂਲ ਦੌਰਾਨ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦੀ ਝਲਕ ਅੱਜ ਉਸ ਦੀ ਆਵਾਜ਼ 'ਚੋਂ ਪੈਂਦੀ ਹੈ। ਸੰਗੀਤ ਬਾਰੇ ਮੁੱਢਲੀ ਜਾਣਕਾਰੀ ਲਈ ਉਸ ਨੇ ਲਾਲੀ ਖਾਨ ਤੋਂ ਸੰਗੀਤ ਦੀ ਸਿੱਖਿਆ ਲਈ ਸੀ।
ਗੀਤਕਾਰ ਧਾਲੀਵਾਲ ਨੇ ਰਾਜਵੀਰ ਨੂੰ ਗਾਇਕੀ 'ਚ ਸਮਾਜਿਕ ਸਰੋਕਾਰਾਂ ਬਾਰੇ ਵੀ ਸੁਚੇਤ ਹੋ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਰਾਜਵੀਰ ਦੀ ਪਹਿਲੀ ਸੰਗੀਤਕ ਪੇਸ਼ਕਾਰੀ 'ਮੁੰਡਿਆਂ ਦੇ ਚਰਚੇ' ਨੂੰ ਨੌਜਵਾਲਾਂ ਨੇ ਕਾਫੀ ਪਸੰਦ ਕੀਤਾ ਸੀ। ਉਨ੍ਹਾਂ ਗੀਤ ਲੋਕ ਤੱਥ 'ਕਲੀ ਜਵੰਦੇ ਦੀ', 'ਮੁਕਾਬਲਾ' ਅਤੇ 'ਸਰਨੇਮ' ਆਦਿ ਨਾਲ ਉਹ ਹਰ ਵਰਗ 'ਚ ਪ੍ਰਵਾਨ ਚੜ੍ਹਿਆ।
ਦੱਸਣਯੋਗ ਹੈ ਕਿ ਰਾਜਵੀਰ ਜਵੰਦਾ ਦੇ ਗੀਤ 'ਕੰਗਣੀ' ਤੇ 'ਸਰਦਾਰੀ' ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਹੈ। 'ਸੂਬੇਦਾਰ ਜੋਗਿੰਦਰ ਸਿੰਘ' ਗਿੱਪੀ ਗਰੇਵਾਲ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੈ। ਇਸ ਫਿਲਮ ਨੂੰ ਲੋਕਾਂ ਵਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
ਬਹਾਦਰ ਸਿੰਘ ਦੇ ਕਿਰਦਾਰ 'ਚ ਪੰਜਾਬੀ ਗਾਇਕ ਤੇ ਐਕਟਰ ਬਣੇ ਰਾਜਵੀਰ ਜਵੰਦਾ ਨਜ਼ਰ ਆਏ ਸਨ। ਰਾਜਵੀਰ ਦੀ ਇਹ ਡੈਬਿਊ ਪੰਜਾਬੀ ਫਿਲਮ ਸੀ। ਫਿਲਮ ਦੇ ਪਹਿਲੇ ਪੋਸਟਰ 'ਚ ਹੀ ਰਾਜਵੀਰ ਦਾ ਜਨੂੰਨ ਤੇ ਜੋਸ਼ ਸਾਫ ਦੇਖਣ ਨੂੰ ਮਿਲਿਆ ਸੀ।
ਦੱਸ ਦੇਈਏ ਕਿ ਸ਼ਹੀਦੀ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਨੇ 1962 'ਚ ਭਾਰਤ ਤੇ ਚੀਨ ਦੀ ਜੰਗ 'ਚ ਆਪਣੇ 21 ਸਾਥੀਆਂ ਨਾਲ 1000 ਚੀਨੀਆਂ ਨਾਲ ਜੰਗ ਲੜੀ ਸੀ। ਇਸ ਜੰਗ ਦੌਰਾਨ ਉਨ੍ਹਾਂ ਨੂੰ ਸ਼ਹੀਦੀ ਹਾਸਲ ਹੋਈ।
ਸ਼ਾਨਦਾਰ ਬੰਦਿਆਂ ਨਾਲ ਰਹਿਨੇ ਆਂ' ਸੁਪਰ ਹਿੱਟ ਗੀਤ ਨਾਲ ਸੰਗੀਤ ਜਗਤ 'ਚ ਤਰਥੱਲੀ ਮਚਾਉਣ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਅੱਜ ਆਪਣਾ ਖਾਸ ਤੇ ਨਜ਼ਦੀਕੀਆਂ ਨਾਲ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਵੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ - ਬਹੁਤ ਮੁਬਾਰਕਾਂ।