ਪਰਦੇ 'ਤੇ ਆਉਣ ਲਈ ਤਰਸੀ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ, ਮੇਕਰਸ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ਼

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਦੀ ਸੁਣਵਾਈ 4 ਜੁਲਾਈ ਨੂੰ ਹੋਵੇਗੀ

photo

 

ਚੰਡੀਗੜ੍ਹ -‘ਅਮਰ ਸਿੰਘ ਚਮਕੀਲਾ’ ਦੇ ਕਤਲ ਕੇਸ ‘ਤੇ ਫ਼ਿਲਮ ਬਣਾਉਣ ਤੋਂ ਬਾਅਦ ਦਿਲਜੀਤ ਦੋਸਾਂਝ ਮਰਹੂਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਵਿਚ ਉਨ੍ਹਾਂ ਦਾ ਕਿਰਦਾਰ ਨਿਭਾ ਰਹੇ ਹਨ। ਦਰਅਸਲ, ਇਸ ਅਨਟਾਈਟਲਡ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਆਰਐਸਵੀਪੀ ਜਿਨ੍ਹਾਂ ਨੇ ਰਾਸ਼ਟਰੀ ਪੁਰਸਕਾਰ ਜੇਤੂ 'ਉਰੀ: ਦਿ ਸਰਜੀਕਲ ਸਟ੍ਰਾਈਕ', ਸੋਨਚਿਰਿਆ, ਦ ਸਕਾਈ ਇਜ਼ ਪਿੰਕ, ਰਸ਼ਮੀ ਰਾਕੇਟ ਅਤੇ ਏ ਥਰਡੇਡੇ ਵਰਗੀਆਂ ਰਾਸ਼ਟਰੀ ਅਤੇ ਮਨੁੱਖੀ ਹਿੱਤਾਂ ਦੀਆਂ ਕਹਾਣੀਆਂ ਨੂੰ ਪਰਦੇ ਉੱਤੇ ਉਤਾਰਿਆ ਹੈ, ਹੁਣ ਉਨ੍ਹਾਂ ਨੇ ਦਸੰਬਰ 2022 ਤੋਂ ਫ਼ਿਲਮ ਦੇ ਰਿਲੀਜ਼ ਲਈ ਸੈਂਟਰਲ ਬੋਰਡ ਫਾਰ ਫ਼ਿਲਮ ਸਰਟੀਫਿਕੇਸ਼ਨ (CBFC) ਦੀ ਮਨਜ਼ੂਰੀ ਦੀ ਉਡੀਕ ਕਰਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਇਸ ਦੀ ਸੁਣਵਾਈ 4 ਜੁਲਾਈ ਨੂੰ ਹੋਵੇਗੀ।

ਇਸ ਫ਼ਿਲਮ ਨੂੰ ਰੋਨੀ ਸਕਰੂਵਾਲਾ, ਅਭਿਸ਼ੇਕ ਚੌਬੇ ਅਤੇ ਹਨੀ ਤ੍ਰੇਹਨ ਦੁਆਰਾ ਤਿਆਰ ਕੀਤਾ ਗਿਆ ਹੈ। ਫ਼ਿਲਮ ਦੀ ਪ੍ਰੋਡਕਸ਼ਨ ਟੀਮ ਦੇ ਸੂਤਰ ਨੇ ਦੱਸਿਆ ਕਿ ਟੀਮ ਦੁਆਰਾ ਸਾਰੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਬਾਵਜੂਦ ਪਿਛਲੇ 6 ਮਹੀਨਿਆਂ ਤੋ ਸੀਬੀਐਫਸੀ ਤੋਂ ਕੋਈ ਜਵਾਬ ਨਹੀਂ ਆਇਆ ਹੈ।

ਜਾਣੋ ਕੌਣ ਸਨ ਜਸਵੰਤ ਸਿੰਘ ਖਾਲੜਾ

ਇਹ ਕਹਾਣੀ ਹੈ ਬਗਾਵਤ ਦੇ ਉਸ ਕਾਲੇ ਦੌਰ ਦੀ ਜਦੋਂ ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ, ਪੁਲਿਸ ਦੇ ਹੱਥਾਂ ਵਿਚ ਕਿਸੇ ਵੀ ਸ਼ੱਕੀ ਅੱਤਵਾਦੀ ਨੂੰ ਹਿਰਾਸਤ ਵਿਚ ਲੈਣ ਦਾ ਅਧਿਕਾਰ ਆ ਗਿਆ ਸੀ। ਪੁਲਿਸ ਦੇ ਸਿਰ ਉੱਤੇ ਨਿਹੱਥੇ ਸ਼ੱਕੀਆਂ ਨੂੰ ਫਰਜ਼ੀ ਗੋਲੀਬਾਰੀ ਵਿਚ ਮਾਰਨ ਅਤੇ ਕਤਲਾਂ ਨੂੰ ਲੁਕਾਉਣ ਲਈ ਹਜ਼ਾਰਾਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜਨ ਦਾ ਦੋਸ਼ ਸੀ। ਸਿਰਫ਼ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਕਈ ਐਨਕਾਊਂਟਰ ਵੀ ਕੀਤੇ। ਪੁਲਿਸ ਨੇ ਲਗਭਗ 2,000 ਪੁਲਿਸ ਵਾਲਿਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਅੱਤਵਾਦ ਵਿਰੋਧੀ ਕਾਰਵਾਈਆਂ ਵਿਚ ਸਹਿਯੋਗ ਨਹੀਂ ਦਿੱਤਾ।

ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ ਵਿਚ ਇੱਕ ਬੈਂਕ ਦੇ ਡਾਇਰੈਕਟਰ ਸਨ, ਜਿਹਨਾਂ ਨੇ ਅੱਤਵਾਦ ਦੌਰਾਨ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਅਤੇ ਗੈਰ-ਕਾਨੂੰਨੀ ਢੰਗ ਨਾਲ ਸਸਕਾਰ ਕੀਤੇ ਗਏ 25000 ਨੌਜਵਾਨਾਂ ਦਾ ਮੁੱਦਾ ਉਠਾਇਆ। ਪੁਲਿਸ ਮੁੰਡਿਆਂ ਨੂੰ ਚੁੱਕ ਲੈਂਦੀ, ਝੂਠੇ ਕੇਸ ਬਣਾ ਕੇ ਛੁਡਾਉਣ ਲਈ ਲੱਖਾਂ ਰੁਪਏ ਮੰਗਦੀ।
ਅਣਪਛਾਤੇ ਵਿਅਕਤੀਆਂ ਵੱਲੋ ਅਗਵਾ ਕਰ ਕੀਤੀ ਹੱਤਿਆ 

ਖਾਲੜਾ ਨੂੰ ਆਖਰੀ ਵਾਰ 6 ਸਤੰਬਰ 1995 ਵਿਚ ਅੰਮ੍ਰਿਤਸਰ ਵਿਚ ਆਪਣੇ ਘਰ ਦੇ ਸਾਹਮਣੇ ਆਪਣੀ ਕਾਰ ਧੋਂਦੇ ਹੋਇਆ ਦੇਖਿਆ ਗਿਆ ਸੀ। ਉਹ ਆਖਰੀ ਦਿਨ ਸੀ। ਉਸ ਦਿਨ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਕਦੇ ਘਰ ਨਹੀਂ ਪਰਤੇ। ਇਸੇ ਸਾਲ 27 ਅਕਤੂਬਰ 1995 ਨੂੰ ਉਨ੍ਹਾਂ ਦੀ ਲਾਸ਼ ਹਰੀਕੇ ਪੱਤਣ ਦਰਿਆ ਵਿਚੋਂ ਬਰਾਮਦ ਕੀਤੀ ਗਈ। ਖਾਲੜਾ ਨੂੰ ਅਗਵਾ ਕਰਨ ਅਤੇ ਕਤਲ ਕਰਨ ਲਈ ਛੇ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਬਾਅਦ ਵਿਚ ਦੋਸ਼ੀ ਠਹਿਰਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।