ਕੀ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਚੱਲ ਰਿਹੈ ਸਿੱਧੂ ਮੂਸੇਵਾਲਾ?

ਏਜੰਸੀ

ਮਨੋਰੰਜਨ, ਪਾਲੀਵੁੱਡ

ਆਪਣੇ ਗੀਤਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੇ ਸਿੱਧੂ ਮੂਸੇ ਵਾਲੇ ਦੇ ਪੰਜਾਬ ਵਿਚ ਲੱਖਾਂ ਫੈਨ ਮੌਜੂਦ ਹਨ ਪਰ ਹੁਣ ਉਸ ਨੇ ਆਪਣੇ ਇਕ ਨਵੇਂ ਗਾਣੇ

Sidhu Moose Wala

ਚੰਡੀਗੜ੍ਹ : ਆਪਣੇ ਗੀਤਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੇ ਸਿੱਧੂ ਮੂਸੇ ਵਾਲੇ ਦੇ ਪੰਜਾਬ ਵਿਚ ਲੱਖਾਂ ਫੈਨ ਮੌਜੂਦ ਹਨ ਪਰ ਹੁਣ ਉਸ ਨੇ ਆਪਣੇ ਇਕ ਨਵੇਂ ਗਾਣੇ ‘ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ’ ਵਿਚ ਸਿੱਖ ਕੌਮ ਦਾ ਮਾਣ ਕਹਾਉਣ ਵਾਲੀ ‘ਮਾਈ ਭਾਗੋ’ ਦੇ ਨਾਮ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਪੂਰੀ ਸਿੱਖ ਕੌਮ ਦਾ ਗੁੱਸਾ ਸਹੇੜ ਲਿਆ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਸਿੱਧੂ ਮੂਸੇਵਾਲੇ ਨੇ ਅਪਣੇ ਗੀਤ ਵਿਚ ਕਿਹਾ ਐ... ਆਸ਼ਕੀ ਨੀ ਕੀਤੀ ..ਰਾਹ ਜਾਂਦਿਆਂ ਦੇ ਨਾਲ
ਖੰਡਿਆਂ ਨਾਲ ਖੇਡੀ ਨਾ ਪਰਾਂਦਿਆਂ ਦੇ ਨਾਲ
ਮਾਈ ਭਾਗੋ ਜੇਹੀ ਆ ਤਸੀਰ ਮੁੰਡਿਆ
ਪਰੀਆਂ ਦੇ ਪੈਂਦੇ ਆ ..ਭੁਲੇਖੇ ਮੁੱਖ ਦੇ
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ
ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ।

ਸਿੱਧੂ ਮੂਸੇਵਾਲਾ ਵੱਲੋਂ ਮਾਈ ਭਾਗੋ ਬਾਰੇ ਬੋਲੇ ਲਫ਼ਜ਼ ਕੋਈ ਛੋਟੀ ਮੋਟੀ ਗ਼ਲਤੀ ਨਹੀਂ। ਇਹ ਸਿੱਧੇ ਤੌਰ ’ਤੇ ਸਿੱਖਾਂ ਇਤਿਹਾਸ ਨਾਲ ਛੇੜਛਾੜ ਅਤੇ ਸਿੱਖਾਂ ’ਤੇ ਵੱਡਾ ਹਮਲਾ ਹੈ ਜੋ ਮੁਆਫ਼ੀਯੋਗ ਨਹੀਂ। ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਵਾਲਾ ਸਿੱਧੂ ਮੂਸੇਵਾਲਾ ਪਹਿਲਾਂ ਵੀ ਅਪਣੇ ਕੁੱਝ ਗੀਤਾਂ ਨੂੰ ਲੈ ਕੇ ਵਿਵਾਦਾਂ ਵਿਚ ਰਹਿ ਚੁੱਕਿਆ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਹੁਣ ਸਿੱਧੂ ਮੂਸੇਵਾਲਾ ’ਤੇ ਲਗਾਏ ਉਹ ਦੋਸ਼ ਸੱਚ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਜੋ ਕਦੇ ਇਹ ਕਹਿੰਦੇ ਸੀ ਕਿ ਸਿੱਧੂ ਮੂਸੇਵਾਲਾ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ।

ਇਸ ਗੀਤ ਤੋਂ ਤਾਂ ਇਹੀ ਸਪੱਸ਼ਟ ਹੁੰਦਾ ਹੈ ਹੈਰਾਨੀ ਹੁੰਦੀ ਐ ਕਿ ਇਕ ਪੰਜਾਬੀ ਸਿੱਖ ਗਾਇਕ ਕਿਸ ਤਰ੍ਹਾਂ ਅਪਣੇ ਗੀਤਾਂ ਵਿਚ ‘ਮਾਈ ਭਾਗੋ’ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰ ਸਕਦੈ? ਪੰਜਾਬ ਦਾ ਬੱਚਾ-ਬੱਚਾ ਮਾਈ ਭਾਗੋ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਹੈ ਕੀ ਸਿੱਧੂ ਮੂਸੇਵਾਲਾ ਇੰਨਾ ਹੀ ਅਣਜਾਣ ਐ ਕਿ ਉਸ ਨੂੰ ਸਿੱਖ ਕੌਮ ਦੀ ਮਹਾਨ ਔਰਤ ‘ਮਾਈ ਭਾਗੋ’ ਬਾਰੇ ਕੁੱਝ ਪਤਾ ਹੀ ਨਹੀਂ??? ਜਾਂ ਫਿਰ ਉਸ ਵੱਲੋਂ ਇਹ ਹਰਕਤ ਜਾਣਬੁੱਝ ਕੇ ਕੀਤੀ ਗਈ ਹੈ।

ਇਕ ਪਾਸੇ ਤਾਂ ਸਮੂਹ ਪੰਜਾਬੀ ਵੀਰ ਆਪਣੀ ਮਾਂ ਬੋਲੀ ਲਈ ਜੂਝਣ ਨੂੰ ਰਣਤੱਤੇ ਵਿਚ ਕੁੱਦੇ ਹੋਏ ਹਨ ਪਰ ਦੂਸਰੇ ਪਾਸੇ ਮਾਂ ਬੋਲੀ ਦੀ ਗਾਇਕੀ ਦੇ ਉਹਲੇ ਇਸ ਗਾਇਕ ਵੱਲੋਂ ਸਿੱਖ ਕੌਮ ਦੇ ਇਤਿਹਾਸਕ ਪੱਖਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹੈ। ਸਿੱਧੂ ਮੂਸੇਵਾਲਾ ਦੇ ਗੀਤ ਤੋਂ ਭੜਕੇ ਸਿੱਖਾਂ ਦਾ ਕਹਿਣੈ ਕਿ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਅਤੇ ਹੋਰ ਖੇਤਰਾਂ ਦੀਆਂ ਜਥੇਬੰਦੀਆਂ ਨੂੰ ਹੁਣ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਐ ਅਤੇ ਇਸ ਗਾਇਕ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।