ਬੱਬੂ ਮਾਨ ਦੀ ਇੰਟਰਵਿਊ ਕਰਨ ਵਾਲਾ ਮੁੰਡਾ ਘਰਾਂ 'ਚ ਡਲਿਵਰੀ ਕਰਕੇ ਖੁਆਬਾਂ ਨੂੰ ਕਰ ਰਿਹੈ ਪੂਰਾ
ਬੱਬੂ ਮਾਨ ਦੀ ਇੰਟਰਵਿਊ ਕਰਨ ਵਾਲਾ ਮੁੰਡਾ ਲੋਕਾਂ ਦੇ ਘਰਾਂ 'ਚ ਸਮਾਨ ਡਲਿਵਰੀ ਕਰਕੇ ਖੁਆਬਾਂ ਨੂੰ ਕਰ ਰਿਹਾ ਹੈ ਪੂਰਾ!
ਚੰਡੀਗੜ੍ਹ: ਜ਼ਿਲ੍ਹਾ ਮੋਹਾਲੀ ਦੇ ਪਿੰਡ ਭਵਾਤ ਦਾ ਨੌਜਵਾਨ ਸੋਹੇਲ ਖਾਨ ਐਂਕਰਿੰਗ ਦੇ ਖੇਤਰ ਵਿਚ ਚੰਗਾ ਨਾਮਨਾ ਖੱਟ ਚੁਕਿਆ ਹੈ। ਚੰਗੀ ਤਾਲੀਮ ਨਾ ਹੁੰਦੇ ਅਤੇ ਪਰਿਵਾਰ ਦੀ ਵਿੱਤੀ ਹਾਲਾਤ ਚੰਗੇ ਨਾ ਹੋਣ ਦੇ ਬਾਵਜੂਦ ਅਪਣੀ ਕਲਾ ਨੂੰ ਨਿਖਾਰਿਆ ਅਤੇ ਲੋਕਾਂ ਸਾਹਮਣੇ ਲੈਕੇ ਆਇਆ । ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਲਈ ਸੋਹੇਲ ਨੇ ਇਕ ਖਾਣਾ ਡਿਲਿਵਰ ਕਰਨ ਵਾਲੀ ਕੰਪਨੀ ਜੋਮੈਟੋ ਵਿਚ ਕੰਮ ਕਰਨਾ ਸ਼ੁਰੂ ਕੀਤਾ।
ਖਾਣਾ ਡਿਲਿਵਰ ਕਰਨ ਤੋਂ ਬਾਅਦ ਜੋ ਸਮਾਂ ਬਚ ਜਾਣਾ ਉਸ ਵਿਚ ਸੋਹੇਲ ਨੂੰ ਪੰਜਾਬੀ ਸਿੰਗਰਾਂ ਦੀ ਇੰਟਰਵਿਊ ਦੇਖਣ ਦਾ ਬਹੁਤ ਸ਼ੌਂਕ ਸੀ ਅਤੇ ਉਸਨੇ ਆਪਦੇ ਇਸ ਸ਼ੌਂਕ ਨੂੰ ਅੱਗੇ ਵਧਾਉਂਦੇ ਇਹ ਫੈਸਲਾ ਕੀਤਾ ਕਿ ਉਹ ਖੁਦ ਪੰਜਬੀ ਸਿੰਗਰਾਂ ਦੇ ਇੰਟਰਵਿਊ ਕਰਨਾ ਸ਼ੁਰੂ ਕਰੇਗਾ। ਇਹ ਸਭ ਕਰਨ ਲਈ ਉਸਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਬਚਪਨ ਤੋਂ ਸੋਹੇਲ ਨੂੰ ਬਹੁਤ ਤੇਜ਼ ਬੋਲਣ ਦੀ ਆਦਤ ਸੀ ਅਤੇ ਉਸਨੇ ਬਹੁਤ ਮਿਹਨਤ ਕਰਨ ਤੋਂ ਬਾਅਦ ਆਪਦੀ ਇਸ ਆਦਤ ਨੂੰ ਤਾਂ ਠੀਕ ਕਰ ਲਿਆ ਪਰ ਇੰਟਰਵਿਊ ਕਰਨ ਲਈ ਉਸ ਕੋਲ ਕੈਮਰਾ ਵੀ ਨਹੀਂ ਸੀ ਅਤੇ ਨਾ ਹੀ ਕੈਮਰਾ ਖ਼ਰੀਦਣ ਜੋਗੇ ਪੈਸੇ ਸਨ।
ਉਸਨੇ ਪਹਿਲੀ ਇੰਟਰਵਿਊ ਕਿਰਾਏ ਦੇ ਕੈਮਰਾ ਉੱਪਰ ਸ਼ੂਟ ਕੀਤੀ। ਇਹ ਸਭ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਸੋਹੇਲ ਨੇ ਪੰਜਾਬ ਦੇ ਮਸ਼ਹੂਰ ਸਿੰਗਰਾਂ ਨਾਲ ਇੰਟਰਵਿਊ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜੋ ਕਿ ਹੁਣ ਤੱਕ ਚੱਲ ਰਿਹਾ ਹੈ ਅਤੇ ਲੋਕਾਂ ਵੱਲੋਂ ਸੋਹੇਲ ਦੀਆਂ ਇੰਟਰਵਿਊਜ਼ ਨੂੰ ਬਹੁਤ ਮਕਬੂਲ ਕੀਤਾ ਗਿਆ ਹੈ।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਨਾਲ ਕੀਤੀ ਇੰਟਰਵਿਊ ਨੇ ਸੋਹੇਲ ਨੂੰ ਸੋਹਰਤ ਦੇ ਨਵੇਂ ਮੁਕਾਮ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ। ਯੂਟਿਊਬ ਉੱਪਰ ਸੋਹੇਲ ਦਾ ਆਪਣਾ ਚੈਨਲ ਹੈ। ਸੋਹੇਲ ਖਾਨ ਦੀ ਕਹਾਣੀ ਤੋਂ ਅੱਜ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਮੋਬਾਈਲ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਸੋਹੇਲ ਦੀ ਕਹਾਣੀ ਤੋਂ ਇਕ ਹੋਰ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਕੋਈ ਕੰਮ ਛੋਟਾ ਜਾ ਵੱਡਾ ਨਹੀਂ ਹੁੰਦਾ ਅੱਜ ਵੀ ਸੋਹੇਲ ਇਕ ਕੰਪਨੀ ਵਿਚ ਡਿਲੀਵਰੀ ਕਰਨ ਦਾ ਕੰਮ ਕਰਦਾ ਹੈ। ਸਾਡੇ ਨੌਜਵਾਨਾਂ ਨੂੰ ਇਸ ਨੌਜਵਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜਿੰਦਗੀ ਵਿਚ ਕੁੱਝ ਵੀ ਮੁਸ਼ਕਲ ਨਹੀਂ ਜੇਕਰ ਸਾਡੇ ਹੌਂਸਲੇਆਂ ਦੀ ਪਰਵਾਜ਼ ਉੱਚੀ ਹੈ।