Punjab singer Gippy Grewal : ਪੰਜਾਬੀ ਗਾਇਕ ਗਿੱਪੀ ਗਰੇਵਾਲ ਨਹੀਂ ਹੋਏ ਅਦਾਲਤ ਵਿਚ ਪੇਸ਼
ਵਕੀਲ ਨੂੰ ਭੇਜ ਕੇ ਕਿਹਾ, ਮੈਂ ਫਿਲਮ ਦੀ ਸ਼ੂਟਿੰਗ ’ਚ ਰੁੱਝਿਆ ਹੋਇਆ ਹਾਂ, ਮੈਨੂੰ ਥੋੜ੍ਹਾ ਸਮਾਂ ਦਿਉ, 3 ਸਤੰਬਰ ਨੂੰ ਅਗਲੀ ਸੁਣਵਾਈ
Punjab singer Gippy Grewal : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੋਂ ਜਬਰੀ ਵਸੂਲੀ ਮੰਗਣ ਦੇ ਮਾਮਲੇ ਦੀ ਕੱਲ੍ਹ ਮੁਹਾਲੀ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿੱਚ ਸੁਣਵਾਈ ਹੋਈ। ਪਿਛਲੀ ਪੇਸ਼ੀ ’ਤੇ ਅਦਾਲਤ ਨੇ ਗਿੱਪੀ ਗਰੇਵਾਲ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰਕੇ ਉਸ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਜੇਕਰ ਉਹ ਅਗਲੀ ਪੇਸ਼ੀ ’ਤੇ ਅਦਾਲਤ ’ਚ ਪੇਸ਼ ਨਾ ਹੋਇਆ ਤਾਂ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਵੇਗਾ।
ਸੁਣਵਾਈ ਦੌਰਾਨ ਗਿੱਪੀ ਗਰੇਵਾਲ ਮੁੜ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਗਿੱਪੀ ਦੇ ਵਕੀਲ ਨੇ ਅਦਾਲਤ ’ਚ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਕਿ ਗਿੱਪੀ ਗਰੇਵਾਲ ਵਿਦੇਸ਼ ’ਚ ਫਿਲਮ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ, ਜਿਸ ਕਾਰਨ ਉਹ ਅਦਾਲਤ ’ਚ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਅਦਾਲਤ ਤੋਂ ਕੁਝ ਦਿਨਾਂ ਦਾ ਸਮਾਂ ਮੰਗਿਆ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 3 ਸਤੰਬਰ ਨੂੰ ਤੈਅ ਕੀਤੀ ਹੈ ਅਤੇ ਗਿੱਪੀ ਗਰੇਵਾਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਮਾਮਲੇ ਦੇ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਉਰਫ਼ ਗਿੱਪੀ ਗਰੇਵਾਲ ਨੂੰ ਗਵਾਹੀ ਦੇਣ ਲਈ ਨੋਟਿਸ ਭੇਜਿਆ ਸੀ ਪਰ ਗਿੱਪੀ ਗਰੇਵਾਲ ਪਿਛਲੀਆਂ ਚਾਰ ਪੇਸ਼ੀਆਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ, ਜਿਸ ਕਾਰਨ ਅਦਾਲਤ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜ਼ਮਾਨਤੀ ਵਾਰੰਟ ਅਤੇ 5,000 ਰੁਪਏ ਦੀ ਜ਼ਮਾਨਤ ਜਾਰੀ ਕੀਤੀ ਗਈ ਸੀ।
ਇਸੇ ਦੌਰਾਨ ਇਸ ਮਾਮਲੇ ਵਿੱਚ ਡੀਐਸਪੀ ਰੁਪਿੰਦਰ ਕੌਰ ਸੋਹੀ ਅਦਾਲਤ ਵਿੱਚ ਪੇਸ਼ ਹੋਈ ਅਤੇ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ। ਦੱਸ ਦੇਈਏ ਕਿ ਜਿਸ ਸਮੇਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਉਰਫ਼ ਢਾਹਾ ਨੇ ਗਿੱਪੀ ਗਰੇਵਾਲ ਤੋਂ ਫਿਰੌਤੀ ਦੀ ਮੰਗ ਕੀਤੀ ਸੀ, ਉਸ ਸਮੇਂ ਰੁਪਿੰਦਰ ਕੌਰ ਸੋਹੀ ਮੁਹਾਲੀ ਦੀ ਐਸਐਚਓ-ਕਮ-ਡੀਐਸਪੀ ਸੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਵਿਰੁਧ ਫੇਜ਼-8 ਵਿੱਚ ਕੇਸ ਦਰਜ ਕੀਤਾ ਗਿਆ ਸੀ। ਡੀਐਸਪੀ ਸੋਹੀ ਅੱਜ ਅਦਾਲਤ ਵਿੱਚ ਪੇਸ਼ ਹੋਏ ਅਤੇ ਆਪਣੇ ਬਿਆਨ ਦਰਜ ਕਰਵਾਏ।
ਗਿੱਪੀ ਗਰੇਵਾਲ ਕੈਨੇਡਾ ’ਚ ਹੈ : ਜਾਣਕਾਰੀ ਅਨੁਸਾਰ ਅਦਾਲਤ ਵੱਲੋਂ 4 ਜੁਲਾਈ ਨੂੰ ਗਿੱਪੀ ਗਰੇਵਾਲ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਉਸ ਨੂੰ 10 ਜੁਲਾਈ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਬੈਲੀਫ ਨੇ ਅਦਾਲਤ ’ਚ ਰਿਪੋਰਟ ਪੇਸ਼ ਕੀਤੀ ਕਿ ਗਿੱਪੀ ਗਰੇਵਾਲ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ’ਚ ਹਨ। ਮਹੀਨੇ ਅਜਿਹੇ ’ਚ ਅਦਾਲਤ ਦਾ ਮੰਨਣਾ ਹੈ ਕਿ ਗਿੱਪੀ ਗਰੇਵਾਲ ਮਾਮਲੇ ’ਚ ਸ਼ਿਕਾਇਤਕਰਤਾ ਹੈ ਅਤੇ ਉਸ ਦੀ ਗਵਾਹੀ ਜ਼ਰੂਰੀ ਹੈ, ਇਸ ਲਈ ਅਦਾਲਤ ’ਚ ਉਸ ਦਾ ਸਰੀਰਕ ਤੌਰ ’ਤੇ ਹਾਜ਼ਰ ਹੋਣਾ ਜ਼ਰੂਰੀ ਹੈ। ਅਦਾਲਤ ਦੇ ਇਸ ਹੁਕਮ ਦੇ ਬਾਵਜੂਦ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਹਨ।
ਦੱਸ ਦੇਈਏ ਕਿ ਸੈਕਟਰ-69 ਦੇ ਰਹਿਣ ਵਾਲੇ ਪੰਜਾਬੀ ਗਾਇਕ ਰੁਪਿੰਦਰ ਸਿੰਘ ਉਰਫ ਗਿੱਪੀ ਗਰੇਵਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 31 ਮਈ 2018 ਨੂੰ ਸ਼ਾਮ 4 ਵਜੇ ਉਸ ਦੇ ਮੋਬਾਇਲ ’ਤੇ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਵਟਸਐਪ ਮੈਸੇਜ ਆਇਆ। ਇਸ ਵਿਚ ਕਈ ਤਰ੍ਹਾਂ ਦੀਆਂ ਧਮਕੀਆਂ ਦਿਤੀਆਂ ਗਈਆਂ। ਪੁਲਿਸ ਨੇ 1 ਜੂਨ 2018 ਨੂੰ ਗਿੱਪੀ ਦੀ ਸ਼ਿਕਾਇਤ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।