ਖੇਤੀ ਬਿਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਗਨਾ ਵੱਲੋਂ 'ਅੱਤਵਾਦੀ' ਕਹਿਣ ‘ਤੇ ਬਾਵੇ ਨੇ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕੰਗਨਾ ਰਣੌਤ ਨੇ ਬਿਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਹਾ 'ਅੱਤਵਾਦੀ'

Ranjeet Bawa

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਬਿਲਾਂ ਦਾ ਵਿਰੋਧ ਪੂਰੇ ਦੇਸ਼ ਵਿਚ ਹੋ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਲੈ ਕੇ ਇਕ ਵਿਵਾਵਦ ਬਿਆਨ ਦਿੱਤਾ ਹੈ। ਦਰਅਸਲ ਕੰਗਨਾ ਰਣੌਤ ਨੇ ਇਹਨਾਂ ਬਿਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ 'ਅੱਤਵਾਦੀ' ਕਿਹਾ ਹੈ। ਮੋਦੀ ਸਰਕਾਰ ਦੇ ਹੱਕ 'ਚ ਬੋਲਦਿਆਂ ਬਾਲੀਵੁੱਡ ਅਦਾਕਾਰਾ ਦੇਸ਼ ਭਰ ਦੇ ਕਿਸਾਨਾਂ ਖ਼ਿਲਾਫ਼ ਬੋਲਣ ਲੱਗਿਆਂ ਆਪਣੀ ਮਰਿਆਦਾ ਭੁੱਲ ਬੈਠੀ।

ਅਦਾਕਾਰਾ ਨੇ ਟਵੀਟ ਕਰਦਿਆਂ ਲਿਖਿਆ, 'ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ? ਇਹ ਓਹੀ ਅਤਿਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ’।

ਕੰਗਣਾ ਰਣੌਤ ਦੇ ਇਸ ਟਵੀਟ ‘ਤੇ ਲੋਕ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸੇ ਵਿਚਕਾਰ ਹੀ ਕਿਸਾਨਾਂ ਦੇ ਹੱਕ ਵਿਚ ਅਪਣੀ ਆਵਾਜ਼ ਬੁਲੰਦ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਕੰਗਨਾ ਨੂੰ ਜਵਾਬ ਦਿੱਤਾ ਹੈ। ਉਹਨਾਂ ਕਿਹਾ, ‘ਮੈਡਮ ਜੀ ਕਿੰਨਾਂ ਨੂੰ ਕਹਿ ਰਹੇ ਹੋ , ਜਿਹੜੇ ਹੱਕ ਮੰਗ ਰਹੇ ਜਾਂ ਕੋਣ? ਅੱਤਵਾਦੀ ਪਤਾ ਵੀ ਆ ਕੋਣ ਹੁੰਦੇ , ਕਾਸ਼ ਤੁਹਾਡੇ ਵੀ ਦੋ ਚਾਰ ਵਿਘੇ ਹੁੰਦੇ ਫਿਰ ਪਤਾ ਚੱਲਦਾ ਕਾਹਤੋਂ ਇਹ ਲੜ ਮਰ ਰਹੇ ਸੜਕਾਂ ਤੇ। ਜੈ ਜਵਾਨ ਜੈ ਮਜਦੂਰ ਕਿਸਾਨ’।

ਦੱਸ ਦਈਏ ਕਿ ਕੰਗਨਾ ਰਣੌਤ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਈ ਕਲਾਕਾਰ ਕਿਸਾਨਾਂ ਦੇ ਹੱਕ 'ਚ ਡਟੇ ਹੋਏ ਹਨ। ਅਜਿਹੇ 'ਚ ਬਾਲੀਵੁੱਡ ਅਦਾਕਾਰਾ ਨੇ ਬਿਨ੍ਹਾਂ ਸੋਚੇ ਸਮਝੇ ਮੋਦੀ ਸਰਕਾਰ ਲਈ ਆਪਣੀ ਹਮਾਇਤ ਜਤਾਉਣ ਲਈ ਇਹ ਬਿਆਨ ਦੇ ਦਿੱਤਾ।  ਕੰਗਨਾ ਰਣੌਤ ਨੇ ਇਹ ਵਿਵਾਦਿਤ ਟਵੀਟ ਕਰ ਕੇ ਆਪਣੇ ਲਈ ਇਕ ਨਵੀਂ ਮੁਸੀਬਤ ਸਹੇੜ ਲਈ ਹੈ।