AP Dhillon Show News: ਏ.ਪੀ. ਢਿੱਲੋਂ ਦਾ ਚੰਡੀਗੜ੍ਹ ’ਚ ਲਾਈਵ ਸ਼ੋਅ ਅੱਜ, ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਵਲੋਂ ਸ਼ੋਅ ਨੂੰ ਲੈ ਕੇ ਐਡਵਾਈਜ਼ਰੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

AP Dhillon Show News: ਰੈਲੀ ਗਰਾਊਂਡ ਤਕ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰਹੇਗੀ ਬੰਦ

AP Dhillon's live show in Chandigarh today

ਚੰਡੀਗੜ੍ਹ (ਨਵਿੰਦਰ ਸਿੰਘ ਬੜਿੰਗ): ਗਾਇਕ ਏ.ਪੀ. ਢਿੱਲੋਂ ਦਾ ਅੱਜ ਚੰਡੀਗੜ੍ਹ ਵਿਚ ਲਾਈਵ ਸੋਅ ਹੋ ਰਿਹਾ ਹੈ। ਪਹਿਲਾਂ ਇਹ ਸ਼ੋਅ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਹੋਣਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇਸ ਪ੍ਰੋਗਰਾਮ ਨੂੰ ਸੈਕਟਰ 25 ਦੇ ਰੈਲੀ ਗਰਾਊਂਡ ਵਿੱਚ ਤਬਦੀਲ ਕਰ ਦਿੱਤਾ ਗਿਆ। 

ਗਾਇਕ ਏਪੀ ਢਿੱਲੋਂ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਰੈਲੀ ਗਰਾਊਂਡ ਤਕ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਦਰਸ਼ਕਾਂ ਲਈ ਤਿੰਨ ਮੁੱਖ ਪਾਰਕਿੰਗ ਸਥਾਨ ਬਣਾਏ ਗਏ ਹਨ। ਜਿੱਥੋਂ ਸ਼ਟਲ ਬਸਾਂ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੱਕ ਲੈ ਕੇ ਜਾਣਗੀਆਂ। ਸੈਕਟਰ-43 ਦੁਸਹਿਰਾ ਗਰਾਊਂਡ, ਸੈਕਟਰ-17 ਮਲਟੀ ਲੈਵਲ ਪਾਰਕਿੰਗ ਅਤੇ ਸੈਕਟਰ-39 ਜੀਰੀ ਮੰਡੀ ਨੂੰ ਦਰਸ਼ਕਾਂ ਦੇ ਵਾਹਨਾਂ ਲਈ ਪਾਰਕਿੰਗ ਥਾਵਾਂ ਵਜੋਂ ਚੁਣਿਆ ਗਿਆ ਹੈ। ਸੀਟੀਯੂ ਦੀਆਂ ਬੱਸਾਂ ਇਨ੍ਹਾਂ ਥਾਵਾਂ ਤੋਂ ਰੈਲੀ ਮੈਦਾਨ ਤੱਕ ਲਗਾਤਾਰ ਸ਼ਟਲ ਸੇਵਾ ਪ੍ਰਦਾਨ ਕਰਨਗੀਆਂ। 

ਇਸ ਦੇ ਨਾਲ ਹੀ ਅੱਜ ਸ਼ਾਮ 4 ਵਜੇ ਤੋਂ ਬਾਅਦ ਟ੍ਰੈਫ਼ਿਕ ਪੁਲਿਸ ਨੇ ਤਿੰਨ ਮੁੱਖ ਮਾਰਗਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਵਿਚ ਸੈਕਟਰ-25/38 ਮੋਟਰ ਮਾਰਕੀਟ ਲਾਈਟ ਪੁਆਇੰਟ ਤੋਂ ਰੈਲੀ ਗਰਾਊਂਡ ਤੱਕ ਜਾਣ ਵਾਲੀ ਸੜਕ, ਧਨਾਸ ਝੀਲ ਤੋਂ ਚਿਤਕਾਰਾ ਸਕੂਲ ਨੂੰ ਜਾਣ ਵਾਲੀ ਸੜਕ, ਸੈਕਟਰ-14/15/24/25 ਚੌਕ ਤੋਂ ਧਨਾਸ ਝੀਲ ਵਲ ਜਾਣ ਵਾਲੀ ਸੜਕ ਸ਼ਾਮਲ ਹੈ। ਜਿਹੜੇ ਡਰਾਈਵਰ ਰੈਲੀ ਗਰਾਊਂਡ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਜਾਣਾ ਚਾਹੁੰਦੇ ਹੋਣਗੇ।

ਉਨ੍ਹਾਂ ਨੂੰ ਸੈਕਟਰ-38/39 ਚੌਕ ਤੋਂ ਡੱਡੂਮਾਜਰਾ ਡੰਪਿੰਗ ਗਰਾਊਂਡ ਵੱਲ ਮੋੜ ਦਿਤਾ ਜਾਵੇਗਾ। ਟ੍ਰੈਫ਼ਿਕ ਪੁਲਿਸ ਨੇ ਡਰਾਈਵਰਾਂ ਨੂੰ ਸਲਾਹ ਦਿਤੀ ਹੈ ਕਿ ਉਹ ਕਿਊ ਆਰ ਕੋਡ ਨੂੰ ਸਕੈਨ ਕਰ ਕੇ ਅਪਣੀ ਪਾਰਕਿੰਗ ਨਿਰਧਾਰਤ ਕਰਨ। ਗਲਤ ਪਾਰਕਿੰਗ ਕਰਨ ਵਾਲਿਆਂ ਦੇ ਵਾਹਨ ਸਿੱਧੇ ਜ਼ਬਤ ਕੀਤੇ ਜਾਣਗੇ। 21 ਦਸੰਬਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸਵੇਰੇ 10 ਵਜੇ ਪੰਜਾਬ ਯੂਨੀਵਰਸਟੀ ਵਿੱਚ ਗਲੋਬਲ ਐਲੂਮਨੀ ਮੀਟ ਵਿੱਚ ਸ਼ਿਰਕਤ ਕਰਨਗੇ। 

ਉਨ੍ਹਾਂ ਦੀ ਆਮਦ ਦੌਰਾਨ ਟਰਾਂਸਪੋਰਟ ਲਾਈਟ ਪੁਆਇੰਟ ਅਤੇ ਮੱਧਿਆਂ ਮਾਰਗ ਵਰਗੇ ਖੇਤਰਾਂ ਵਿੱਚ ਟ੍ਰੈਫ਼ਿਕ ਰੂਟ ਨੂੰ ਬੰਦ ਜਾ ਡਾਈਵਰਟ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਦਿੱਲੀ ਵਾਪਸੀ ਦੁਪਹਿਰ 2 ਵਜੇ ਹੋਵੇਗੀ।