ਬੱਬੂ ਮਾਨ ਦਾ ਪਿੰਡ ਬਣਿਆ ਟਾਪੂ,ਸ਼ਾਇਰਾਨਾ ਅੰਦਾਜ਼ 'ਚ ਬਿਆਨ ਕੀਤੇ ਹਾਲਾਤ
ਬੱਬੂ ਮਾਨ ਵਲੋਂ ਜਾਰੀ ਕੀਤੀ ਗਈ ਵੀਡੀਓ ‘ਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ
ਚੰਡੀਗੜ੍ਹ (ਮੁਸਕਾਨ ਢਿੱਲੋਂ):ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਖਰਾਬ ਹਨ। ਹਾਲ ਹੀ 'ਚ ਹੋਈ ਭਾਰੀ ਬਾਰਿਸ਼ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੜ੍ਹਾਂ ਕਾਰਨ ਵਾਹੀਯੋਗ ਜ਼ਮੀਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ।ਇਨ੍ਹਾਂ ਖ਼ਬਰਾਂ ਵਿਚਾਲੇ ਪੰਜਾਬ ਦੇ ਉੱਘੇ ਗਾਇਕ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਬੱਬੂ ਮਾਨ ਬਰਸਾਤ ਦੇ ਦੌਰਾਨ ਆਪਣੇ ਪਿੰਡ 'ਚ ਆਏ ਹੜ੍ਹ ਨੂੰ ਦਿਖਾ ਰਿਹਾ ਹੈ ਮਸ਼ਹੂਰ ਗਾਇਕ ਬੱਬੂ ਮਾਨ ਦਾ ਪਿੰਡ ਇਨ੍ਹੀਂ ਦਿਨੀਂ ਟਾਪੂ 'ਚ ਬਦਲ ਗਿਆ ਹੈ। ਉਨ੍ਹਾਂ ਨੇ ਆਪਣੇ ਪਿੰਡ ਵਿਚ ਹੋਏ ਬਦਤਰ ਹਾਲਾਤਾਂ ਨੂੰ ਆਪਣੀ ਸ਼ਾਇਰੀ ਦੇ ਰਾਹੀਂ ਬਿਆਨ ਕੀਤਾ ਹੈ । ਇਸ ਵੀਡੀਓ ਵਿਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਉਪਰ ਭੀ ਪਾਣੀ, ਨੀਚੇ ਭੀ ਪਾਣੀ' 'ਹਰ ਤਰਫ ਪਾਣੀ ਹੀ ਪਾਣੀ ਹੈ, ਰੁਕ ਜਾਏ ਤੋ ਸੈਲਾਬ ਹੈ, ਚਲ ਜਾਏ ਤੋ ਰਵਾਨੀ ਹੈ।'
ਕਾਬਿਲੇਗ਼ੌਰ ਹੈ ਕਿ ਬੱਚੇ ਹੋਣ ਜਾਂ ਬਜ਼ੁਰਗ ਹਰ ਵਰਗ ਪੰਜਾਬੀ ਗਾਇਕ ਬੱਬੂ ਮਾਨ ਦਾ ਫੈਨ ਹੈ।ਗਾਇਕ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਹਨ । ਇਕ ਯੂਜ਼ਰ ਨੇ ਲਿਖਿਆ "ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ ਮਾਰ ਗਏ।"
ਦੱਸ ਦਈਏ ਕਿ ਬੱਬੂ ਮਾਨ ਦਾ ਜੱਦੀ ਘਰ ਪਿੰਡ ਖੰਟ ਵਿਚ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਖਮਾਣੋਂ ਤਹਿਸੀਲ ਦਾ ਇੱਕ ਨਿੱਕਾ ਜਿਹਾ ਪਿੰਡ ਹੈ।ਬੱਬੂ ਮਾਨ ਵਲੋਂ ਜਾਰੀ ਕੀਤੀ ਗਈ ਵੀਡੀਓ ‘ਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।ਲਗਾਤਾਰ ਮੋਹਲੇਧਾਰ ਮੀਂਹ ਕਾਰਨ ਉਨ੍ਹਾਂ ਦੇ ਇਲਾਕੇ ਦੀ ਸਥਿਤੀ ਖ਼ਤਰਨਾਕ ਬਣੀ ਹੋਈ ਹੈ।