ਪੰਜਾਬੀ ਗਾਇਕ ਸ਼ੁੱਭ ਦੇ ਹੱਕ 'ਚ ਆਏ ਕਈ ਪੰਜਾਬੀ ਕਲਾਕਾਰ, ਕਿਸ-ਕਿਸ ਨੇ ਪਾਈ ਪੋਸਟ? 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮੈਂ ਭਾਰਤ ਵਿਚ ਆਪਣੇ ਦੌਰੇ ਦੇ ਰੱਦ ਹੋਣ ਤੋਂ ਬਹੁਤ ਨਿਰਾਸ਼ ਹਾਂ - ਸ਼ੁੱਭ

Shubh

ਚੰਡੀਗੜ੍ਹ - ਪੰਜਾਬੀ ਗਾਇਕ ਸ਼ੁੱਭ ਨਾਲ ਜੁੜਿਆ ਵਿਵਾਦ ਵਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ ਜਿਸ ਤੋਂ ਬਾਅਦ ਉਸ ਦਾ  ‘ਸਟਿਲ ਰੋਲਿਨ’ ਨਾਂ ਦਾ ਭਾਰਤ ਦਾ ਟੂਰ ਰੱਦ ਹੋ ਗਿਆ। ਭਾਰਤ ਟੂਰ ਰੱਦ ਹੋਣ ਤੋਂ ਬਾਅਦ ਸ਼ੁੱਭ ਦੇ ਹੱਕ 'ਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਆਏ ਅਤੇ ਪੋਸਟਾਂ ਸਾਂਝੀਆਂ ਕਰ ਕੇ ਅਪਣੀ ਪ੍ਰਤੀਕਿਰਿਆ ਦੇ ਰਹੇ ਹਨ। 

ਅਪਣਾ ਪਹਿਲਾ ਭਾਰਤੀ ਟੂਰ ਰੱਦ ਹੋਣ ਤੋਂ ਬਾਅਦ ਸ਼ੁੱਭ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ। ਸ਼ੁੱਭ ਨੇ ਲਿਖਿਆ  "ਭਾਰਤੀ ਪੰਜਾਬ ਤੋਂ ਉੱਠਣ ਵਾਲੇ ਨੌਜਵਾਨ ਰੈਪਰ ਵਜੋਂ ਮੇਰਾ ਸੁਪਨਾ ਆਪਣੇ ਸੰਗੀਤ ਨੂੰ ਕੌਮਾਂਤਰੀ ਪੱਧਰ ਦੇ ਮੰਚ ਉੱਤੇ ਲੈ ਕੇ ਆਉਣ ਦਾ ਸੀ। ਪਰ ਹਾਲ ਦੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਮੈਂ ਆਪਣੀ ਨਿਰਾਸ਼ਾ ਅਤੇ ਉਦਾਸੀ ਨੂੰ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਹਾਂ।"

"ਮੈਂ ਭਾਰਤ ਵਿਚ ਆਪਣੇ ਦੌਰੇ ਦੇ ਰੱਦ ਹੋਣ ਤੋਂ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ ਵਿਚ, ਆਪਣੇ ਹੀ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ 'ਤੇ ਸਨ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਪੂਰੇ ਦਿਲ ਅਤੇ ਰੂਹ ਨਾਲ ਅਭਿਆਸ ਕਰ ਰਿਹਾ ਸੀ ਅਤੇ ਮੈਂ ਬਹੁਤ ਉਤਸ਼ਾਹਿਤ, ਖੁਸ਼ ਅਤੇ ਪ੍ਰਦਰਸ਼ਨ ਕਰਨ ਲਈ ਤਿਆਰ ਸੀ। ਪਰ ਮੈਨੂੰ ਲਗਦਾ ਹੈ ਕਿ ਕਿਸਮਤ ਦੀਆਂ ਹੋਰ ਯੋਜਨਾਵਾਂ ਸਨ।" ਉਨ੍ਹਾਂ ਨੇ ਅੱਗੇ ਲਿਖਿਆ ਕਿ "ਭਾਰਤ ਮੇਰਾ ਵੀ ਦੇਸ਼ ਹੈ। ਮੈਂ ਇੱਥੇ ਹੀ ਪੈਦਾ ਹੋਇਆ ਸੀ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਅਜ਼ਾਦੀ, ਇਸ ਦੀ ਸ਼ਾਨ ਅਤੇ ਪਰਿਵਾਰ ਲਈ ਕੁਰਬਾਨੀਆਂ ਕਰਨ ਲਈ ਅੱਖ ਤੱਕ ਨਹੀਂ ਝਪਕਾਈ।" 

ਪੰਜਾਬੀ ਗਾਇਕ ਸ਼ੁੱਭ ਦੇ ਹੱਕ ਵਿਚ ਕਈ ਗਾਇਕ ਵੀ ਆਏ ਹਨ। 
- ਸ਼ੁੱਭ ਦੇ ਹੱਕ 'ਚ ਬੋਲੇ 'ਕਰਨ ਔਜਲਾ'
"ਇਹ ਦੁਨੀਆ ਦਾ ਦਸਤੂਰ ਹੈ
ਪਰਵਾਹ ਨਾ ਕਰੀਂ ਵੀਰ"

- ਗਾਇਕ ਸ਼ੁੱਭ ਦੇ ਹੱਕ 'ਚ ਆਏ ਗੈਰੀ ਸੰਧੂ
"ਭਾਵੇਂ ਮੇਰੇ ਨਾਲ, ਰਣਜੀਤ ਬਾਵਾ ਤੇ ਕੰਵਰ ਗਰੇਵਾਲ ਨਾਲ ਕੋਈ ਨਹੀਂ ਖੜ੍ਹਿਆ ਪਰ ਸਾਨੂੰ ਇੱਕ-ਦੂਜੇ ਲਈ ਖੜ੍ਹਨਾ ਚਾਹੀਦਾ ਹੈ"
ਸ਼ੁੱਭ ਦੇ ਹੱਕ 'ਚ ਮੂਸੇਵਾਲਾ ਦੇ ਅਕਾਊਂਟ ਤੋਂ ਪੋਸਟ

- ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਖ਼ਬਰਾਂ ਸੁਣ ਟੁੱਟਦੈ ਦਿਲ
ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ਭਗਤੀ ਸਾਬਤ ਕਰਨ ਲਈ ਕੀਤਾ ਜਾਂਦਾ ਹੈ ਮਜਬੂਰ
ਕਿੰਨੇ ਹੀ ਕਲਾਕਾਰਾਂ ਨੂੰ ਇਸ ਚੀਜ਼ਾ ਦਾ ਹੋਣਾ ਪੈ ਰਿਹਾ ਸ਼ਿਕਾਰ
ਸੰਗੀਤ ਦਾ ਨਾ ਤਾਂ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤ, ਫਿਰ ਧੱਕੇਸ਼ਾਹੀਆਂ ਕਿਉਂ?

- ਸ਼ੁੱਭ ਦੇ ਹੱਕ 'ਚ ਬੰਟੀ ਬੈਂਸ ਦੀ ਪੋਸਟ
ਠਹਿਰ ਕਿਸਮਤੇ ਠਹਿਰ ਨੀ, ਤੇਰੇ ਜ਼ੋਰ ਨੇ ਲੁੱਟਿਆ ਏ,
ਅਜੇ ਤੁਰੇ ਆਉਂਦੇ ਨੂੰ ਵੇਖੀਂ, ਮੁੰਡੇ ਨੇ ਪੈਰ ਈ ਪੁੱਟਿਆ ਏ...

- ਸ਼ੁੱਭ ਦੇ ਹੱਕ 'ਚ ਅੰਬਰ ਧਾਲੀਵਾਲ ਦੀ ਪੋਸਟ
ਸ਼ੁੱਭ ਤੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਚਮਕ ਨਾ ਘਟਣ ਦੇਈਂ। ਜਿੰਨਾ ਤੇਰਾ ਵਧੀਆ ਕੰਮ ਹੈ, ਉਸ ਨੂੰ ਦੇਖ ਕੇ ਕਈਆਂ ਤੋਂ ਜਰਿਆ ਨਹੀਂ ਜਾ ਰਿਹਾ। ਸਾਨੂੰ ਮਾਣ ਹੈ ਕਿ ਸਾਡੀ ਇੰਡਸਟਰੀ 'ਚ ਇਕ ਹੋਰ ਸ਼ੁੱਭ ਆਇਆ।

ਜ਼ਿਕਰਯੋਗ ਹੈ ਕਿ ਸ਼ੁੱਭ ਦਾ ਅਸਲ ਨਾਮ ਸ਼ੁਭਨੀਤ ਸਿੰਘ ਹੈ। ਉਨ੍ਹਾਂ ਦੇ ਮਾਤਾ-ਪਿਤਾ ਪੇਸ਼ੇ ਤੋਂ ਅਧਿਆਪਕ ਹਨ। ਸ਼ੁਭ ਦੇ ਵੱਡੇ ਭਰਾ ਵੀ ਪੰਜਾਬੀ ਸਿਨੇਮਾ ਜਗਤ ਵਿਚ ਇੱਕ ਅਦਾਕਾਰ, ਐਂਕਰ ਅਤੇ ਗਾਇਕ ਵਜੋਂ ਮਕਬੂਲ ਹਨ। ਸ਼ੁਭ ਦਾ ਪਰਿਵਾਰ ਪਹਿਲਾਂ ਰੋਪੜ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿੱਚ ਰਹਿੰਦਾ ਸੀ, ਪਰ ਬਾਅਦ ਵਿੱਚ ਉਹ ਚੰਡੀਗੜ੍ਹ ਸ਼ਿਫ਼ਟ ਹੋ ਗਿਆ।

ਇਸ ਤੋਂ ਬਾਅਦ ਉੱਚ ਪੱਧਰੀ ਸਿੱਖਿਆ ਲਈ ਕੈਨੇਡਾ ਚਲੇ ਗਏ ਸਨ ਜਿੱਥੋਂ ਉਨ੍ਹਾਂ ਆਪਣੇ ਸੰਗੀਤਕ ਸਫ਼ਰ ਦੀ ਵੀ ਸ਼ੁਰੂਆਤ ਕੀਤੀ ਸੀ। ਇੱਕ ਨਿੱਜੀ ਯੂਟਿਊਬ ਚੈਨਲ 'ਤੇ ਸ਼ੁਭ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਵੱਡੇ ਭਰਾ ਨੇ ਕਿਹਾ ਸੀ, "ਸ਼ੁਭ ਸਿੱਧੂ (ਮੂਸੇਵਾਲਾ) ਨੂੰ ਸੁਣਦਾ ਰਿਹਾ ਹੈ, ਉਸ ਨੇ ਬਹੁਤ ਕੁਝ ਸਿੱਖਿਆ ਹੋਣਾ ਉਨ੍ਹਾਂ ਕੋਲੋਂ। ਨਵੀਂ ਪੀੜ੍ਹੀ ਹੈ ਤੇ ਨਵੀਂ ਵਾਈਬ ਹੈ।"

ਸਾਲ 2021 ਵਿਚ ਸ਼ੁਭ ਗੀਤ 'ਵੀ ਰੋਲਿੰਨ' ਤੋਂ ਚਰਚਾ ਵਿਚ ਆਏ ਸਨ। ਹਾਲਾਂਕਿ, ਇਸ ਤੋਂ ਬਾਅਦ 'ਏਲੀਵੇਟਡ' 'ਨੋ ਲਵ' ਵਰਗੇ ਕਈ ਗੀਤ ਗਾਏ ਹਨ। ਸ਼ੁੱਭ ਦਾ ਪਹਿਲਾ ਗਾਣਾ 17 ਸਤੰਬਰ 2021 ਨੂੰ ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਹੋਇਆ ਸੀ। ‘ਵੀ ਰੋਲਿਨ’ ਨਾਮ ਦੇ ਇਸ ਗੀਤ ਦਾ ਸਿਰਫ਼ ਆਡੀਓ ਹੀ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਇਸ ਗੀਤ ਨੂੰ 20 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਸ਼ੁਭ ਨੇ ਖ਼ੁਦ ਹੀ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ 2022 ਵਿਚ 'ਨੋ ਲਵ' ਸਿਰਲੇਖ ਹੇਠ ਵੀ ਗੀਤ ਆਇਆ ਸੀ।

ਸਿੰਗਲ ਗਾਣਿਆ ਨਾਲ ਸ਼ੁਰੂ ਹੋਇਆ ਸ਼ੁਭ ਦਾ ਸਫ਼ਰ ਕਈ ਗੀਤਾਂ ਰਾਹੀਂ ਆਪਣੀ ਪਛਾਣ ਛੱਡਦਾ ਗਿਆ ਅਤੇ ਪਹਿਲਾ ਗਾਣਾ ਆਉਣ ਤੋਂ ਲਗਭਗ ਦੋ ਸਾਲ ਬਾਅਦ 12 ਮਈ 2023 ਨੂੰ ਸ਼ੁਭ ਨੇ ਆਪਣੀ ਪੂਰੀ ਐਲਬਮ ‘ਸਟਿਲ ਰੋਲਿਨ’ ਦਾ ਐਲਾਨ ਕੀਤਾ ਜੋ ਕਿ 19 ਮਈ 2023 ਨੂੰ ਯੂ-ਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤੀ ਗਈ। ਇਸ ਐਲਬਮ ਵਿਚ ਛੇ ਗੀਤ ਹਨ।

ਹਾਲਾਂਕਿ, ਸ਼ੁੱਭ ਦੇ ਸਮੇਂ-ਸਮੇਂ 'ਤੇ ਕਈ ਗਾਣੇ ਸਰੋਤਿਆਂ ਨੂੰ ਕਾਫ਼ੀ ਪਸੰਦ ਵੀ ਆਏ ਹਨ। ਸ਼ੁਭ ਗਾਣੇ ਲਿਖਦੇ ਵੀ ਹਨ ਅਤੇ ਉਨ੍ਹਾਂ ਦਾ ਸੰਗੀਤ ਵੀ ਤਿਆਰ ਕਰਦੇ ਹਨ। ਇਸ ਦੇ ਨਾਲ ਸ਼ੁਭ ਰੈਪਰ ਵੀ ਹਨ। ਸ਼ੁਭ ਦੇ ਸਰੋਤਿਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਨੇ ਵੀ ਇੰਸਟਾਗ੍ਰਾਮ 'ਤੇ ਫਾਲੋਅ ਕਰਨਾ ਸ਼ੁਰੂ ਕਰ ਦਿੱਤਾ ਸੀ। 2022 ਵਿੱਚ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਲਿਖਿਆ ਸੀ, "ਅੱਜ ਕੱਲ੍ਹ ਮੇਰੇ ਪਸੰਦੀਦਾ ਗਾਇਕ ਸ਼ੁਭ ਹਨ।" 

ਹਾਲਾਂਕਿ, ਸ਼ੁਭ ਨਾਲ ਜੁੜੇ ਵਿਵਾਦ ਤੋਂ ਦਾਅਵਾ ਕੀਤਾ ਗਿਆ ਵਿਰਾਟ ਨੇ ਉਨ੍ਹਾਂ ਨੂੰ ਅਣਫਾਲੋ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬੀ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਨੇ ਇੱਕ ਵੀਡੀਓ ਵਿਚ ਸ਼ੁਭ ਦੀ ਤਾਰੀਫ਼ ਕੀਤੀ ਸੀ। ਜਿਸ ਵਿਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਸ਼ੁਭ, ਮੈਂ ਤੈਨੂੰ ਪਿਆਰ ਕਰਦਾ ਹਾਂ ਮੇਰੇ ਭਰਾ। ਸ਼ੁਭ, ਮੇਰੇ ਪਿਆਰੇ, ਤੁਸੀਂ ਭਵਿੱਖ ਹੋ। ਮੇਰੇ ਛੋਟੇ ਵੀਰ ਅੱਗੇ ਵਧਦੇ ਰਹੋ, ਚਮਕਦੇ ਰਹੋ।"