'ਬਾਬਾ ਨਾਨਕ ਦੁਨੀਆਂ ਤੇਰੀ' ਨਾਲ ਹੈਰਿਕ ਸਿੰਘ ਸਰੋਤਿਆਂ ਦੀ ਕਚਹਿਰੀ 'ਚ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

'ਬਾਬਾ ਨਾਨਕ ਦੁਨੀਆਂ ਤੇਰੀ' ਨਾਲ ਹੈਰਿਕ ਸਿੰਘ ਸਰੋਤਿਆਂ ਦੀ ਕਚਹਿਰੀ 'ਚ

Singer Harick Singh

ਚੰਡੀਗੜ੍ਹ (ਸ.ਸ.ਸ): ਪੰਜਾਬੀ ਗਾਇਕੀ ਦੇ ਉਭਰਦੇ ਸਿਤਾਰੇ ਹੈਰਿਕ ਸਿੰਘ ਨੇ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਜਨਮ ਦਿਹਾੜੇ ਮੌਕੇ ਆਪਣੇ ਸਰੋਤਿਆਂ ਦੀ ਝੋਲੀ ਵਿਚ ਇਕ ਸ਼ਬਦ ਪਾਇਆ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਤੋਂ ਦੂਰ ਰਹੀ ਦੁਨੀਆਂ ਦੀ ਸਥਿਤੀ ਨੂੰ ਹੈਰਿਕ ਸਿੰਘ ਨੇ ਆਪਣੀ ਆਵਾਜ਼ ਨਾਲ ਬਾਖ਼ੂਬੀ ਚਿਤਰਿਆ ਹੈ | ਸੁਰੀਲੀ ਆਵਾਜ਼ ਦੇ ਮਲਿਕ ਹੈਰਿਕ ਸਿੰਘ ਵੱਲੋ ਗਾਏ ਗਏ ਇਸ ਸ਼ਬਦ ਦਾ ਨਾਮ 'ਬਾਬਾ ਨਾਨਕ ਦੁਨੀਆਂ ਤੇਰੀ' ਹੈ | ਇਸ ਸ਼ਬਦ ਰਾਹੀਂ ਹੈਰਿਕ ਸਿੰਘ ਨੇ ਦੁਨੀਆ ਵਿਚ ਫੈਲੇ ਪਖੰਡਾਂ ਅਤੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਹੈ | ਆਪਣੇ ਇਸ ਗੀਤ ਰਾਹੀਂ ਪੰਜਾਬੀ ਗਾਇਕ ਨੇ ਲੋਕਾਂ ਨੂੰ  ਵਹਿਮ ਭਰਮਾਂ ਨੂੰ ਤਿਆਗ ਕੇ ਬਾਬਾ ਨਾਨਕ ਵੱਲੋਂ ਦੱਸੇ ਗਏ ਉਪਦੇਸ਼ਾਂ ਦੇ ਰਾਹ 'ਤੇ ਚੱਲ ਦਾ ਸੁਨੇਹਾ ਦਿੱਤਾ ਹੈ |

ਇਹ ਸ਼ਬਦ 22 ਨਵੰਬਰ ਨੂੰ 'ਵਾਹੋ ਐਂਟਰਟੇਨਰਸ' ਦੇ ਬੈਨਰ ਹੇਠਾਂ ਰੀਲੀਜ਼ ਹੋਇਆ ਹੈ |  'ਵਾਹੋ ਐਂਟਰਟੇਨਰਸ' ਦਾ ਵੀ ਇਹ ਪਹਿਲਾ ਪ੍ਰੋਜੈਕਟ ਹੈ | ਇਸ ਸ਼ਬਦ ਨੂੰ ਲਿਖਿਆ ਹੈ ਕਰਨ ਬਾਜਵਾ ਨੇ ਅਤੇ ਫੈਰੀ ਨੇ ਆਪਣੇ ਸੰਗੀਤ ਨਾਲ ਇਸ ਸ਼ਬਦ ਨੂੰ ਹੋਰ ਸ਼ਿੰਗਾਰਿਆ ਹੈ | ਯੂ-ਟਿਊਬ 'ਤੇ ਰੀਲੀਜ਼ ਹੋਏ ਇਸ ਸ਼ਬਦ ਨੂੰ ਲੋਕਾਂ ਵੱਲੋਂ ਬਹੁਤ ਵਾਹੋ-ਵਾਹੀ ਮਿਲ ਰਹੀ ਹੈ | ਦੱਸ ਦੇਈਏ ਕਿ ਹੈਰਿਕ ਸਿੰਘ ਨੇ  '14 ਤਾਰੀਕ', 'ਜੁੱਤੀ' ਅਤੇ 'ਕੋਕਾ ਕੋਲਾ ਵਰਗਾ' ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਏ ਹਨ ਅਤੇ ਉਨ੍ਹਾਂ ਦਾ ਅਗਲਾ ਗੀਤ 'ਯਾਰਾਂ ਦੀ ਸਪੋਟ' ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ | ਸਰੋਤਿਆਂ ਵੱਲੋਂ ਉਨ੍ਹਾਂ ਦੇ ਇਨ੍ਹਾਂ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ |