Singer Harman Sidhu Death News: ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ
ਦਹਾਕਾ ਪਹਿਲਾਂ ਉਹ 'ਪੇਪਰ ਤੇ ਪਿਆਰ' ਕੈਸੇਟ ਨਾਲ ਹੋਏ ਸਨ ਚਰਚਿਤ
Punjabi Singer Harman Sidhu Death: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਨੌਜਵਾਨ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ 40 ਸਾਲਾਂ ਦੇ ਸਨ। ਉਹ ਬੀਤੀ ਰਾਤ ਕਿਸੇ ਕੰਮ ਲਈ ਮਾਨਸਾ ਆਏ ਸਨ ਅਤੇ ਕੰਮ ਖ਼ਤਮ ਕਰਨ ਤੋਂ ਬਾਅਦ ਆਪਣੇ ਪਿੰਡ ਖਿਆਲਾ ਵਾਪਸ ਜਾ ਰਹੇ ਸਨ। ਇਸ ਦੌਰਾਨ ਕਾਰ ਟਰੱਕ ਨਾਲ ਟਕਰਾ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਹਰਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਰਮਨ ਸਿੱਧੂ ਮਿਸ ਪੂਜਾ ਦੇ ਨਾਲ 'ਪੇਪਰ ਜਾਂ ਪਿਆਰ' ਗੀਤ ਰਾਹੀਂ ਮਸ਼ਹੂਰ ਹੋਏ ਸਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ। ਅੱਜ ਵੀ ਉਨ੍ਹਾਂ ਦੇ ਗੀਤ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦਾ ਮਾਹੌਲ ਹੈ।
ਮ੍ਰਿਤਕ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਧੀ ਛੱਡ ਗਿਆ ਹੈ। ਉਸ ਦੇ ਪਿਤਾ ਦਾ ਵੀ ਡੇਢ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਵੱਲੋਂ ਗਾਏ ਕਈ ਗੀਤ ਖੂਬ ਸੁਰਖੀਆਂ ਵਿੱਚ ਰਹੇ। ਜਿਨ੍ਹਾਂ ਵਿਚੋਂ ਕੋਈ ਚੱਕਰ ਨਈ, ਬੇਬੇ ਬਾਪੂ, ਬੱਬਰ ਸ਼ੇਰ, Multan VS Russia ਸਣੇ ਹੋਰ ਕਈ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਲਿਖੇ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲਿਆ।