ਜਨਮਦਿਨ ਵਿਸ਼ੇਸ਼: ਅਣਗਿਣਤ ਜਜ਼ਬਾਤਾਂ ਦਾ ਸਮੁੰਦਰ ਸ਼ਿਵ ਕੁਮਾਰ ਬਟਾਲਵੀ
ਅਣਗਿਣਤ ਜਜ਼ਬਾਤਾਂ ਦਾ ਸਮੁੰਦਰ, ਉਹ ਸਮੁੰਦਰ ਜਿਸ ਵਿਚ ਜਿੰਨਾ ਵੀ ਢੂੰਘਾ ਉੱਤਰ ਜਾਓ, ਨਾ ਤਾਂ ਤੁਸੀਂ ਉਸਦੀ ਢੂੰਘਾਈ ਦਾ ਅੰਦਾਜ਼ਾ ਲਗਾ ਸਕੋਂਗੇ ....
ਅਣਗਿਣਤ ਜਜ਼ਬਾਤਾਂ ਦਾ ਸਮੁੰਦਰ, ਉਹ ਸਮੁੰਦਰ ਜਿਸ ਵਿਚ ਜਿੰਨਾ ਵੀ ਢੂੰਘਾ ਉੱਤਰ ਜਾਓ, ਨਾ ਤਾਂ ਤੁਸੀਂ ਉਸਦੀ ਢੂੰਘਾਈ ਦਾ ਅੰਦਾਜ਼ਾ ਲਗਾ ਸਕੋਂਗੇ ਤੇ ਨਾ ਹੀ ਉਸਦਾ ਆਦਿ-ਅੰਤ ਬੁਝ ਪਾਓਂਗੇ। ਪਰ ਇਸ ਸਮੁੰਦਰ ਦੀ ਠੰਡਕ ਤੇ ਸ਼ੀਤਲਤਾ ਦੇ ਅਹਿਸਾਸ ਨਾਲ ਜ਼ਰੂਰ ਤੁਸੀਂ ਆਪਣੇ ਰੋਮ ਰੋਮ ਨੂੰ ਖਿੜਾ ਸਕਦੇ ਓਂ। ਕਿਓਂਕਿ ਇਨ੍ਹਾਂ ਨੇ ਆਪਣੇ ਇਸ ਸਮੁੰਦਰ ਦੀਆਂ ਕੁਝ ਲਹਿਰਾਂ ਸਾਡੇ ਲਈ ਕਾਗਜ਼ਾਂ ਤੇ ਜੋ ਛੱਡ ਦਿੱਤੀਆਂ ਹਨ। 'ਤੇ ਇਹ ਲਹਿਰਾਂ ਸਿਰਫ ਬੋਲ ਨਾ ਹੁੰਦੇ ਹੋਏ ਦਿਲ ਨੂੰ ਕਿਸੇ ਫਰਿਸ਼ਤੇ ਦੀ ਛੋਹ ਵਾਂਗ ਜਾਪਦੇ ਹਨ। ਇਹ ਫਰਿਸ਼ਤਾ ਕੋਈ ਹੋਰ ਨਹੀਂ, ਖੁਦ ਸ਼ਿਵ ਕੁਮਾਰ ਬਟਾਲਵੀ ਹਨ।
ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਦੇ ਬੋਲਾਂ 'ਚੋਂ ਤੇ ਉਨ੍ਹਾਂ ਬੋਲਾਂ ਦੇ ਭਾਵਾਂ ਦੀ ਢੂੰਗਾਈ ਵਿਚ ਤੁਸੀਂ ਇਕ ਅਣਡਿਠਾ ਸਫ਼ਰ ਤੈਅ ਕਰ ਲੈਂਦੇ ਹੋ। ਅੱਜ ਵੀ ਇਨ੍ਹਾਂ ਦੇ ਬੋਲ ਕਈ ਦਿਲਾਂ ਨੂੰ ਧੜਕਣ ਲਾ ਜਾਂਦੇ ਨੇ। ਹੁਣ ਤੁਸੀਂ “ਉੜਤਾ ਪੰਜਾਬ” ਦੇ ਗੀਤ “ਇੱਕ ਕੁੜੀ” ਨੂੰ ਹੀ ਲੈਅ ਲਵੋ। ਇਸ ਗੀਤ ਵਿਚ ਭੱਟ ਦੇ ਚੇਹਰੇ ਦੀ ਮੁਸਕਾਨ ਤੇ ਮਾਸੂਮੀਅਤ ਤੋਂ ਲੈਕੇ ਹਰ ਭਾਵ ਸ਼ਿਵ ਦੇ ਬੋਲਾਂ ਨਾਲ ਪੂਰਾ ਨਿਯਾਏ ਕਰ ਰਿਹਾ ਹੈ। ਇੰਝ ਲੱਗ ਰਿਹਾ ਹੈ ਕਿ ਜਿੱਦਾਂ ਇਹ ਕਿਰਦਾਰ ਇਨ੍ਹਾਂ ਬੋਲਾਂ ਲਈ ਹੀ ਬਣਿਆ ਹੋਵੇ। ਇਹ ਗੀਤ ਸਭ ਦੀ ਜ਼ੁਬਾਨ ਉੱਤੇ ਚੜ੍ਹ ਗਿਆ ਸੀ, ਲੇਕਿਨ ਇਸਨੂੰ ਲਿਖਣ ਵਾਲਾ ਕੋਈ ਅਜੋਕਾ ਗੀਤਕਾਰ ਨਹੀਂ ਸਗੋਂ ਪੰਜਾਬੀ ਦੇ ਵੱਡੇ ਸ਼ਾਇਰ ਅਤੇ ਕਵੀ ਸ਼ਿਵ ਕੁਮਾਰ ਬਟਾਲਵੀ ਸਨ।
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1937 ਨੂੰ ਸਿਆਲਕੋਟ ਦੇ ਬਾਰਾਪਿੰਡ ਵਿੱਚ ਹੋਇਆ। ਇਹ ਇਲਾਕਾ ਹੁਣ ਪਾਕਿਸਤਾਨ ਵਿਚ ਹੈ। ਹਿੰਦੁਸਤਾਨ 'ਤੇ ਪਾਕਿਸਤਾਨ ਦਾ ਜਦੋਂ ਤਕਸੀਮ ਹੋਇਆ ਤਾਂ ਉਨ੍ਹਾਂ ਦੀ ਉਮਰ ਸਿਰਫ਼ 11 ਸਾਲ ਦੀ ਸੀ। ਪਰ ਉਹ ਪਾਕਿਸਤਾਨ ਛੱਡ ਪੰਜਾਬ ਦੇ ਗੁਰਦਾਸਪੁਰ ਵਿਚ ਬਟਾਲਾ ਆ ਗਏ। ਉਨ੍ਹਾਂ ਦੀ ਇਕ ਤੋਂ ਵਧਕੇ ਇਕ ਸ਼ਾਇਰੀਆਂ ਹਨ ਜਿਨ੍ਹਾਂ ਵਿਚ ਯਾਰਿਆ ਰਬ ਕਰਕੇ, ਗਮਾਂ ਦਿੱਤੀ ਰਾਤ, ਕਿ ਪੁਛਦੇ ਓ ਸ਼ਾਮਿਲ ਹਨ। ਲੇਕਿਨ ਉਨ੍ਹਾਂ ਨੂੰ ਨੇਸ਼ਨਲ ਅਤੇ ਇੰਟਰਨੇਸ਼ਨਲ ਪੱਧਰ ਉੱਤੇ 1965 ਵਿੱਚ ਉਨ੍ਹਾਂ ਦੇ ਕਵਿਤਾ ਡਰਾਮਾ ‘ਲੂਣਾ’ ਤੋਂ ਕਾਫ਼ੀ ਪਹਿਚਾਣ ਮਿਲੀ। ਇਸਦੇ ਲਈ ਉਨ੍ਹਾਂ ਨੂੰ 1967 ਵਿਚ ਸਾਹਿਤ ਅਕਾਦਮੀ ਅਵਾਰਡ ਮਿਲਿਆ। ਇਹ ਅਵਾਰਡ ਵਾਲੇ ਪਾਉਣ ਵਾਲੇ ਸ਼ਿਵ ਸਭ ਤੋਂ ਘੱਟ ਉਮਰ ਦੇ ਸ਼ਖਸ ਬਣੇ।
ਬਟਾਲਵੀ ਦੀਆਂ ਨਜ਼ਮਾਂ ਨੂੰ ਸਭ ਤੋਂ ਪਹਿਲਾਂ ਨੁਸਰਤ ਫ਼ਤੇਹ ਅਲੀ ਖ਼ਾਨ ਨੇ ਆਪਣੀ ਅਵਾਜ ਦਿੱਤੀ। ਖ਼ਾਨ ਸਾਹਿਬ ਨੇ ਉਨ੍ਹਾਂ ਦੀ ਕਵਿਤਾ "ਮਾਏ ਨੀ ਮਾਏ" ਨੂੰ ਗਾਇਆ ਸੀ। ਇਸਤੋਂ ਬਾਅਦ ਤਾਂ ਜਗਜੀਤ ਸਿੰਘ - ਚਿਤਰਾ ਸਿੰਘ, ਰਬੀ ਸ਼ੇਰਗਿਲ, ਹੰਸ ਰਾਜ ਹੰਸ, ਦੀਦਾਰ ਸਿੰਘ ਪਰਦੇਸੀ 'ਤੇ ਸੁਰਿੰਦਰ ਕੌਰ ਵਰਗੇ ਕਈ ਗਾਇਕਾਂ ਨੇ ਬਟਾਲਵੀ ਦੀਆਂ ਕਵਿਤਾਵਾਂ ਗਾਈਆਂ। ਪੰਜਾਬੀ ਸ਼ਾਇਰ ਬਟਾਲਵੀ ਉਨ੍ਹਾਂ ਕੁਝ ਉਸਤਾਦਾਂ ਵਿੱਚ ਗਿਣੇ ਜਾਂਦੇ ਹਨ ਜਿਨ੍ਹਾਂ ਦਾ ਨਾਮ ਇੰਡੋ - ਪਾਕ ਬਾਰਡਰ ਉੱਤੇ ਕਾਫ਼ੀ ਪ੍ਰਸਿੱਧ ਹੈ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਅਜਿਹੇ ਕਵੀ ਹਨ ਜਿਨ੍ਹਾਂ ਦਾ ਪੂਰਾ ਕਲਾਮ ਪਾਕਿਸਤਾਨ ਵਿਚ ਵੀ ਛਪਿਆ ਹੈ।
ਬਟਾਲਵੀ ਨੇ ਕਾਫ਼ੀ ਘੱਟ ਸਮੇਂ ਵਿਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕੀਤੀ। ਸਿਰਫ਼ 36 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪਰ ਅੱਜ ਵੀ ਉਹ ਜ਼ਿੰਦਾ ਹਨ। ਅਕਸਰ ਸਾਨੂੰ ਮਿਲ ਜਾਂਦੇ ਹਨ। ਕਦੇ ਕਿਸੇ ਸ਼ਾਇਰ ਦੇ ਖ਼ਿਆਲ 'ਚ, ਕਦੇ ਕਿਸੇ ਦੇ ਸੁਲਫ਼ੀ ਹਾਸੇ ਦੀ ਤਾਲ 'ਚ। ਕਦੇ ਕਿਸੇ ਝਰਨੇ ਦੇ ਸੁਰਾਂ 'ਚ...ਕਦੇ ਪਰੀਆਂ ਤੇ ਹੂਰਾਂ 'ਚ। ਕਦੇ ਜ਼ਿੰਦਗੀ ਦੇ ਅਣਡਿੱਠੇ ਰੰਗਾਂ 'ਚ, ਕਦੇ ਬਿਰਹਾ ਤੇ ਕਦੇ ਸੰਗਾਂ 'ਚ।