Mohammed Rafi: ਪੰਜਾਬ ’ਚ ਬਣੇਗੀ ਮਸ਼ਹੂਰ ਗਾਇਕ ਮੁਹੰਮਦ ਰਫ਼ੀ ਦੀ ਯਾਦਗਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

100ਵੇਂ ਜਨਮਦਿਨ ਮੌਕੇ ਬਣਾਇਆ ਜਾ ਰਿਹੈ 100 ਫ਼ੁੱਟ ਉੱਚਾ ‘ਰਫੀ ਮੀਨਾਰ’

Mohammed Rafi

ਮੁਹੰਮਦ ਰਫ਼ੀ ਦੇ ਜਨਮਸਥਾਨ ਅਮ੍ਰਿਤਸਰ ਨੇੜਲੇ ਪਿੰਡ ਕੋਟਲਾ ਸੁਲਤਾਨ ਸਿੰਘ ’ਚ ਬਣੇਗੀ ਯਾਦਗਾਰ

ਮੁੰਬਈ : ਮਸ਼ਹੂਰ ਗਾਇਕ ਮੁਹੰਮਦ ਰਫੀ ਦੇ ਜਨਮ ਸ਼ਤਾਬਦੀ ਸਮਾਰੋਹਾਂ ਲਈ ਮੁੰਬਈ ’ਚ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ’ਚ ਉਨ੍ਹਾਂ ਦੇ ਜਨਮ ਸਥਾਨ ’ਤੇ 100 ਫੁੱਟ ਉੱਚਾ ‘ਰਫੀ ਮੀਨਾਰ’ ਬਣਾਇਆ ਜਾ ਰਿਹਾ ਹੈ। ਮੁੱਖ ਸਮਾਗਮ ਐਤਵਾਰ ਨੂੰ ਸ਼ਨਮੁਖਾਨੰਦ ਹਾਲ ਵਿਖੇ ਵਰਲਡ ਆਫ ਮੁਹੰਮਦ ਰਫੀ ਵੈਲਫੇਅਰ ਫਾਊਂਡੇਸ਼ਨ ਅਤੇ ਸ਼੍ਰੀ ਸ਼ਨਮੁਖਾਨੰਦ ਫਾਈਨ ਆਰਟਸ ਐਂਡ ਮਿਊਜ਼ਿਕ ਸਭਾ (ਐਸ.ਐਸ.ਐਫ.ਏ.ਐਸ.) ਦੇ ਸਹਿਯੋਗ ਨਾਲ ਕੀਤਾ ਜਾਵੇਗਾ, ਜਿਸ ਦਾ ਅੰਤ 24 ਦਸੰਬਰ, 2024 (24 ਦਸੰਬਰ, 1924 - 31 ਜੁਲਾਈ, 1980) ਨੂੰ ਰਫੀ ਦੇ 100ਵੇਂ ਜਨਮਦਿਨ ’ਤੇ ਇਕ ਵਿਸ਼ਾਲ ਸੰਗੀਤਕ ਸਮਾਰੋਹ ਨਾਲ ਹੋਵੇਗਾ। 

ਫ਼ਾਊਂਡੇਸ਼ਨ ਦੇ ਸੰਸਥਾਪਕ-ਨਿਰਦੇਸ਼ਕ ਐਨ.ਆਰ. ਵੈਂਕਿਤਾਚਲਮ ਨੇ ਕਿਹਾ ਦਸਿਆ, ‘‘ਸ਼ਤਾਬਦੀ ਸਾਲ ’ਚ ਹਰ ਕੈਲੰਡਰ ਮਹੀਨੇ ਦੀ 24 ਤਰੀਕ ਨੂੰ 12 ਵਿਸ਼ੇਸ਼ ਸੰਗੀਤ ਸਮਾਰੋਹ ਹੋਣਗੇ, ਜਿਸ ’ਚ ਸਿਰਫ ਮੁਹੰਮਦ ਰਫੀ ਦੇ ਗੀਤ ਹੋਣਗੇ। ਅਸੀਂ ਭਾਰਤ ਭਰ ਦੇ ਲੋਕਾਂ ਨੂੰ ਪ੍ਰਸਿੱਧ ‘ਰਫੀ ਸਪੈਸ਼ਲ’ ਪੇਸ਼ ਕਰਨ ਅਤੇ ਰਫੀ ਜੀ ਦੀਆਂ ਯਾਦਾਂ ਨੂੰ ਜਿਊਂਦਾ ਕਰਨ ਲਈ ਸੱਦਾ ਦੇਵਾਂਗੇ।’’ ਸ਼ਨਮੁਖਾਨੰਦ ਹਾਲ ਦੇ ਦਰਸ਼ਕਾਂ ਤੋਂ ਇਲਾਵਾ, ਸਾਰੇ ਸ਼ੋਅ ਦੁਨੀਆ ਭਰ ’ਚ ਰਫੀ ਦੇ ਪ੍ਰਸ਼ੰਸਕਾਂ ਲਈ ਯੂ-ਟਿਊਬ ’ਤੇ ਲਾਈਵ-ਸਟ੍ਰੀਮ ਕੀਤੇ ਜਾਣਗੇ।

ਕਿਸੇ ਵੀ ਗਾਇਕ ਲਈ ਇਕ ਵਿਲੱਖਣ ਪਹਿਲ ਕਦਮੀ ਕਰਦਿਆਂ, ਐਸ.ਐਸ.ਐਫ.ਏ.ਐਸ.ਐਸ. ਅਤੇ ਫ਼ੈਡਰੇਸ਼ਨ ਪੰਜਾਬ ਦੇ ਅੰਮ੍ਰਿਤਸਰ ਨੇੜੇ ਕੋਟਲਾ ਸੁਲਤਾਨ ਸਿੰਘ ਪਿੰਡ ’ਚ ਮੁਹੰਮਦ ਰਫੀ ਦੀ ਯਾਦ ’ਚ 100 ਫੁੱਟ (30.5 ਮੀਟਰ) ਉੱਚਾ ‘ਰਫੀ ਮੀਨਾਰ’ (ਬੁਰਜ) ਬਣਾ ਰਹੇ ਹਨ। ਵੈਂਕੀਚਲਮ ਨੇ ਕਿਹਾ, ‘‘ਰਫੀ ਮੀਨਾਰ ਸਟੀਲ ਦਾ ਬਣਿਆ ਹੋਵੇਗਾ, ਜਿਸ ’ਤੇ ਰਫੀ ਜੀ ਦੇ 100 ਚੋਟੀ ਦੇ ਗੀਤ ਉਕੇਰੇ ਜਾਣਗੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀ ਗਾਇਕੀ ਰਾਹੀਂ ਮਨੁੱਖੀ ਜੀਵਨ ਨੂੰ ਅਮੀਰ ਬਣਾਉਣ ’ਚ ਉਨ੍ਹਾਂ ਦੇ ਕੀਮਤੀ ਯੋਗਦਾਨ ਦੀ ਯਾਦ ਦਿਵਾਈ ਜਾ ਸਕੇ। ਸਿਖਰ ’ਤੇ ਭਾਰਤੀ ਝੰਡਾ ਮਾਣ ਨਾਲ ਲਹਿਰਾਏਗਾ। ਯਾਦਗਾਰ 2024 ਦੇ ਪਹਿਲੇ ਅੱਧ ’ਚ ਤਿਆਰ ਹੋ ਜਾਵੇਗੀ।’’

ਇਸ ਤੋਂ ਇਲਾਵਾ ਫ਼ਾਊਂਡੇ਼ਸਨ ਨੇ ਇਕ ਨੌਜਵਾਨ ਸੰਗੀਤਕਾਰ ਲਈ ‘ਸ਼੍ਰੀ ਸ਼ਨਮੁਖਾਨੰਦ ਮੁਹੰਮਦ ਰਫੀ ਸ਼ਤਾਬਦੀ ਯਾਦਗਾਰੀ ਪੁਰਸਕਾਰ’ ਦੀ ਸਥਾਪਨਾ ਕੀਤੀ ਹੈ ਜਿਸ ’ਚ ਹਰ ਸਾਲ 5 ਲੱਖ ਰੁਪਏ ਦਾ ਨਕਦ ਇਨਾਮ, ਇਕ ਟਰਾਫੀ ਅਤੇ ਮਹਾਨ ਗਾਇਕ ਦੀ ਜਨਮ ਵਰ੍ਹੇਗੰਢ (24 ਦਸੰਬਰ) ’ਤੇ ਸ਼ਨਮੁਖਾਨੰਦ ਹਾਲ ’ਚ ਇਕ ਲਾਈਵ ਸੰਗੀਤ ਸਮਾਰੋਹ ਸ਼ਾਮਲ ਹੈ। 

ਆਰਗੇਨਾਈਜ਼ਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮੁਹੰਮਦ ਰਫੀ ਸ਼ਤਾਬਦੀ ਲਈ 100 ਰੁਪਏ ਦਾ ਯਾਦਗਾਰੀ ਸਿੱਕਾ, ਇੰਡੀਆ ਪੋਸਟ ਵਲੋਂ 5 ਰੁਪਏ ਦਾ ਡਾਕ ਟਿਕਟ, ਮਹਾਰਾਸ਼ਟਰ ਡਾਕ ਸਰਕਲ ਰਾਹੀਂ ਇਕ ਵਿਸ਼ੇਸ਼ ਕਵਰ ਅਤੇ ਪੋਸਟਕਾਰਡ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਰਾਜ ਅਤੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਗਾਇਕ ਦੀ ਕਰਮਭੂਮੀ ਮੁੰਬਈ ਵਿਖੇ ਸਥਾਈ ਯਾਦਗਾਰ ਲਈ ਜ਼ਮੀਨ ਅਲਾਟ ਕਰਨ।