ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਫ਼ਿਲਮ "ਆਟੇ ਦੀ ਚਿੜੀ" ਦਾ ਟ੍ਰੇਲਰ ਪਾ ਰਿਹਾ ਹੈ ਧੂੰਮਾਂ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਫ਼ਿਲਮਾਂ ਦੇ ਟ੍ਰੇਲਰ ਪੂਰੀ ਕਹਾਣੀ ਦੀ ਛੋਟੀ ਜਿਹੀ ਝਲਕ ਦਿਖਾ ਦੇਂਦੇ ਨੇ ਅਤੇ ਫ਼ਿਲਮਾਂ ਦੀ ਕਿਸਮਤ ਚਮਕਾਉਣ ਵਿਚ ਇਸ ਗੱਲ ਦੀ ਖ਼ਾਸੀ ਅਹਿਮੀਅਤ ਹੁੰਦੀ ਹੈ.......

Aate Di Chidi

ਫ਼ਿਲਮਾਂ ਦੇ ਟ੍ਰੇਲਰ ਪੂਰੀ ਕਹਾਣੀ ਦੀ ਛੋਟੀ ਜਿਹੀ ਝਲਕ ਦਿਖਾ ਦੇਂਦੇ ਨੇ ਅਤੇ ਫ਼ਿਲਮਾਂ ਦੀ ਕਿਸਮਤ ਚਮਕਾਉਣ ਵਿਚ ਇਸ ਗੱਲ ਦੀ ਖ਼ਾਸੀ ਅਹਿਮੀਅਤ ਹੁੰਦੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ਵੀ ਮੁੰਬਈ ਦੀ ਮਾਇਆਨਗਰੀ ਵਾਂਗ ਹੀ ਫ਼ਿਲਮਾਂ ਦੇ ਟ੍ਰੇਲਰ ਵਿਖਾ ਕੇ ਦਰਸ਼ਕਾਂ ਦੀ ਉਤਸੁਕਤਾ ਵਧਾਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਫ਼ਿਲਮ ਨਿਰਮਾਤਾ ਇਹਨਾਂ ਟ੍ਰੇਲਰਾਂ ਨੂੰ ਬਣਾਉਣ ਵਿਚ ਮਿਹਨਤ ਅਤੇ ਪੈਸੇ ਦੋਵੇਂ ਖਰਚ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਅਤੇ ਸ਼ੁਰੂ ਤੋਂ ਹੀ ਦਰਸ਼ਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿਚ ਜੁਟੇ ਰਹਿੰਦੇ ਹਨ। 

ਤੇ ਹੁਣ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ, ਜਿਹਨਾਂ ਦੀ ਬੇਸਬਰੀ ਨਾਲ ਉਡੀਕੀ ਜਾਣ ਵਾਲੀ ਫ਼ਿਲਮ 'ਆਟੇ ਦੀ ਚਿੜੀ' ਦਾ ਟ੍ਰੇਲਰ ਰਿਲੀਜ਼ ਹੋਇਆ। ਕਹਿਣ ਦੀ ਲੋੜ ਨਹੀਂ ਕਿ ਇਹ ਫ਼ਿਲਮ ਇੱਕ ਬਲਾਕਬਸਟਰ ਹੋਣ ਦੇ ਸਾਰੇ ਗੁਣ ਰੱਖਦੀ ਹੈ। ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਜੋ ਪਹਿਲੀ ਵਾਰ ਪਰਦੇ 'ਤੇ ਦਿੱਸੇਗੀ। 

ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫ਼ਿਲਮ ਵਿਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਦਾਕਾਰ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਅਤੇ ਅਨਮੋਲ ਵਰਮਾ। ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿੜੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ।

ਫ਼ਿਲਮ ਦੀ ਮੁੱਖ ਅਦਾਕਾਰਾ, ਨੀਰੂ ਬਾਜਵਾ ਟ੍ਰੇਲਰ ਦੇ ਲੌਂਚ ਤੇ  ਬਹੁਤ ਹੀ ਉਤਸਾਹਿਤ ਸੀ ਅਤੇ ਉਹਨਾਂ ਨੇ ਕਿਹਾ "ਮੈਂ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਕੋਈ ਫ਼ਿਲਮ ਪੰਜਾਬ ਅਤੇ ਪੰਜਾਬੀਅਤ ਨਾਲ ਇੰਨੀ ਜੁੜੀ ਹੋਈ ਹੈ। ਆਟੇ ਦੀ ਚਿੜੀ ਮੇਰੇ ਲਈ ਕੁਝ ਸਿੱਖਣ ਵਾਲਾ ਅਤੇ ਅੱਖਾਂ ਖੋਲਣ ਵਾਲਾ ਤਜ਼ੁਰਬਾ ਰਿਹਾ। ਮੈਂ ਆਪਣੀ ਮਾਤ ਭੂਮੀ ਤੋਂ ਦੂਰ ਰਹਿੰਦੀ ਹਾਂ। ਕਨੇਡਾ ਬਹੁਤ ਸਮੇਂ ਤੋਂ ਮੇਰਾ ਘਰ ਰਿਹਾ ਹੈ ਅਤੇ ਇਸ ਫ਼ਿਲਮ ਦੀ ਕਹਾਣੀ ਸੱਚਾਈ ਦੇ ਬਹੁਤ ਕਰੀਬ ਲੱਗੀ। ਹੁਣ ਅਸਲ ਵਿੱਚ ਪੁੱਠੀ ਗਿਣਤੀ ਸ਼ੁਰੂ ਹੋਈ ਹੈ। ਲੋਕਾਂ ਨੇ ਟ੍ਰੇਲਰ ਦੇਖਿਆ ਅਤੇ ਰੱਜ ਕੇ ਤਾਰੀਫ਼ ਕੀਤੀ। ਮੈਂ ਉਮੀਦ ਕਰਦੀ ਹਾਂ ਕਿ ਲੋਕ ਫ਼ਿਲਮ ਨੂੰ ਵੀ ਇਸੇ ਤਰ੍ਹਾਂ ਹੀ ਪਿਆਰ ਦੇਣਗੇ।"

ਪੰਜਾਬੀ ਇੰਡਸਟ੍ਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਨੇ ਦੱਸਿਆ, "ਮੈਂ ਫ਼ਿਲਮ ਨੂੰ ਲੈਕੇ ਘੋਸ਼ਣਾ ਵੇਲੇ ਤੋਂ ਹੀ ਉਤਸਾਹਿਤ ਹਾਂ। ਪਰ ਜਿਵੇਂ ਜਿਵੇਂ ਫ਼ਿਲਮ ਦੀ ਰਿਲੀਜ਼ ਦੀ ਤਰੀਕ ਨੇੜੇ ਆ ਰਹੀ ਹੈ ਮੈਂ ਥੋੜਾ ਬੇਚੈਨ ਵੀ ਹੋ ਰਿਹਾ ਹਾਂ। ਮੈਂ ਵੇਖਣਾ ਚਾਹੁੰਦਾ ਹਾਂ ਕਿ ਲੋਕਾਂ ਦੀ ਮੇਰੇ ਕਿਰਦਾਰ ਨੂੰ ਲੈਕੇ ਕੀ ਪ੍ਰਤੀਕਿਰਿਆ ਰਹੇਗੀ, ਮੈਂ ਉਹਦੇ ਨਾਲ ਇਨਸਾਫ਼ ਕੀਤਾ ਹੈ ਜਾਂ ਨਹੀਂ। ਪਰ ਜਿਸ ਤਰਾਂ ਟ੍ਰੇਲਰ ਨੂੰ ਲੋਕਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ ਉਸਨੂੰ ਵੇਖਕੇ ਮੈਂ ਉਮੀਦ ਕਰਦਾ ਹਾਂ ਕਿ ਅਸੀ ਇੱਕ ਹਿੱਟ ਟੀਮ ਸਾਬਿਤ ਹੋਵਾਂਗੇ। ਮੈਂ ਬਸ ਇਹੀ ਚਾਹੁੰਦਾ ਹਾਂ ਕਿ ਸਾਰੇ ਇਸਨੂੰ ਪਸੰਦ ਕਰਨ।"

ਇਸ ਟੀਮ ਦੇ ਕਪਤਾਨ, ਫ਼ਿਲਮ ਦੇ ਨਿਰਦੇਸ਼ਕ ਹੈਰੀ ਭੱਟੀ ਨੇ ਕਿਹਾ, "ਸ਼ੁਰੂ ਤੋਂ ਹੁਣ ਤੱਕ ਇਹ ਇੱਕ ਲੰਮਾ ਸਫ਼ਰ ਰਿਹਾ ਹੈ। ਅਤੇ ਅਸੀ ਸਾਰਿਆਂ ਨੇ ਇਸ ਪ੍ਰੋਜੈਕਟ ਤੇ ਬਹੁਤ ਮਿਹਨਤ ਕੀਤੀ ਹੈ। ਅਤੇ ਜਦੋਂ ਸਾਡਾ ਕੰਮ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ ਅਤੇ ਪਿਆਰ ਮਿਲਦਾ ਹੈ ਤਾਂ ਇੰਝ ਲਗਦਾ ਹੈ ਜਿਵੇਂ ਮੇਹਨਤ ਸਫ਼ਲ ਹੋ ਗਈ। ਇੰਨੀ ਉੱਤਮ ਟੀਮ ਅਤੇ ਤਜ਼ੁਰਬੇਕਾਰ ਕਲਾਕਾਰਾਂ ਨਾਲ ਕੰਮ ਕਰਨਾ ਬਹੁਤ ਹੀ ਬੇਮਿਸਾਲ ਤਜ਼ੁਰਬਾ ਰਿਹਾ।"

ਚਰਨਜੀਤ ਸਿੰਘ ਵਾਲੀਆ, ਫਿਲਮ ਦੇ ਨਿਰਮਾਤਾ ਨੇ ਕਿਹਾ, "ਇਸ ਫ਼ਿਲਮ ਬਾਰੇ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਸਾਡਾ ਡ੍ਰੀਮ ਪ੍ਰੋਜੈਕਟ ਹੈ। ਸਾਰਿਆਂ ਨੇ ਇਸ ਫ਼ਿਲਮ ਤੇ ਬਹੁਤ ਮਿਹਨਤ ਕੀਤੀ ਹੈ। ਹੁਣ ਇਹ ਦਰਸ਼ਕਾਂ ਉੱਤੇ ਹੈ ਕਿ ਉਹ ਇਸਨੂੰ ਕਿਸ ਤਰਾਂ ਕਬੂਲ ਕਰਨਗੇ। ਸਾਨੂੰ ਤਾਂ ਬੇਹਤਰੀਨ ਦੀ ਉਮੀਦ ਹੈ।" ਆਟੇ ਦੀ ਚਿੜੀ ਦਾ ਵਰਲਡ-ਵਾਈਡ ਡਿਸਟ੍ਰਿਬ੍ਯੂਸ਼ਨ ਮੁਨੀਸ਼ ਸਾਹਨੀ ਦਾ ਓਮ ਜੀ ਗਰੁੱਪ ਕਰੇਗਾ। ਇਹ ਫ਼ਿਲਮ 19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।"